ਸੰਗੀਤਕਾਰ ਲਾਲੀ ਧਾਲੀਵਾਲ ਦੇ ਸਟੂਡੀਓ – LD Music Production ਵਿਖੇ ਇੱਕ ਦੁਪਹਿਰ ਮਾਣਦਿਆਂ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਗਸਤ:
ਮਾਡਰਨ ਗੀਤਾਂ ਨੂੰ ਸੁਰੀਲੀਆਂ ਧੁਨਾਂ ਵਿੱਚ ਗੁੰਨ੍ਹਣ ਵਾਲ਼ੇ ਲਾਲੀ ਧਾਲੀਵਾਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਲਾਲ ਕਮਲ ਦੇ ਨਾਂ ਨਾਲ਼ ਜਾਣੀ ਜਾਂਦੀ ਇਹ ਸੰਗੀਤਕ ਭਰਾਵਾਂ ਦੀ ਜੋੜੀ ਸ੍ਰੀ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਪਵਿੱਤਰ ਧਰਮ ਵਿਖੇ ਆਪਣਾ ਵਸੇਬਾ ਰੱਖ ਰਹੀ ਹੈ। ਉਂਝ ਲਾਲੀ ਧਾਲੀਵਾਲ ਦਾ ਮਿਊਜ਼ਿਕ ਸਟੂਡੀਓ ਖਰੜ-ਮੋਰਿੰਡਾ ਰਾਸ਼ਟਰੀ ਮਾਰਗ ਉੱਤੇ ਵਸੇ ਪਿੰਡ ਖਾਨਪੁਰ ਤੇ ਟੌਲਪਲਾਜ਼ਾ ਦੇ ਵਿਚਕਾਰ ਪੈਂਦਾ ਹੈ। ਲਾਲੀ ਧਾਲੀਵਾਲ ਅੱਜ ਕੱਲ੍ਹ LD Music Production ਰਾਹੀਂ ਵੱਖ ਵੱਖ ਗਾਇਕਾਂ ਨੂੰ ਸਰੋਤਿਆਂ ਸਨਮੁੱਖ ਕਰ ਰਹੇ ਹਨ।


ਅੱਜ ਤੋਂ ਨੌ ਦਸ ਸਾਲ ਪਹਿਲਾਂ ਲਾਲੀ ਧਾਲੀਵਾਲ ਨਾਲ਼ ਤੇਰੀ ਪਹਿਲੀ ਮੁਲਾਕਾਤ ਫਿਲਮ ਡਾਇਰੈਕਟਰ ਰਵੀ ਪੁੰਜ ਰਾਹੀਂ ਹੋਈ। ਰਵੀ ਪੁੰਜ ਉਦੋਂ ਫਿਲਮੀ ਖੇਤਰ ਵਿੱਚ ਸੰਘਰਸ਼ ਕਰ ਰਹੇ ਸਨ ਅਤੇ ਗੀਤਾਂ ਦੀਆਂ ਕੁਝ ਵੀਡੀਓਜ਼ ਬਣਾ ਰਹੇ ਸਨ। ਉਨ੍ਹਾਂ ਆਪਣੀ ਆਉਣ ਵਾਲ਼ੀ ਫਿਲਮ ਲਈ ਮੇਰਾ ਗੀਤ ”ਮੇਰੇ ਲਹੂ ਦਾ ਸਫੈਦ ਹਾਲੇ ਰੰਗ ਨਹੀਂਉਂ ਹੋਇਆ ਤਾਈਉਂ ਨਜ਼ਰਾਂ ਚੁਰਾ ਕੇ ਕੋਲ਼ੋ ਲੰਘ ਨਈਉਂ ਹੋਇਆ”, ਲਾਲੀ ਧਾਲੀਵਾਲ਼ ਨੂੰ ਭੇਜਿਆ। ਲਾਲੀ ਧਾਲੀਵਾਲ਼ ਦਾ ਮਿਊਜ਼ਿਕ ਸਟੂਡੀਓ ਉਦੋਂ ਸ਼ਿਵਾਲਕ ਸਿਟੀ ਵਿਖੇ ਇੱਕ ਕੋਠੀ ਦੀ ਪਹਿਲੀ ਮੰਜ਼ਿਲ ‘ਤੇ ਹੁੰਦਾ ਸੀ। ਏਥੇ ਹੀ ਮੈਂ ਪਹਿਲੀ ਵਾਰ ਲਾਲੀ ਧਾਲੀਵਾਲ ਨੂੰ ਮਿਲ਼ਿਆ। ਮੇਰਾ ਇਹ ਗੀਤ ‘ਨਜ਼ਰਾਂ ਚੁਰਾ ਕੇ’ ਟਾਈਟਲ ਹੇਠ ਯੂਟਿਊਬ ਰਾਹੀਂ ਸਰੋਤਿਆਂ ਵੱਲੋਂ ਮਾਣਿਆ ਜਾ ਰਿਹਾ ਹੈ।
