|
ਵੱਡੇ ਪੱਧਰ ‘ਤੇ ਡੇਂਗੂ ਲਾਰਵੇ ਦੀ ਜਾਂਚ ਅਤੇ ਚਲਾਨ ਕਰਨਾ ਯਕੀਨੀ ਬਣਾਓ
ਚੰਡੀਗੜ੍ਹ 5 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
![]() ![]() ਜ਼ਿਲ੍ਹੇ ਵਿੱਚ ਸ਼ੁਰੂ ਕੀਤੀਆਂ ਡੇਂਗੂ ਵਿਰੋਧੀ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ, ਅਧਿਕਾਰੀਆਂ ਨੂੰ ਕੇਸਾਂ ਵਿੱਚ ਤੇਜ਼ੀ ਆਉਣ ਤੋਂ ਪਹਿਲਾਂ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਡੇਂਗੂ ਟਾਸਕ ਫੋਰਸ ਦੀ ਸਾਂਝੀ ਮੀਟਿੰਗ ਕਰਦਿਆਂ ਡੀ ਸੀ ਜੈਨ ਨੇ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਲੋਕਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਦੇ ਪ੍ਰਜਣਨ ਸਮੇਂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੂੰ ਹਰ ਸ਼ੁੱਕਰਵਾਰ ਨੂੰ ਏਅਰ ਕੂਲਰਾਂ, ਫਰਿੱਜਾਂ ਦੀ ਟਰੇਅ, ਵਾਧੂ ਸਮਾਨ ਜਾਂ ਰਹਿੰਦ-ਖੂੰਹਦ, ਪੁਰਾਣੇ ਟਾਇਰਾਂ, ਫੁੱਲਾਂ ਦੇ ਗਮਲਿਆਂ ਆਦਿ ਵਿੱਚ ਖੜ੍ਹੇ ਪਾਣੀ ਨੂੰ ਸੁਕਾ ਕੇ ਡਰਾਈ ਡੇਅ ਮਨਾਉਣ ਬਾਰੇ ਜਾਣੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਸ਼ਡਿਊਲ ਤਿਆਰ ਕਰਕੇ ਫੌਗਿੰਗ ਵੀ ਕਰਵਾਈ ਜਾਵੇ। ਇਸ ਦੇ ਨਾਲ-ਨਾਲ ਪੇਂਡੂ ਖੇਤਰਾਂ, ਖਾਸ ਤੌਰ ਤੇ ਪਿੰਡਾਂ ਦੇ ਛੱਪੜਾਂ ਚ ਡੀਜ਼ਲ ਜਾਂ ਕਾਲਾ ਤੇਲ ਮਿਲਾਇਆ ਜਾਵੇ, ਜਿੱਥੇ ਗੰਬੁਸ਼ੀਆ ਮੱਛੀ ਨੂੰ ਛੱਪੜਾਂ ਵਿੱਚ ਨਹੀਂ ਪਾਇਆ ਗਿਆ।
ਸੰਘਣੀ ਅਬਾਦੀ ਵਾਲੇ ਸ਼ਹਿਰਾਂ ਮੋਹਾਲੀ, ਖਰੜ, ਜ਼ੀਰਕਪੁਰ ਅਤੇ ਡੇਰਾਬੱਸੀ ਦੀ ਨਿਗਰਾਨੀ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਸਥਾਨਕ ਸਰਕਾਰ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਚੈਕਿੰਗ ਦੌਰਾਨ ਜਿੱਥੇ ਡੇਂਗੂ ਦਾ ਲਾਰਵਾ ਪਾਇਆ ਜਾਵੇ, ਉਨ੍ਹਾਂ ਵਸਨੀਕਾਂ ਅਤੇ ਸੰਸਥਾਵਾਂ ਦੇ 100 ਫੀਸਦੀ ਚਲਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਕੁਝ ਲੋਕਾਂ ਦੀ ਢਿੱਲ ਕਾਰਨ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਨਹੀਂ ਪਾ ਸਕਦੇ।
ਦਿਹਾਤੀ ਖੇਤਰਾਂ ਵਿੱਚ ਵੀ ਡੇਂਗੂ ਦੇ ਕੇਸਾਂ ਵਿੱਚ ਪਿਛਲੇ ਸਾਲਾਂ ਦੌਰਾਨ ਵਾਧੇ ਬਾਰੇ ਚਿੰਤਾ ਪ੍ਰਗਟ ਕਰਦਿਆਂ, ਉਨ੍ਹਾਂ ਡੀਡੀਪੀਓ ਅਮਰਿੰਦਰ ਪਾਲ ਸਿੰਘ ਚੌਹਾਨ ਨੂੰ ਹਦਾਇਤ ਕੀਤੀ ਕਿ ਉਹ ਬੀਡੀਪੀਓਜ਼ ਨੂੰ ਪਿੰਡਾਂ ਵਿੱਚ ਫੋਗਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਡੇਂਗੂ ਦੀ ਗੰਭੀਰਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦੇਣ ਲਈ ਆਖਿਆ ਗਿਆ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਅਤੇ ਸੈਕੰਡਰੀ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਕਿ ਡੇਂਗੂ ਮੱਛਰ ਦੇ ਲਾਰਵੇ ਤੋਂ ਕਿਵੇਂ ਬਚਿਆ ਜਾਵੇ, ਜਿਸ ਨੂੰ ਬਾਲਗ਼ ਮੱਛਰ ਬਣਨ ਵਿੱਚ ਸਿਰਫ਼ 7 ਦਿਨ ਲੱਗਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਆਲੇ-ਦੁਆਲੇ ਨੂੰ ਖੜ੍ਹੇ ਪਾਣੀ ਤੋਂ ਮੁਕਤ ਬਣਾਉਣ ਲਈ ਆਪਣੇ ਮਾਪਿਆਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਬਹੁਤ ਜ਼ਿਆਦਾ ਸਹਾਈ ਹੋ ਸਕਦੇ ਹਨ।
ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੀਆਂ ਕੁੱਲ 8 ਸਲਾਈਡਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਸਾਨੂੰ ਇਸ ਦੇ ਅੱਗੇ ਫੈਲਣ ਤੋਂ ਸੁਚੇਤ ਰਹਿਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਰੋਜ਼ਾਨਾ ਨਿਗਰਾਨੀ ਦਾ ਕੰਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੂੰ ਸੌਂਪਿਆ ਅਤੇ ਰੋਜ਼ਾਨਾ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਡੇਂਗੂ ਮੱਛਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ ਹੈ, ਉਸੇ ਤਰ੍ਹਾਂ ਹਰੇਕ ਸਥਾਨਕ ਸੰਸਥਾ ਦੇ ਨੋਡਲ ਅਫ਼ਸਰ ਇਸ ਬਿਮਾਰੀ ਦੀ ਰੋਕਥਾਮ ਲਈ ਤੁਰੰਤ ਕਾਰਵਾਈ ਨੂੰ ਵੀ ਯਕੀਨੀ ਬਣਾਉਣ।
|



