ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:
ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਖੇ ਮਹਾਨ ਵਿਦਵਾਨ ਪ੍ਰੋ. ਮਾਲਵਿੰਦਰ ਜੀਤ ਸਿੰਘ ਵੜੈਚ ਨੂੰ ਸਮਰਪਿਤ ‘ਰੂਮੀ ਮੀਟ ਕਬੀਰ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੂਨੇ ਤੋਂ ਆਏ ਰਾਸ਼ਟਰੀ ਪੁਰਸਕਾਰ ਜੇਤੂ, ਮਰਾਠੀ ਫਿਲਮ ‘ਸ਼ਵਾਸ’ ਦੇ ਅਦਾਕਾਰ ਅਸ਼ਵਿਨ ਅਫਰਾ ਅਤੇ ਸਾਵਨੀ ਸ਼ਿਖਾਰੇ ਕਲਾਸੀਕਲ ਸਿਖਲਾਈ ਪ੍ਰਾਪਤ ਗਾਇਕ ਨੇ ਵਿਸ਼ੇਸ਼ ਤੌਰ ‘ਤੇ ਰੂਹਾਨੀਅਤ ਭਰੀ ਮਹਿਫ਼ਲ ਸਜਾਈ। ਇਸ ਸਮਾਗਮ ਦੇ ਅੰਤ ਵਿੱਚ ਦੋਹਾਂ ਕਲਾਕਾਰਾਂ ਅਸ਼ਵਿਨ ਅਫਰਾ, ਸਾਵਨੀ ਸ਼ਿਖਾਰੇ ਅਤੇ ਪ੍ਰਧਾਨਗੀ ਮੰਡਲ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਨਵੀਂ ਸੰਪਾਦਿਤ ਲੇਖ-ਸੰਗ੍ਰਹਿ ‘ਸਲਾਹੀਯਤ’ ਦਾ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ’ਤੇ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਪੜ੍ਹਿਆ ਗਿਆ ਪੇਪਰ ਸੁਰ ਸਾਂਝ ਡਾਟ ਕਾਮ ਦੇ ਪਾਠਕਾਂ ਲਈ ਇੱਥੇ ਛਾਪ ਰਹੇ ਹਾਂ – ਸੰਪਾਦਕ
“ਸਲਾਹੀਯਤ” ਪੰਜਾਬ ਦੇ ਗੌਰਵਮਈ ਇਤਿਹਾਸ, ਸੱਭਿਆਚਾਰਕ ਅਮੀਰੀ ਤੇ ਸਮਾਜਿਕ ਸਰੋਕਾਰਾਂ ਦਾ ਇੱਕ ਸ਼ੀਸ਼ਾ – ਜਸਵਿੰਦਰ ਸਿੰਘ ਕਾਈਨੌਰ


ਪੰਜਾਬੀ ਅਤੇ ਉਰਦੂ/ਫ਼ਾਰਸੀ ਭਾਸ਼ਾ ਦੇ ਸੰਦਰਭ ਵਿੱਚ ‘ਸਲਾਹੀਯਤ’ (صلاحیت) ਸ਼ਬਦ ਦਾ ਮੂਲ ਅਰਥ ਯੋਗਤਾ, ਸਮਰੱਥਾ, ਹੁਨਰ ਜਾਂ ਕਾਬਲੀਅਤ ਹੁੰਦਾ ਹੈ। ਇਸ ਪੁਸਤਕ ਦੇ ਨਾਮ ਵਜੋਂ ‘ਸਲਾਹੀਯਤ’ ਬੇਹੱਦ ਢੁਕਵਾਂ ਹੈ, ਕਿਉਂਕਿ ਇਸ ਪੁਸਤਕ ਵਿੱਚ ਸ਼ਾਮਲ ਲੇਖਕਾਂ ਦੀ ਸਾਹਿਤਕ ਕਾਬਲੀਅਤ, ਖੋਜ-ਸਮਰੱਥਾ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਅਮੀਰੀ (ਯੋਗਤਾ) ਨੂੰ ਪ੍ਰਗਟ ਕਰਦਾ ਹੈ। ਸੰਪਾਦਕ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ’ਚ ਸ਼ਾਮਿਲ ਲੇਖਾਂ ਦੇ 10 ਲੇਖਕਾਂ ਦੇ ਜ਼ਿਕਰਯੋਗ ਨਾਂਅ ਬਹਾਦਰ ਸਿੰਘ ਗੋਸਲ, ਮਲਕੀਅਤ ਸਿੰਘ ਔਜਲਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਪ੍ਰਤਾਪ ‘ਪਾਰਸ’ ਗੁਰਦਾਸਪੁਰੀ, ਭੁਪਿੰਦਰ ਸਿੰਘ ਭਾਗੋਮਾਜਰਾ, ਜਸਵਿੰਦਰ ਸਿੰਘ ਕਾਈਨੌਰ, ਰਾਜ ਕੁਮਾਰ ਸਾਹੋਵਾਲੀਆ, ਰਣਜੋਧ ਸਿੰਘ ਰਾਣਾ, ਅਵਤਾਰ ਸਿੰਘ ਮਹਿਤਪੁਰੀ ਅਤੇ ਡਾ. ਰਵਿੰਦਰ ਸਿੰਘ ਲੁਬਾਣਾ ਹਨ। ਇਸ ਖੋਜ ਪੁਸਤਕ ਦੇ ਪਹਿਲੇ ਭਾਗ ਦਾ ਬਰੀਕੀ ਨਾਲ ਅਧਿਐਨ ਕਰਦਿਆਂ ਇਹ ਤੱਥ ਉੱਘੜ ਕੇ ਸਾਹਮਣੇ ਆਉਂਦਾ ਹੈ ਕਿ ਸ਼ਾਮਲ ਕੀਤੇ ਗਏ 10 ਸਾਹਿਤਕਾਰਾਂ ਨੇ ਪੰਜਾਬੀ ਰਹਿਤਲ ਦੇ ਉਨ੍ਹਾਂ ਅਣਗੌਲੇ ਪੱਖਾਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ, ਜੋ ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਪਰਵਾਸ ਦੇ ਦਰਦ ਨੂੰ ਬਿਆਨ ਕਰਦੇ ਲੇਖ ਜਿੱਥੇ ਪੰਜਾਬ ਦੀ ਜਵਾਨੀ ਦੇ ਵਿਦੇਸ਼ਾਂ ਵੱਲ ਹਿਜਰਤ ਕਰਨ ਦੀ ਮਜਬੂਰੀ ਅਤੇ ਮਾਨਸਿਕ ਦਵੰਦ ਨੂੰ ਪੇਸ਼ ਕਰਦੇ ਹਨ, ਉੱਥੇ ਹੀ ਆਪਣੀ ਮਿੱਟੀ ਨਾਲੋਂ ਟੁੱਟਣ ਦੀ ਤੜਫ਼ ਨੂੰ ਵੀ ਬਾਖ਼ੂਬੀ ਦਰਸਾਉਂਦੇ ਹਨ। ਉਪ-ਭਾਸ਼ਾਈ ਵੰਨਗੀਆਂ ਨਾਲ ਸੰਬੰਧਿਤ ਖੋਜ ਕਾਰਜ ਪੰਜਾਬੀ ਭਾਸ਼ਾ ਦੀ ਅੰਦਰੂਨੀ ਅਮੀਰੀ ਅਤੇ ਇਸ ਦੇ ਵੱਖ-ਵੱਖ ਇਲਾਕਾਈ ਰੰਗਾਂ (ਜਿਵੇਂ ਮਾਝਾ, ਮਾਲਵਾ, ਦੁਆਬਾ, ਪੁਆਧ) ਦੀ ਇਤਿਹਾਸਕ ਪ੍ਰਾਸੰਗਿਕਤਾ ਨੂੰ ਬਹਾਲ ਕਰਨ ਵਿੱਚ ਸਹਾਈ ਹੁੰਦੇ ਹਨ। ਇਹ ਲੇਖ ਕੇਵਲ ਸਤਹੀ ਜਾਣਕਾਰੀ ਨਹੀਂ ਦਿੰਦੇ, ਸਗੋਂ ਭਾਸ਼ਾ ਦੇ ਵਿਕਾਸ ਦੀ ਡੂੰਘੀ ਪੜਚੋਲ ਕਰਦੇ ਹਨ।
