www.sursaanjh.com > ਸਿੱਖਿਆ > ਸਾਬਕਾ ਅਧਿਆਪਕਾ ਦੇ ਪਰਿਵਾਰ ਵੱਲੋਂ ਸਕੂਲਾਂ ਨੂੰ ਸਹਾਇਤਾ

ਸਾਬਕਾ ਅਧਿਆਪਕਾ ਦੇ ਪਰਿਵਾਰ ਵੱਲੋਂ ਸਕੂਲਾਂ ਨੂੰ ਸਹਾਇਤਾ

ਸਾਬਕਾ ਅਧਿਆਪਕਾ ਦੇ ਪਰਿਵਾਰ ਵੱਲੋਂ ਸਕੂਲਾਂ ਨੂੰ ਸਹਾਇਤਾ
ਖਰੜ/ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 3 ਸਤੰਬਰ:
ਖਰੜ ਦੇ ਸਰਕਾਰੀ ਹਾਈ ਸਕੂਲ ਰਡਿਆਲਾ ਦੇ ਵਿਕਾਸ ਲਈ ਖਰੜ ਨਿਵਾਸੀ ਵੇਦ ਪਾਲ ਅਤੇ ਉਨ੍ਹਾਂ ਦੇ ਸਪੁੱਤਰ ਤਰਕਸ਼ ਮੋਹਨ ਨੇ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ। ਇਸ ਸਬੰਧੀ ਸਕੂਲ ਦੇ ਹੈੱਡਮਾਸਟਰ ਨੇ ਦੱਸਿਆ ਕਿ ਕੱਲ੍ਹ ਜਦੋਂ ਪਰਿਵਾਰ ਨੇ ਅਚਾਨਕ ਉਨ੍ਹਾਂ ਦੇ ਦਫਤਰ ਪੁੱਜ ਕੇ ਉਹਨਾਂ ਦੀ ਮੇਜ਼ ‘ਤੇ ਨਕਦੀ ਰੱਖੀ ਤਾਂ ਇੱਕ ਵਾਰੀ ਤਾਂ ਉਹ ਕਿਸੇ ਅਜਨਬੀ ਦਾ ਅਜਿਹਾ ਵਰਤਾਰਾ ਦੇਖ ਕੇ ਘਬਰਾ ਹੀ ਗਏ। ਪੁੱਛਣ ਤੇ ਪਰਿਵਾਰ ਨੇ ਦੱਸਿਆ ਕਿ ਸਵਰਗੀ ਸ੍ਰੀਮਤੀ ਸਨੇਹ ਲਤਾ ਸਰਕਾਰੀ ਮਿਡਲ ਸਕੂਲ ਦਾਊਮਾਜਰਾ ਵਿਖੇ ਡਰਾਇੰਗ ਟੀਚਰ ਰਹੇ ਹਨ। ਦਾਊਮਾਜਰਾ ਸਕੂਲ ਰਡਿਆਲਾ ਅਧੀਨ ਹੋਣ ਕਾਰਨ ਸਵਰਗੀ ਸਨੇਹ ਲਤਾ ਦੇ ਪੁਰਾਣੇ ਰੁਕੇ ਹੋਏ ਬਕਾਏ ਸਰਕਾਰੀ ਖਜ਼ਾਨੇ ਵਿੱਚੋਂ ਰਡਿਆਲਾ ਸਕੂਲ ਦੁਆਰਾ ਕਢਵਾਏ ਗਏ। ਇਸ ਲਈ ਉਨ੍ਹਾਂ ਦੀ ਯਾਦ ਵਜੋਂ ਉਹ ਇਹ ਰਾਸ਼ੀ ਭੇਂਟ ਕਰਨ ਆਏ ਹਨ।
ਰਡਿਆਲਾ ਸਕੂਲ ਦੇ ਹੈੱਡਮਾਸਟਰ ਨੇ ਪਰਿਵਾਰ ਦਾ ਧੰਨਵਾਦ ਅਤੇ ਤਰੱਕੀ ਲਈ ਦੁਆਵਾਂ ਕੀਤੀਆਂ ਅਤੇ ਅੱਗੇ ਦੱਸਿਆ ਕਿ ਉਹ ਇਸ ਰਾਸ਼ੀ ਵਿੱਚੋਂ ਅੱਧੀ ਰਾਸ਼ੀ ਇਸ ਅਧਿਆਪਕਾ ਦੇ ਕੰਮ ਕਰਨ ਦੇ ਅਸਲ ਸਕੂਲ ਦਾਊਮਾਜਰਾ ਵਿਖੇ ਭੇਜਣ ਬਾਰੇ ਸੋਚ ਹੀ ਰਹੇ ਸਨ ਕਿ ਐਨੇ ਵਿੱਚ ਦਾਊਮਾਜਰਾ ਦੇ ਸਕੂਲ – ਇੰਚਾਰਜ ਗੁਰਜੀਤ ਕੌਰ ਦਾ ਸੁਖਦ ਸੁਨੇਹਾ ਪ੍ਰਾਪਤ ਹੋਇਆ ਕਿ ਇਸੇ ਪਰਿਵਾਰ ਨੇ 10 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਦਾਊਮਾਜਰਾ ਸਕੂਲ ਨੂੰ ਵੀ ਭੇਂਟ ਕੀਤੀ ਹੈ। ਰਡਿਆਲਾ ਸਕੂਲ ਦੇ ਹੈੱਡਮਾਸਟਰ ਨੇ ਇਸ ਪਰਿਵਾਰ ਦੇ ਪੂਰਨਿਆਂ ‘ਤੇ ਚੱਲਦਿਆਂ ਬਾਕੀ ਸਮਾਜ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਪਰਿਵਾਰ ਨੂੰ ਵਿਸ਼ੇਸ਼ ਯਾਦਗਾਰੀ ਮੌਕਿਆਂ ‘ਤੇ ਵਿਦਿਆਰਥੀਆਂ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਵਿੱਦਿਆ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ। ਇਸ ਮੌਕੇ ਸੀਮਾ ਸਿਆਲ, ਅੰਮ੍ਰਿਤਪਾਲ ਕੌਰ ਤੇ ਅਵਤਾਰ ਸਿੰਘ ਸਮੇਤ ਬਾਕੀ ਸਟਾਫ ਅਤੇ ਵਿਦਿਆਰਥੀ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪਰਿਵਾਰ ਰਡਿਆਲਾ ਸਕੂਲ ਦੇ ਹੈਡਮਾਸਟਰ ਅਤੇ ਦਾਊਮਾਜਰਾ ਸਕੂਲ ਦੀ ਇੰਚਾਰਜ ਨੂੰ ਸਹਾਇਤਾ ਰਾਸ਼ੀ ਭੇਂਟ ਕਰਦੇ ਹੋਏ।

Leave a Reply

Your email address will not be published. Required fields are marked *