ਹੱਸਮੁੱਖ ਚਿਹਰਾ, ਮਧਰਾ ਕੱਦ। ਮਾਸੂਮ ਪਰ ਚੁਸਤ ਹੱਸਦੀਆਂ ਅੱਖਾਂ ਤੇ ਲੋਹੜੇ ਦੀ ਫੁਰਤੀ ਵਾਲ਼ਾ ਇਹ ਨੌਜਵਾਨ ਤਿੱਖੇ ਨੈਣ-ਨਕਸ਼ਾਂ ਨਾਲ਼ ਸਾਮਹਣੇ ਵਾਲ਼ੇ ਨੂੰ ਪ੍ਰਭਾਵਿਤ ਕਰਨ ਦਾ ਹੁਨਰ ਰੱਖਦਾ ਹੈ। ਓਹਦੀਆਂ ਉਂਗਲ਼ਾਂ ਦੇ ਪੋਟਿਆਂ ‘ਚੋਂ ਸੰਗੀਤ ਝਰਦਾ ਹੈ। ਲਾਲੀ ਧਾਲੀਵਾਲ਼ ਹੋਰਾਂ ਮੇਰਾ ਇਹ ਗੀਤ ਬਿਲਕੁਲ ਨਵੇਂ ਗਾਇਕ ਅਨਮੋਲ ਵਿੱਕੀ ਨੂੰ ਗਾਉਣ ਲਈ ਦਿੱਤਾ। ਸਿਸਵਾਂ ਦੇ ਨੀਮ-ਪਹਾੜੀ ਖੇਤਰ ਵਿੱਚ ਅਤੇ ਮੋਹਾਲ਼ੀ ਦੇ ਦਸ ਫੇਜ਼ ਦੀ ਸਿਲਵਰ ਸਿਟੀ ਪਾਰਕ ਵਿੱਚ ਇਸ ਗੀਤ ਦਾ ਫਿਲਮਾਂਕਣ ਹੋਇਆ। ਇਸ ਪਹਿਲੇ ਹੀ ਗੀਤ ਨੇ ਮੈਨੂੰ ਉਤਸ਼ਾਹ ਨਾਲ਼ ਭਰ ਦਿੱਤਾ।
ਲਾਲੀ ਧਾਲੀਵਾਲ਼ ਵੱਲੋਂ ਮੇਰੇ ਦੂਸਰੇ ਗੀਤ ”ਯਾਦਾਂ ਦਿਲ ਦੇ ਝਨਾਂ ‘ਚ ਜਦੋਂ ਵਹਿਣਗੀਆਂ, ਤਾਘਾਂ ਸੱਜਣਾਂ ਮਿਲ਼ਣ ਦੀਆਂ ਰਹਿਣਗੀਆਂ” ਨੂੰ ਬਜ਼ੁਰਗ ਸੁਰੀਲੇ ਗਾਇਕ ਲਛਮਣ ਮਾਂਗਟ ਅਤੇ ਬਲਜੀਤ ਬੰਗੜ ਹੋਰਾਂ ਤੋਂ ਵੱਖਰੇ ਵੱਖਰੇ ਤੌਰ ਤੇ ਗਾਇਆ ਜੋ ‘ਦਿਲ ਦੇ ਝਨਾਂ’ ਟਾਈਟਲ ਹੇਠ ਯੂਟਿਊਬ ਰਾਹੀਂ ਸਰੋਤਿਆਂ ਵੱਲੋਂ ਮਾਣਿਆ ਜਾ ਰਿਹਾ ਹੈ।
ਅਕਸਰ ਮੈਂ ਲਾਲੀ ਧਾਲੀਵਾਲ ਦੇ ਸਟੂਡੀਓ ਸਕੂਨ ਦੇ ਕੁਝ ਪਲ ਲੱਭਣ ਚਲਾ ਜਾਂਦਾ ਹਾਂ। ਓਥੇ ਜਾ ਕੇ ਮੈਨੂੰ ਬੇਹੱਦ ਸਕੂਨ ਮਿਲ਼ਦਾ ਹੈ। ਸੰਗੀਤਕ ਤੇ ਗਾਇਨ ਕਲਾ ਦੀਆਂ ਗੱਲਾਂ ਸੁਣ-ਕਰ ਕੇ ਮਨ ਖੁਸ਼ ਹੋ ਜਾਂਦਾ ਹੈ। ਸਾਹਾਂ ਵਿੱਚ ਸੰਗੀਤ ਘੁਲ਼ ਜਾਂਦਾ ਹੈ। ਮਧੁਰਤਾ ਇਰਦ-ਗਿਰਦ ਮੰਡਰਾਉਣ ਲਗਦੀ ਹੈ। ਮੇਰਾ ਆਪਾ ਸੰਗਤਮਈ ਹੋ ਜਾਂਦਾ ਹੈ। ਇੱਕ ਦੁਪਹਿਰ ਇਨ੍ਹਾਂ ਹੀ ਪਲਾਂ ਨੂੰ ਅਸੀਂ ਰਲ਼ ਕੇ ਮਾਣਿਆ। ਉਨ੍ਹਾਂ ਦਾ ਬੇਟਾ ਸਿਮਰਨ ਧਾਲੀਵਾਲ ਹਮੇਸ਼ਾ ਵਾਂਗ ਸਾਡੇ ਅੰਗ-ਸੰਗ ਵਿਚਰਿਆ। ਸਿਮਰਨ ਧਾਲੀਵਾਲ ਸਾਡਾ ਸਾਰਥੀ ਬਣਦਾ ਤਾਂ ਮੈਨੂੰ ਬਹੁਤ ਚੰਗਾ ਲਗਦਾ ਹੈ।

