Breaking
www.sursaanjh.com > ਚੰਡੀਗੜ੍ਹ/ਹਰਿਆਣਾ > ਮੁਲਾਜ਼ਮਾਂ ਨੂੰ ਯੂ.ਟੀ. ਦੀ ਤਰਜ਼ ’ਤੇ ਰਿਹਾਇਸ਼ੀ ਲਾਇਸੰਸ ਫੀਸ ਵਿੱਚ ਮਿਲ਼ੇਗੀ ਰਾਹਤ – ਸੁਸ਼ੀਲ ਕੁਮਾਰ ਫੌਜੀ

ਮੁਲਾਜ਼ਮਾਂ ਨੂੰ ਯੂ.ਟੀ. ਦੀ ਤਰਜ਼ ’ਤੇ ਰਿਹਾਇਸ਼ੀ ਲਾਇਸੰਸ ਫੀਸ ਵਿੱਚ ਮਿਲ਼ੇਗੀ ਰਾਹਤ – ਸੁਸ਼ੀਲ ਕੁਮਾਰ ਫੌਜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:
ਪੰਜਾਬ ਸਰਕਾਰ ਨੇ ਚੰਡੀਗੜ੍ਹ ਸਥਿਤ ਆਪਣੇ ਮੁਲਾਜ਼ਮਾਂ ਪਾਸੋਂ ਸਰਕਾਰੀ ਮਕਾਨਾਂ ਦੀ ਮਹੀਨਾਵਾਰ ਲਾਇਸੰਸ ਫੀਸ ਦੀ ਕਟੌਤੀ  ਯੂ.ਟੀ. ਚੰਡੀਗੜ੍ਹ ਦੇ ਸਰਕਾਰੀ ਮਕਾਨਾਂ ਦੀ ਲਾਇਸੰਸ ਫੀਸ ਦੀ ਦਰ ਦੇ ਬਰਾਬਰ ਨਿਰਧਾਰਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਸ਼ਾਸਕੀ ਅਫ਼ਸਰ-1 ਵੱਲੋਂ ਜਾਰੀ ਪੱਤਰ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਸਥਿਤ ਸਰਕਾਰੀ ਮਕਾਨਾਂ ਦੀਆਂ ਪੁਰਾਣੀਆਂ ਲਾਇਸੰਸ ਫੀਸ ਦਰਾਂ ਵਿੱਚ ਰਵੀਜ਼ਨ ਦਾ ਇਹ ਫੈਸਲਾ ਪੱਤਰ ਜਾਰੀ ਹੋਣ ਦੀ ਮਿਤੀ ਭਾਵ 14.7.2026 ਤੋਂ ਲਾਗੂ ਹੋਵੇਗਾ। ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਦਰਾਂ ਵਿੱਚ ਸਾਲਾਨਾ ਵਾਧਾ 5 ਪ੍ਰਤੀਸ਼ਤ ਦੇ ਹਿਸਾਬ ਨਾਲ਼ ਹਰ ਸਾਲ ਆਪਣੇ ਆਪ ਲਾਗੂ ਹੋਵੇਗਾ। ਪੰਜਾਬ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਿਤ ਰਿਹਾਇਸ਼ੀ ਮਕਾਨਾਂ ਦੀ ਲਾਇਸੰਸ ਫੀਸ ਦਰ ਵਿੱਚ ਇਕਸਾਰਤਾ ਲਿਆਉਣ ਸਬੰਧੀ ਫੈਸਲਾ ਵੱਖਰੇ ਤੌਰ ‘ਤੇ ਕੀਤਾ ਜਾਵੇਗਾ। ਇਸ ਪੱਤਰ ਦੇ ਜਾਰੀ ਹੋਣ ਨਾਲ਼ ਚੰਡੀਗੜ੍ਹ ਰਹਿ ਰਹੇ ਮੁਲਾਜ਼ਮਾਂ ਨੂੰ ਭਾਰੀ ਰਾਹਤ ਮਿਲ਼ੇਗੀ।

ਇਸ ਸਬੰਧੀ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਇੱਕ ਮੁੱਦਤ ਤੋਂ ਠੰਢੇ ਬਸਤੇ ਵਿੱਚ ਪਈ ਇਸ ਮੰਗ ਨੂੰ ਮੰਨੇ ਜਾਣ ਦਾ ਸਵਾਗਤ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਸਬੰਧੀ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋ ਸਰਕਾਰ ਨੂੰ ਅਕਸਰ ਮੰਗ ਪੱਤਰ ਦੇ ਕੇ ਇਸ ਫੀਸ ਨੂੰ ਚੰਡੀਗੜ੍ਹ ਦੀ ਤਰਜ਼ ‘ਤੇ ਫਿਕਸ ਕਰਨ ਲਈ ਕਿਹਾ ਜਾਂਦਾ ਰਿਹਾ ਹੈ, ਪਰੰਤੂ ਇਸ ਸਬੰਧੀ ਕੋਈ ਵੀ ਕਾਰਵਾਈ ਅਮਲ ਵਿਚ ਨਾ ਆਉਣ ਕਾਰਨ ਐਸੋਸੀਏਸ਼ਨ ਵੱਲੋਂ ਆਪਣੇ ਅਹੁੱਦੇਦਾਰਾਂ ਤੇ ਸਾਥੀਆਂ ਦੇ ਨਾਮ ‘ਤੇ CWP No 2427/26 – ਸੰਦੀਪ ਕੋਸ਼ਲ ਅਤੇ ਹੋਰ ਬਨਾਮ ਸਟੇਟ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਦਾਇਰ ਕੀਤੀ ਗਈ ਸੀ। ਮਾਣਯੋਗ ਅਦਾਲਤ ਵੱਲੋਂ ਇਸ ਪਟੀਸ਼ਨ ਵਿੱਚ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚੰਡੀਗੜ੍ਹ ਸਥਿਤ ਸਰਕਾਰੀ ਮਕਾਨਾਂ ਦੀ ਲਾਇਸੰਸ ਫੀਸ, ਚੰਡੀਗੜ੍ਹ ਦੀ ਤਰਜ਼ ‘ਤੇ ਫਿਕਸ ਹੋਣ ਨਾਲ਼ ਪੰਜਾਬ ਦੇ ਜਿਨ੍ਹਾਂ ਮੁਲਾਜ਼ਮਾਂ ਦੀ ਰਿਹਇਸ਼ ਚੰਡੀਗੜ੍ਹ ਵਿਖੇ ਹੈ, ਨੂੰ ਲਗਭਗ ਦੋ ਹਜ਼ਾਰ ਰੁਪਏ ਤੋਂ ਚਾਰ ਹਜ਼ਾਰ ਰੁਪਏ ਤੱਕ ਪ੍ਰਤੀ-ਮਹੀਨਾ ਲਾਭ ਮਿਲ਼ੇਗਾ। ਸੁਸ਼ੀਲ ਕੁਮਾਰ ਫੌਜੀ ਨੇ ਸਰਕਾਰ ਦੇ ਨਾਲ਼ ਨਾਲ਼ ਐਸੋਸੀਏਸ਼ਨ ਅਤੇ ਸਕੱਤਰੇਤ ਦੇ ਉਹਨਾਂ ਸਾਰੇ ਸਾਥੀਆਂ, ਜਿਨ੍ਹਾਂ ਨੇ ਇਸ ਮਸਲੇ ਨੂੰ ਨੇਪਰੇ ਚੜ੍ਹਾਉਣ ਲਈ ਆਪਣਾ ਯੋਗਦਾਨ ਪਾਇਆ, ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *