|
ਕੈਨੇਡਾ ਦਿਵਸ-2023 ਮੁਬਾਰਕ – ਵੱਸਦਾ ਰਹੁ ਆਜ਼ਾਦ ਕੈਨੇਡਾ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੁਲਾਈ:
ਲਗਪਗ ਪੰਦਰਾਂ ਕੁ ਸਾਲ ਪਹਿਲਾਂ ਮੈਂ ਕੈਨੇਡਾ ਦੇ ਸ਼ਹਿਰ “ਸਰੀ” ਵਿੱਚ ਸਾਂ। ਮੇਰੇ ਮਿੱਤਰ ਸੁਰਜੀਤ ਮਾਧੋਪੁਰੀ ਦੇ ਦ਼ਫ਼ਤਰ ਬੈਠੇ ਸਾਂ ਕਈ ਸੱਜਣ। ਕੁਲਦੀਪ ਗਿੱਲ, ਮੋਹਨ ਗਿੱਲ, ਗੁਰਵਿੰਦਰ ਸਿੰਘ ਧਾਲੀਵਾਲ ਤੇ ਸ਼ਾਇਦ ਰਸ਼ਪਾਲ ਵੀ ਸੀ। ਸਾਰੇ ਕਹਿਣ ਲੱਗੇ ਕਿ ਪੰਜਾਬ ਨੂੰ ਕੈਨੇਡਾ ਨੇ ਇੱਕ ਸਦੀ ਤੋਂ ਲਗਾਤਾਰ ਆਰਥਕ ਠੁੰਮਣਾ ਦਿੱਤਾ ਹੈ, ਸਾਨੂੰ ਵੀ ਕੁਝ ਮੋੜਨਾ ਚਾਹੀਦਾ ਹੈ। ਮੇਰੀ ਡਿਉਟੀ ਲੱਗੀ ਕਿ ਕੋਈ ਗੀਤ ਲਿਖਾਂ ਜੋ ਮਾਧੋਪੁਰੀ ਗਾਵੇਗਾ। ਦੋ ਤਿੰਨ ਦਿਨਾਂ ਬਾਦ ਪਹਿਲੀ ਜੁਲਾਈ ਸੀ। ਇਸ ਦਿਨ ਨੂੰ ਕੈਨੇਡਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
![]() ![]() ਮੈਂ ਦੋ ਦਿਨਾਂ ‘ਚ ਇਹ ਗੀਤ ਮੁਕੰਮਲ ਕਰ ਲਿਆ, ਜਿਸ ਨੂੰ ਸੁਰਜੀਤ ਮਾਧੋਪੁਰੀ ਨੇ ਗਾਇਆ ਵੀ। ਰੀਕਾਰਡ ਨਹੀਂ ਹੋਇਆ ਕਦੇ। ਸ਼ਾਇਦ ਕੋਈ ਹੋਰ ਗਾ ਲਵੇ। ਇੱਕ ਦੋ ਰੇਡੀਉ ਵਾਲਿਆਂ ਨੇ ਇਸ ਨੂੰ ਮੇਰੀ ਆਵਾਜ਼ ਵਿੱਚ ਪ੍ਰਸਾਰਿਤ ਵੀ ਕੀਤਾ ਓਥੇ। ਅੱਜ ਕੈਨੇਡਾ ਦਿਹਾੜੇ ਦੇ ਸ਼ਗਨ ਸੁਨੇਹੇ ਵੇਖ ਵੇਖ ਕੇ ਮਨ ਕੀਤਾ ਕਿ ਮੈਂ ਵੀ ਕੈਨੇਡਾ ਵੱਸਦੇ ਮਿੱਤਰਾਂ ਸਣੇ ਉਥੋਂ ਦੇ ਸਮੂਹ ਨਿਵਾਸੀਆਂ ਦੇ ਚਾਅ ਵਿੱਚ ਸ਼ਾਮਿਲ ਹੋਵਾਂ। ਮੈਂ ਇਹ ਗੀਤ ਕੈਨੇਡਾ ਵੱਸਦੇ ਮਿੱਤਰ ਪਿਆਰਿਆਂ ਨੂੰ ਸਮਰਪਿਤ ਕਰਦਾ ਹਾਂ। ਤੁਸੀਂ ਵੀ ਗੀਤ ਪੜ੍ਹੋ।
ਵੱਸਦਾ ਰਹੁ ਆਜ਼ਾਦ ਕੈਨੇਡਾ/ ਗੁਰਭਜਨ ਗਿੱਲ
ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ, ਵੱਸਦਾ ਰਹੁ ਆਜ਼ਾਦ ਕੈਨੇਡਾ।
ਵੰਨ ਸੁਵੰਨੇ ਧੀਆਂ ਪੁੱਤਰ,
ਰੱਖੀਂ ਸਦਾ ਆਬਾਦ ਕੈਨੇਡਾ।
ਤੇਰੇ ਮੈਪਲ ਹੇਠਾਂ ਬੈਠੇ,
ਸਾਡੇ ਬੋਹੜਾਂ ਵਰਗੇ ਬਾਬੇ।
ਕਹਿੰਦੇ ਕਦੇ ਉਲਾਰ ਨਾ ਹੋਵਣ ਤੇਰੇ ਘਰ ਇਨਸਾਫ਼ ਦੇ ਛਾਬੇ।
ਤੇਰੇ ਜਲ ਵਿਚ ਸਾਡੀ ਮਿਸ਼ਰੀ,
ਸ਼ਰਬਤ ਬੜਾ ਸੁਆਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਜਿਸ ਧਰਤੀ ਤੇ ਆਦਰ ਹੋਵੇ,
ਕਦੇ ਬੇਗਾਨਾ ਦੇਸ਼ ਨਹੀਂ ਹੁੰਦਾ।
ਮਨ ਦਾ ਮੋਰ ਜੇ ਪੈਲਾਂ ਪਾਵੇ,
ਕੋਈ ਵੀ ਥਾਂ ਪ੍ਰਦੇਸ ਨਹੀਂ ਹੁੰਦਾ।
ਤੇਰੀ ਵੰਨਸੁਵੰਨਤਾ ਵਾਲਾ,
ਗੂੰਜੇ ਅਨਹਦ ਨਾਦ ਕੈਨੇਡਾ।
ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ…
ਤੇਰੇ ਘਰ ਵਿਚ ਵੇਖੀਂ ਕਿਧਰੇ,
ਲੁੱਟੇ ਨਾ ਕੋਈ ਕਿਰਤ ਕਮਾਈ।
ਕੰਮੀਂ ਕਾਰੀਂ ਰੁੱਝੇ ਗੱਭਰੂ,
ਮੁਟਿਆਰਾਂ ਤੇ ਮਾਈ ਭਾਈ।
ਕੁੱਲ ਦੁਨੀਆਂ ਦੇ ਪੁੱਤਰ ਤੇਰੀ
ਸ਼ਕਤੀ ਬਣੇ ਫ਼ੌਲਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਰਹਿਣ ਸਲਾਮਤ ਤੇਰੇ ਵਿਹੜੇ,
ਸੂਹੇ ਸੁਪਨੇ ਤੇ ਫੁੱਲ ਪੱਤੀਆਂ।
ਜੀਵਣ ਜਾਗਣ ਠੰਢੀਆਂ ਛਾਵਾਂ,
ਵਗਣ ਹਵਾਵਾਂ ਮਹਿਕਾਂ ਮੱਤੀਆਂ।
ਮਾਂ ਬੋਲੀ ਨੂੰ ਭੁੱਲ ਕੇ ਮਾਪੇ,
ਗੁਆ ਨਾ ਬਹਿਣ ਔਲਾਦ ਕੈਨੇਡਾ।
ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ…
ਜੇ ਪੁੱਤਰਾਂ ਦਾ ਮੋਹ ਟੁੱਟ ਜਾਵੇ,
ਉਹ ਧਰਤੀ ਫਿਰ ਮਾਂ ਨਹੀਂ ਰਹਿੰਦੀ।
ਪੁੱਤਰ-ਪੱਤਰ ਜੇ ਝੜ ਜਾਵਣ,
ਰੁੱਖਾਂ ਪੱਲੇ ਛਾਂ ਨਹੀਂ ਰਹਿੰਦੀ।
ਸਾਡੇ ਵੀਰਾਂ ਨੂੰ ਸਮਝਾਵੀਂ,
ਫਿਰ ਤੇਰਾ ਧੰਨਵਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਰੇਸ਼ਮ ਦੇ ਧਾਗੇ ਜਹੇ ਬੱਚੜੇ,
ਸਾਂਝੇ ਸੁਪਨਿਆਂ ਦੀ ਫੁਲਕਾਰੀ।
ਮੇਰੇ ਪਿੰਡ ਦੇ ਧੀਆਂ ਪੁੱਤਰਾਂ,
ਤੇਰੀ ਸੋਹਣੀ ਧਰਤ ਸ਼ਿੰਗਾਰੀ।
ਬਿਰਧ ਸਰੀਰਾਂ ਦਾ ਹੱਥ ਸਿਰ ‘ਤੇ,
ਰੱਖੀਂ ਦਿਲ ਵਿਚ ਯਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਸਾਂਝੀ ਰੱਤ ਦੇ ਕਾਰਨ ਦਮਕੇ,
ਤੇਰੇ ਝੰਡੇ ਵਿਚ ਜੋ ਲਾਲੀ।
ਵਿਸ਼ਵ ਅਮਨ ਦੇ ਚਿੱਟੇ ਰੰਗ ਨੇ,
ਤੇਰੀ ਅਜ਼ਮਤ ਸਦਾ ਸੰਭਾਲੀ।
ਬੁਰਿਆਂ ਨਾਲ ਯਾਰਾਨੇ ਪਾ ਕੇ,
ਹੋ ਜਾਈਂ ਨਾ ਬਰਬਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ,
ਵੱਸਦਾ ਰਹੁ ਆਜ਼ਾਦ ਕੈਨੇਡਾ।
|



