|
ਮਾਸਟਰ ਤਰਲੋਚਨ ਸਮਰਾਲਾ ਨੂੰ ਯਾਦ ਕਰਨ ਅਤੇ ਜ਼ਿੰਦਾ ਰੱਖਣ ਲਈ ਉਸਦੇ ਵਿਚਾਰਾਂ ਦੀ ਜੋਤ ਜਗਦੀ ਰੱਖਣੀ। ਮਾਸਟਰ ਤਰਲੋਚਨ ਸਿੰਘ ਦਾ ਭੋਗ ਅਤੇ ਸਤਿਕਾਰ ਸਮਾਗਮ 20 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਾਮਗੜ੍ਹ (ਭਗਵਾਨਪੁਰਾ ਰੋਡ, ਮਾਸਟਰ ਜੀ ਦੇ ਘਰ ਦੇ ਪਿਛਲੇ ਪਾਸੇ) ਵਿਖੇ 11 ਤੋਂ 2 ਵਜੇ ਤੱਕ ਹੈ।
ਨਾ ਮੈਂ ਹਿੰਦੂ, ਨਾ ਮੈਂ ਸਿੱਖ/ ਮਾਸਟਰ ਤਰਲੋਚਨ ਨਾ ਮੈਂ ਹਿੰਦੂ, ਨਾ ਮੈਂ ਸਿੱਖ
ਨਾ ਹੀ ਮੁਸਲਮਾਨ ਵੇ ਲੋਕੋ !
ਇਸ ਧਰਤੀ ਤੇ ਜੰਮਿਆਂ ਪਲਿਆ
ਮੈਂ ਅਦਨਾ ਇਨਸਾਨ ਵੇ ਲੋਕੋ!
ਮੈਂ ਤਾਂ ਹਾਂ ਉਸ ਰੱਬ ਤੋਂ ਬਾਗ਼ੀ
ਜੀਹਦੇ ਨਾਂ ਤੇ ਖ਼ੂਨ ਵਗੇਂਦਾ
ਵਿੰਨ੍ਹਿਆਂ ਜਾਏ ਕਲੇਜਾ ਮੇਰਾ
ਕੋਹੇ ਗਏ ਮਾਸੂਮ ਜਾਂ ਵੇਂਹਦਾ
ਮਾਨਵਤਾ ਦੇ ਸੁਰਖ਼ ਲਹੂ ਨਾਲ਼
ਧਰਤੀ ਲ਼ਹੂ ਲੁਹਾਣ ਵੇ ਲੋਕੋ!
ਨਾ ਮੈਂ ਹਿੰਦੂ ਨਾ ਮੈਂ ਸਿੱਖ
ਨਾ ਹੀ ਮੁਸਲਮਾਨ ਵੇ ਲੋਕੋ!
ਵੰਡੀਆਂ ਦਾ ਦਸਤੂਰ ਪੁਰਾਣਾ
ਲੀਕਾਂ ਪਾਵੇ ਵੈਰ ਵਧਾਵੇ
ਜਦ ਵੀ ਝੱਖੜ ਬਣ ਕੇ ਝੁੱਲੇ
ਕਹਿਰ ਕਮਾਵੇ ਅੱਗਾਂ ਲਾਵੇ
ਕੈਸੀ ਮਦਰਾ ਜੀਹਨੂੰ ਪੀ ਕੇ
ਬੰਦਾ ਬਣੇ ਸ਼ੈਤਾਨ ਦੇ ਲੋਕੋ!
ਨਾ ਮੈਂ ਹਿੰਦੂ, ਨਾ ਮੈਂ ਸਿੱਖ
ਨਾ ਮੈਂ ਮੁਸਲਮਾਨ ਵੇ ਲੋਕੋ
ਪਾਗਲਪਣ ਦਾ ਦੌਰਾ ਇਹ ਜੋ
ਫੁੱਟਦੀਆਂ ਲਗਰਾਂ ਚਰ ਜਾਂਦਾ ਏ
ਹਾਸੇ ਖੋਹ ਕੇ ਲੈ ਜਾਂਦਾ ਏ
ਰੋਣੇ ਵਿਹੜੇ ਧਰ ਜਾਂਦਾ ਏ
ਮੈਂ ਕੀ ਕਰਨਾ ਨਫ਼ਰਤ ਬੀਜੇ
ਜਿਹੜਾ ਖਰੜ ਗਿਆਨ ਦੇ ਲੋਕੋ !
ਨਾ ਮੈਂ ਹਿੰਦੂ ਨਾ ਮੈਂ ਸਿੱਖ
ਨਾ ਮੈਂ ਮੁਸਲਮਾਨ ਵੇ ਲੋਕੋ!
ਕਰਮਾਂ ਦਾ ਫ਼ਲ਼ ਦੱਸ ਦੱਸ ਜਿਹੜੇ
ਲੋਕਾਂ ਨੂੰ ਉਲਝਾਈ ਜਾਂਦੇ
ਸਣ ਕੁੱਕੜੇ ਫੁੱਲਾਂ ਦਾ ਕਾੜ੍ਹਾ
ਤੜਕੇ ਉੱਠ ਪਿਲਾਈ ਜਾਂਦੇ
ਬਾਂਝ ਹੋਵੇ ਕੁੱਖ ਅਣਖ਼ ਨਾ ਜੰਮੇ
ਲਾਈ ਜਾਂਦੇ ਤਾਣ ਵੇ ਲੋਕੋ!
ਮੇਰੇ ਲਈ ਹਰ ਬੰਦਾ ਰੱਬ ਜੋ
ਆਪਣੇ ਹੱਥੀਂ ਕਿਰਤ ਕਮਾਵੇ
ਮੇਰੇ ਲਈ ਹਰ ਬੰਦਾ ਰਾਖ਼ਸ਼
ਜੋ ਦੂਜੇ ਤੋਂ ਖੋਹ ਕੇ ਖਾਵੇ
ਧਰਮ ਕਰਮ ਦੇ ਚੱਕਰ ਝੂਠੇ
ਇਹ ਸੱਚਾ ਈਮਾਨ ਵੇ ਲੋਕੋ!
ਸੁਰਖ਼ ਰੇਖਾ ਫਰਵਰੀ 1987 ‘ਚ ਛਪੀ ਮਾਸਟਰ ਤਰਲੋਚਨ ਦੀ ਰਚਨਾ ਅੱਜ ਹੋਰ ਵੀ ਵਧੇਰੇ ਪ੍ਰਸੰਗਿਕ ਹੈ।
|



