www.sursaanjh.com > ਸਾਹਿਤ > ਉੱਠ ਓਏ ਦੁੱਲਿਆ/ ਕੁਲਵਿੰਦਰ

ਉੱਠ ਓਏ ਦੁੱਲਿਆ/ ਕੁਲਵਿੰਦਰ

ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਸਾਹਿਤਕਾਰੋ ਤੇ ਦਾਨਸ਼ਵਰੋ, ਸਾਹਿਤ ਸਭਾ ਬਹਿਰਾਮਪੁਰ ਬੇਟ ਦੀ 16 ਜੁਲਾਈ 2023 ਦੀ ਮੀਟਿੰਗ ਵਿੱਚ ਕੁਲਵਿੰਦਰ ਨੇ ਇੱਕ ਸ਼ਾਨਦਾਰ ਗੀਤ ਪੇਸ਼ ਕੀਤਾ ਹੈ, ਜੋ ਆਪ ਜੀ ਦੀ ਨਜ਼ਰ ਕਰ ਰਿਹਾ ਹਾਂ – ਹਰਨਾਮ ਸਿੰਘ ਡੱਲਾ:
ਉੱਠ ਓਏ ਦੁੱਲਿਆ/ ਕੁਲਵਿੰਦਰ
ਉੱਠ ਓਏ ਦੁੱਲਿਆ ਛੱਡ ਹੁਣ ਖਹਿੜਾ ਬੀਅਰ ਬਾਰਾਂ ਦਾ,
ਆ ਉੱਠ ਗੇੜਾ ਲਾ ਕੇ ਆਈਏ ਸਾਂਦਲ ਬਾਰਾਂ ਦਾ।
ਸੁੰਦਰ-ਮੁੰਦਰੀਆਂ ਅੱਜ ਫੇਰ ਸਿਰਾਂ ਤੋਂ ਨੰਗੀਆਂ ਕਰੀਆਂ ਨੇ,
ਮਾਂ ਲੱਧੀ ਦਾ ਕੋਠਾ ਫੋਲੀਏ ਚੱਲ ਹਥਿਆਰਾਂ ਦਾ।
ਉੱਠ ਓਏ ਦੁੱਲਿਆ …।
ਜੋ ਧੀਆਂ ਦੇ ਰੁਦਨ ਨੂੰ, ਝੂਠੇ ਖੇਖਣ ਦੱਸਦੇ ਨੇ,
ਹੁਣ ਤੱਕ ਕਿਉਂ ਨਹੀਂ ਬੋਲੀਆਂ ਗੁੱਝੇ ਤਾਅਨੇ ਕਸਦੇ ਨੇ।
ਆ ਉੱਠ ਬੂਥਾ ਭੰਨੀਏ ਬੇਸ਼ਰਮਾਂ ਮੱਕਾਰਾਂ ਦਾ,
ਉੱਠ ਓਏ ਦੁੱਲਿਆ … ।
ਉਹਨਾਂ ਆਪਣੇ ਹਿੱਸੇ ਦੀ ਦਹਾੜ ਤਾਂ ਮਾਰੀ ਐ,
ਸੰਮਾਂ ਵਾਲੀ ਡਾਂਗ ਨੂੰ ਚੱਕ ਹੁਣ ਆਪਣੀ ਵਾਰੀ ਐ।
ਆ ਸਿਰ ਫੇਹ ਕੇ ਸੁੱਟੀਏ ਜ਼ਹਿਰੀ ਨਾਗ-ਫੰਕਾਰਾਂ ਦਾ,
ਉੱਠ ਓਏ ਦੁੱਲਿਆ … ।
ਪੂਰਾ ਦਿਨ ਬਸ  ਭੌਂਕ ਭੌਂਕ ਕੇ, ਸੰਘ ਪੜਾਉਂਦੇ ਨੇ,
ਜਿੱਧਰੋਂ ਬੁਰਕੀ ਮਿਲਦੀ ਉਸ ਨੂੰ ਪੂੰਛ ਹਿਲਾਉਂਦੇ ਨੇ।
ਹਲ਼ਕ ‘ਚ ਪਾੜ ਕੇ ਤੁੰਨ ਦਈਏ, ਥੱਬਾ ਅਖ਼ਬਾਰਾਂ ਦਾ,
ਉੱਠ ਓਏ ਦੁੱਲਿਆ … ।
ਇੱਕੋ ਧੜ ਦੇ ਉੱਤੇ, ਕਿੰਨੇ ਸਿਰ ਇਹ ਜਿਉਂਦੇ ਨੇ,
ਕਦੇ ਉਹਨਾਂ ਦਾ, ਕਦੇ ਇਹਨਾਂ ਦਾ, ਖੂਨ ਜੋ ਪੀਂਦੇ ਨੇ।
ਇਸ ਸ਼ੈਤਾਨ ਦੀ ਜਾਨ ਹੈ, ਤੋਤਾ ਜੋ ਵਿਉਪਾਰਾਂ ਦਾ,
ਉੱਠ ਓਏ ਦੁੱਲਿਆ … ।
ਢਾਉਣੇ ਮਹਿਲ ਦੇ ਕਿੰਗਰੇ, ਹੁਣ ਇਹ ਬੋਲ ਨਾ ਥੱਮਣੇ ਨੇ,
ਇਸ ਮਿੱਟੀ ਚੋਂ ਮੁੜ ਮੁੜ, ਓਏ ਲੋਕੋ ਬਾਗ਼ੀ ਜੰਮਣੇ ਨੇ।
ਆ ਉੱਠ ਲਾਈਏ ਮੱਥਾ ਫਰਜ਼ ਹੈ ਇੱਜ਼ਤਦਾਰਾਂ ਦਾ,
ਉੱਠ ਓਏ ਦੁੱਲਿਆ … ।
ਗੀਤਕਾਰ: ਕੁਲਵਿੰਦਰ

Leave a Reply

Your email address will not be published. Required fields are marked *