Breaking
www.sursaanjh.com > ਅੰਤਰਰਾਸ਼ਟਰੀ > ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਮੁਹਾਲੀ ਇਕਾਈ ਦਾ ਗਠਨ – ਪ੍ਰੋ. ਸੁਰਜੀਤ ਜੱਜ

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਮੁਹਾਲੀ ਇਕਾਈ ਦਾ ਗਠਨ – ਪ੍ਰੋ. ਸੁਰਜੀਤ ਜੱਜ

ਚੰਡੀਗੜ੍ਹ (ਸੁਰਜੀਤ ਸੁਮਨ), 8 ਜੁਲਾਈ:

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇੱਕ ਅਹਿਮ ਬੈਠਕ ਸੰਸਥਾ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਤੇ ਪੰਜਾਬੀ ਦੇ ਸੀਨੀਅਰ ਲੇਖਕ ਗੁਰਨਾਮ ਸਿੰਘ ਕੰਵਰ ਦੀ ਅਗਵਾਈ ਹੇਠ ਹੋਈ, ਜਿਸ ਬੈਠਕ ਦੀ ਪ੍ਰਧਾਨਗੀ ਸੰਸਥਾ ਦੇ ਸੂਬਾ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕੀਤੀ। ਮੀਟਿੰਗ ਵਿੱਚ ਜ਼ਿਲ੍ਹਾ ਮੁਹਾਲੀ ਦੇ ਕਰੀਬ 20 ਲੇਖਕਾਂ ਨੇ ਸ਼ਮੂਲੀਅਤ ਕੀਤੀ। ਲੇਖਕ ਸੰਘ ਦੇ ਸੂਬਾ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਸ ਬੈਠਕ ਵਿੱਚ ਲੇਖਕ ਸੰਘ ਦੇ ਇਤਿਹਾਸ ਅਤੇ ਵਰਤਮਾਨ ਸਮੇਂ ਵਿੱਚ ਉਸ ਦੀ ਪ੍ਰਸੰਗਿਕਤਾ ਬਾਰੇ ਗਹਿਰੀ ਚਰਚਾ ਹੋਈ। ਇਹ ਮਹਿਸੂਸ ਕੀਤਾ ਗਿਆ ਕਿ ਜਿਸ ਤਰ੍ਹਾਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਂ ਲੇਖਕਾਂ ਅਤੇ ਚਿੰਤਕਾਂ ਨੇ ਇਕੱਠੇ ਹੋ ਕੇ ਸਾਮਰਾਜਵਾਦੀ ਜੰਗਾਂ ਅਤੇ ਸ਼ੋਸ਼ਣ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਅੱਜ ਵੀ ਲੋੜ ਹੈ ਕਿ ਲੇਖਕ ਸਾਂਝੇ ਪਲੇਟਫਾਰਮਾਂ ‘ਤੇ ਇਕੱਠੇ ਹੋਣ ਅਤੇ ਸਾਮਰਾਜਵਾਦੀ ਤੇ ਕਾਰਪੋਰੇਟ ਤਾਕਤਾਂ ਦਾ ਡਟ ਕੇ ਵਿਰੋਧ ਕਰਨ ਤਾਂ ਜੋ ਸੰਸਾਰ ਨੂੰ ਸ਼ੋਸ਼ਣ, ਜੰਗਾਂ ਅਤੇ ਵਾਤਾਵਰਨੀ ਸੰਕਟ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਮੁਹਾਲੀ ਇਕਾਈ ਦੀ ਚੋਣ ਕਰਦਿਆਂ ਸਵਰਗਵਾਸੀ ਤੇਰਾ ਸਿੰਘ ਚੰਨ ਦੀ ਅਮੀਰ ਸਾਹਿਤਕ ਪਰੰਪਰਾ ਨੂੰ ਅੱਗੇ ਵਧਾਉਣ ਵਾਲੀ ਚਿੰਤਕ ਪ੍ਰੋ. ਅਮੀਰ ਸੁਲਤਾਨਾ ਨੂੰ ਪ੍ਰਧਾਨ, ਪ੍ਰਸਿੱਧ ਸਾਹਿਤਕਾਰ ਡਾ. ਸਰਬਜੀਤ ਕੌਰ ਸੋਹਲ ਤੇ ਹਰਨਾਮ ਸਿੰਘ ਡੱਲਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜਨਰਲ ਸਕੱਤਰ ਦੀ ਜ਼ਿੰਮੇਵਾਰੀ ਰਿਟਾਇਰਡ ਪ੍ਰਿੰਸੀਪਲ ਤੇ ਆਲੋਚਕ ਡਾ. ਬਲਵਿੰਦਰ ਸਿੰਘ ਨੂੰ ਸੌਂਪੀ ਗਈ। ਸੁਰਜੀਤ ਸੁਮਨ ਅਤੇ ਰੰਜੀਵਨ ਸਿੰਘ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ, ਜਦਕਿ ਸ਼ਾਇਰ ਜੈਪਾਲ ਤੇ ਭੁਪਿੰਦਰ ਬੇਕਸ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਪੰਜਾਬੀ ਦੇ ਉੱਘੇ ਸ਼ਾਇਰਾਂ ਸੁਰਿੰਦਰ ਗਿੱਲ, ਗੁਰਨਾਮ ਕੰਵਰ ਅਤੇ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਨੂੰ ਸਰਪਰਸਤ ਬਣਾਇਆ ਗਿਆ। ਪ੍ਰਸਿੱਧ ਨਾਟਕਕਾਰ ਸਵਰਾਜਬੀਰ, ਉੱਘੇ ਚਿੰਤਕ ਡਾ. ਸਰਬਜੀਤ ਸਿੰਘ ਅਤੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ, ਮੁਹਾਲੀ, ਡਾ. ਦਵਿੰਦਰ ਸਿੰਘ ਨੂੰ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੁਣੀ ਹੋਈ ਟੀਮ ਨੂੰ ਵਧਾਈ ਦਿੰਦਿਆਂ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਆਸ ਹੈ ਕਿ ਜ਼ਿਲ੍ਹਾ ਮੁਹਾਲੀ ਦੀ ਇਹ ਟੀਮ ਲੇਖਕ ਦੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਆਮ ਲੋਕਾਂ ਦੇ ਹੱਕਾਂ ਦੀ ਬੁਲੰਦ ਆਵਾਜ਼ ਬਣੇਗੀ ਅਤੇ ਆਪਣੇ ਵਿਚਾਰਾਂ ਅਤੇ ਕਾਰਜਾਂ ਵਿੱਚ ਪ੍ਰਗਤੀਸ਼ੀਲ ਮੁੱਲਾਂ ਨੂੰ ਕਾਇਮ ਰੱਖੇਗੀ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਪ੍ਰਗਤੀਸ਼ੀਲ ਲੇਖਕ ਸੰਘ ਨੇ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਕਿ ਇੱਕੋ ਜਿਹੀ ਸੋਚ ਵਾਲੀਆਂ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਜਥੇਬੰਦੀਆਂ ਸਾਂਝੇ ਮੰਚਾਂ ‘ਤੇ ਮਿਲ ਕੇ ਸਾਂਝੇ ਏਜੰਡਿਆਂ ਅਧੀਨ ਕੰਮ ਕਰਨ, ਤਾਂ ਜੋ ਅਮਾਨਵੀ ਅਤੇ ਲੋਕ-ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਗੁਰਨਾਮ ਸਿੰਘ ਕੰਵਰ ਨੇ ਪੰਜਾਬੀ ਦੇ ਉੱਘੇ ਲੇਖਕ ਰਿਪੁਦਮਨ ਸਿੰਘ ਰੂਪ, ਪ੍ਰਸਿੱਧ ਲੋਕ ਕਲਾਕਾਰ ਤੀਜਨ ਬਾਈ ਦੇ ਦੇਹਾਂਤ ‘ਤੇ ਅਫ਼ਸੋਸ ਦਾ ਮਤਾ ਪੇਸ਼ ਕੀਤਾ ਅਤੇ ਦੋਹਾਂ ਸਿਰਜਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪ੍ਰਸਿੱਧ ਸ਼ਾਇਰ ਤੇ ਨਾਟਕਕਾਰ ਸ਼ਬਦੀਸ਼, ਊਸ਼ਾ ਕੰਵਰ, ਦਿਲਦਾਰ ਸਿੰਘ, ਕਰਮ ਸਿੰਘ ਵਕੀਲ, ਦਵਿੰਦਰ ਖੁਸ਼ ਧਾਲੀਵਾਲ, ਹਰਜੀਤ ਸਿੰਘ, ਕਿਰਨ ਸਿੱਧੂ ਅਤੇ ਹੋਰ ਲੇਖਕ ਵੀ ਹਾਜ਼ਰ ਸਨ।

Leave a Reply

Your email address will not be published. Required fields are marked *