ਪੁਸਤਕ ਦੇ ਦੂਜੇ ਭਾਗ ਵਿੱਚ ਸ਼ਾਮਲ 7 ਲੇਖਕਾਂ ਦੇ ਯੋਗਦਾਨ ਬਾਰੇ ਚਰਚਾ ਕਰਨੀ ਬੇਹੱਦ ਲਾਜ਼ਮੀ ਹੈ। ਭਾਗ ਦੂਜੇ ’ਚ ਸ਼ਾਮਿਲ ਲੇਖਾਂ ਦੇ ਲੇਖਕਾਂ ਦੇ ਨਾਂਅ ਡਾ. ਸੁਨੀਲ ਭਾਟੀਆ, ਜ਼ਾਹਿਦ ਖ਼ਾਨ, ਰਜ਼ਾ ਨਈਮ, ਡਾ. ਰੋਬੀਨਾ ਯਾਸਮੀਨ, ਪ੍ਰੋ. ਡਾ. ਸੁਰਿੰਦਰ ਕੁਮਾਰ ਦੇਵੇਸ਼ਵਰ, ਪ੍ਰੋ. ਡਾ. ਰੌਂਣਕੀ ਰਾਮ ਅਤੇ ਰਾਜ ਕੁਮਾਰ ਸਾਹੋਵਾਲੀਆ ਹਨ। ਇਸ ਭਾਗ ’ਚ ਅਤੇ ਕੁਝ ਹੋਰ ਸਖਸ਼ੀਅਤਾਂ ਬਾਰੇ ਵੀ ਲੇਖ ਹਨ। ਇਨ੍ਹਾਂ ਲੇਖਕਾਂ ਨੇ ਪੰਜਾਬੀ ਵਿਰਸੇ ਦੇ ਜੀਵੰਤ ਰੂਪਾਂ, ਮੇਲਿਆਂ, ਤਿਉਹਾਰਾਂ ਅਤੇ ਸਾਂਝੇ ਮਨੁੱਖੀ ਵਰਤਾਰੇ ਨੂੰ ਆਪਣੇ ਅਧਿਆਇਆਂ ਦਾ ਸ਼ਿੰਗਾਰ ਬਣਾਇਆ ਹੈ। ਨਾਮਵਰ ਸਾਹਿਤਕਾਰਾਂ ਅਤੇ ਸਿਰਕੱਢ ਸ਼ਖਸੀਅਤਾਂ ਦੇ ਰੇਖਾ-ਚਿੱਤਰਾਂ ਰਾਹੀਂ ਪਾਠਕਾਂ ਨੂੰ ਉਨ੍ਹਾਂ ਦੇ ਜੀਵਨ-ਸੰਘਰਸ਼ ਅਤੇ ਸਾਹਿਤਕ ਦੇਣ ਤੋਂ ਜਾਣੂ ਕਰਵਾਇਆ ਗਿਆ ਹੈ। ਇਸੇ ਭਾਗ ਵਿੱਚ ਸ਼ਾਮਲ ਪੁਸਤਕ ਰਿਵਿਊ ਪਾਠਕ ਦੀ ਆਲੋਚਨਾਤਮਕ ਦ੍ਰਿਸ਼ਟੀ ਨੂੰ ਹੋਰ ਪ੍ਰਪੱਕ ਕਰਦਾ ਹੈ। ਪੁਸਤਕ ਦੀ ਖੂਬਸੂਰਤੀ ਇਹ ਹੈ ਕਿ ਇਹ ਅਜੋਕੇ ਆਧੁਨਿਕ ਮਨੁੱਖ ਦੇ ਮਾਨਸਿਕ ਤਣਾਅ, ਟੁੱਟ ਰਹੇ ਪਰਿਵਾਰਕ ਰਿਸ਼ਤਿਆਂ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਘਾਣ ਵਰਗੇ ਗੰਭੀਰ ਸੰਕਟਾਂ ਪ੍ਰਤੀ ਚਿੰਤਾ ਪ੍ਰਗਟ ਕਰਦੀ ਹੈ ਅਤੇ ਨਾਲ ਹੀ ਵਿਸ਼ਵ ਸ਼ਾਂਤੀ ਦਾ ਹੋਕਾ ਦਿੰਦੀ ਹੈ। ਅਜਿਹੇ ਸਮੇਂ ਜਦੋਂ ਸਮਾਜ ਭੌਤਿਕਵਾਦ ਦੀ ਅੰਨ੍ਹੀ ਦੌੜ ਵਿੱਚ ਗੁਆਚ ਰਿਹਾ ਹੈ, ਇਹ ਖੋਜ-ਪੱਤਰ ਮਨੁੱਖੀ ਸੰਵੇਦਨਾ ਨੂੰ ਜਗਾਉਣ ਦਾ ਇੱਕ ਸਾਰਥਕ ਯਤਨ ਪ੍ਰਤੀਤ ਹੁੰਦਾ ਹੈ। ਇਤਿਹਾਸਕ ਤੱਥਾਂ ਅਤੇ ਸੱਭਿਆਚਾਰਕ ਸਿਧਾਂਤਾਂ ਦਾ ਅਜਿਹਾ ਸੁਮੇਲ ਪੰਜਾਬੀ ਆਲੋਚਨਾ ਜਗਤ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਜੋ ਇਸ ਪੁਸਤਕ ਦੀ ‘ਸਲਾਹੀਯਤ’ (ਯੋਗਤਾ) ਨੂੰ ਸਹੀ ਅਰਥਾਂ ਵਿੱਚ ਸਿੱਧ ਕਰਦਾ ਹੈ। ਇਹ ਪੁਸਤਕ “ਸਲਾਹੀਯਤ” ਕੇਵਲ ਲੇਖਾਂ ਦਾ ਸੰਗ੍ਰਹਿ ਨਹੀਂ, ਸਗੋਂ ਇਹ ਪੰਜਾਬ ਦੇ ਗੌਰਵਮਈ ਇਤਿਹਾਸ, ਸੱਭਿਆਚਾਰਕ ਅਮੀਰੀ ਅਤੇ ਸਮਾਜਿਕ ਸਰੋਕਾਰਾਂ ਦਾ ਇੱਕ ਸ਼ੀਸ਼ਾ ਹੈ। ਇਹ ਪਾਠਕ ਨੂੰ ਆਪਣੇ ਅਤੀਤ ਨਾਲ ਜੋੜਦੀ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਪ੍ਰਤੀ ਸੁਚੇਤ ਕਰਦੀ ਹੈ। ਪੰਜਾਬੀ ਸਾਹਿਤ ਜਗਤ ਵਿੱਚ ਇਹ ਇਕ ਮਹੱਤਵਪੂਰਨ ਦਸਤਾਵੇਜ਼ ਹੈ, ਇਹ ਪੁਸਤਕ ਪਾਠਕ ਨੂੰ ਅਤੀਤ ਦੀ ਇਤਿਹਾਸਕ ਵਿਰਾਸਤ ਨਾਲ ਜੋੜਦੀ ਹੈ, ਵਰਤਮਾਨ ਦੇ ਪਰਵਾਸ ਤੇ ਨੈਤਿਕ ਸੰਕਟਾਂ ਬਾਰੇ ਸੁਚੇਤ ਕਰਦੀ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਭੂਗੋਲਿਕ ਹੋਂਦ ਦਾ ਇੱਕ ਸੰਪੂਰਨ ਪਰਿਪੇਖ ਪੇਸ਼ ਕਰਦੀ ਹੈ। 176 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 350 ਰੁਪਏ ਹੈ। ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਇਹ ਉਪਰਾਲਾ ਪੰਜਾਬੀ ਸਾਹਿਤ ਅਤੇ ਸਮਾਜ ਲਈ ਇੱਕ ਬਹੁਮੁੱਲਾ ਤੋਹਫ਼ਾ ਹੈ, ਜੋ ਸਾਨੂੰ ਸਾਡੀ ਨੈਤਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਪੁਸਤਕ ’ਚ ਛਪਣ ਵਾਲੇ ਲੇਖਕ ਵਧਾਈ ਦੇ ਹੱਕਦਾਰ ਹਨ। ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਭਾਰਤ ਦੇ ਦੱਖਣੀ ਏਸ਼ੀਆ ਖੋਜ ਕੇਂਦਰ ਦੀ ਇੱਕ ਵਡਮੁੱਲੀ ਪੇਸ਼ਕਸ਼ ਹੈ। ਇਹ ਸੰਗ੍ਰਹਿ ਮਹਾਨ ਦੇਸ਼ ਭਗਤ, ਕਵੀ ਅਤੇ ਨਾਵਲਕਾਰ ਨਾਨਕ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ।
ਜਸਵਿੰਦਰ ਸਿੰਘ ਕਾਈਨੌਰ – 98888-42244

