ਕਹਾਣੀਕਾਰ ਸਰੂਪ ਸਿਆਲਵੀ ਦਾ ਰੂਬਰੂ ਤੇ ਕਾਵਿ-ਮਹਿਫਿਲ ਦੀਆਂ ਪੈੜਾਂ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਸਤੰਬਰ:
ਪੰਜਾਬੀ ਸਾਹਿਤ ਸਭਾ ਖਰੜ ਦਾ ਸਾਹਿਤਕ ਸਮਾਗਮ ਹੋਇਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਨਰਿੰਦਰ ਸਿੰਘ ਉੱਘੇ ਸਮਾਜ ਸੇਵੀ, ਸਭਾ ਦੇ ਸਰਪ੍ਰਸਤ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਕਹਾਣੀਕਾਰ ਸਰੂਪ ਸਿਆਲਵੀ, ਪ੍ਰਧਾਨ ਡਾ. ਜਸਪਾਲ ਸਿੰਘ ਜੱਸੀ ਤੇ ਡਾਕਟਰ ਕਿਰਪਾਲ ਸਿੰਘ ਰੰਗਕਰਮੀ ਸ਼ਾਮਲ ਹੋਏ। ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਸੀਨੀਅਰ ਮੀਤ ਪਰਧਾਨ ਨੇ ਸੁਆਗਤੀ ਸ਼ਬਦ ਆਖੇ ਤੇ ਮੁੱਖ ਮਹਿਮਾਨ ਐਡਵੋਕੇਟ ਨਰਿੰਦਰ ਸਿੰਘ ਦੇ ਸਮਾਜ ਸੇਵੀ ਕਾਰਜਾਂ ਬਾਰੇ ਚਾਨਣਾ ਪਾਇਆ।


ਕਾਵਿ ਮਹਿਫ਼ਲ ਦਾ ਆਰੰਭ ਡਾਕਟਰ ਸਿਮਰਜੀਤ ਕੌਰ ਨੇ ਮੁਹੱਬਤ ਦੀ ਕਵਿਤਾ ਸੁਣਾ ਕੇ ਕੀਤਾ। ਸਾਵਣ ਰੁੱਤ ਬਾਰੇ ਦਲਜੀਤ ਕੌਰ ਦਾਊਂ ਦੀ ਕਵਿਤਾ ਨੇ ਛਹਿਬਰ ਲਾਈ । ਸੁੱਚਾ ਸਿੰਘ ਅਧਰੇੜਾ ਨੇ ਕਾਵਿ-ਵਿਅੰਗ ਪੇਸ਼ ਕੀਤੇ। ਜਗਤਾਰ ਸਿੰਘ ਜੋਗ ਨੇ ਸੁਰੀਲੀ ਆਵਾਜ਼ ਵਿੱਚ ‘ਚ ਗੀਤ ਦੀਆਂ ਧੁਨਾਂ ਛੇੜੀਆਂ। ਵਾਰਿਸ ਸ਼ਾਹ ਦੇ ਕਲਾਮ ਨੂੰ ਬਲਵਿੰਦਰ ਸਿੰਘ ਢਿੱਲੋਂ ਨੇ ਪੇਸ਼ ਕਰਕੇ ਸਰੋਤੇ ਮੰਤਰ ਮੁਗਧ ਕਰ ਦਿੱਤੇ। ਧਿਆਨ ਸਿੰਘ ਕਾਹਲੋਂ ਨੇ ਕਵਿਤਾ ਰਾਹੀਂ ਹਾਜ਼ਰੀ ਲੁਆਈ। ਨੀਲਮ ਨਾਰੰਗ ਨੇ ਆਪਣੀ ਕਵਿਤਾਂ ਰਾਹੀਂ ਵਿਰਸੇ ਨਾਲ ਜੁੜੀਆਂ ਵਸਤਾਂ ਦੀ ਗੱਲ ਕੀਤੀ। ਮਿੰਦਰ ਗਿੱਲ ਸਾਹਿਬਚੰਦੀਆਂ ਨੇ ਤਰੰਨਮ’ ਚ ਗੀਤ ਗਾ ਕੇ ਦਾਦ ਲਿੱਤੀ।
ਪ੍ਰਿੰ: ਅੰਮ੍ਰਿਤ ਕੌਰ ਅਤੇ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਮੁੱਲਵਾਨ ਵਿਚਾਰਾਂ ਨਾਲ ਖੁਸ਼ੀ ਸਾਂਝੀ ਕੀਤੀ। ਡਾ. ਕਿਰਪਾਲ ਸਿੰਘ ਨੇ ਸਭਾ ਨਾਲ ਜੁੜਨ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਿਚਾਰ ਸਾਂਝੇ ਕੀਤੇ। ਦੂਜੇ ਦੌਰ ਵਿੱਚ ਕਹਾਣੀਕਾਰ ਸਰੂਪ ਸਿਆਲਵੀ ਨੇ ਕੌਮਾਂ ਦੇ ਸਭਿਆਚਾਰ ਤੇ ਇਤਿਹਾਸ ਦੇ ਪ੍ਰਸੰਗ ਵਿੱਚ ਘੱਟ ਗਿਣਤੀ ਵਰਗ ਦੇ ਲੋਕਾਂ ਦੀ ਤ੍ਰਾਸਦੀ ਬਾਰੇ ਸਾਹਿਤ ਦੀ ਭੂਮਿਕਾ ਨੂੰ ਸ਼ਕਤੀਸ਼ਾਲੀ ਦੱਸਿਆ ਤੇ ‘ਮੈਂ ਸਤਲੁਜ ਬੋਲਦਾਂ’ ਕਹਾਣੀ ਰਾਹੀਂ ਪੁਆਧ ਦੇ ਆਦਿ ਬਾਰੇ ਜਾਣਕਾਰੀ ਦਿੱਤੀ। ਡਾ. ਜਸਪਾਲ ਸਿੰਘ ਜੱਸੀ ਨੇ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਪੰਜਾਬੀ ਸਾਹਿਤ ਦੇ ਉਸਾਰੂ ਪੱਖਾਂ ਨੂੰ ਉਘਾੜਿਆ।
ਐਡਵੋਕੇਟ ਨਰਿੰਦਰ ਸਿੰਘ ਨੇ ਆਪਣੇ ਇਲਾਕੇ ਤੇ ਲੋਕਾਂ ਨਾਲ ਮੋਹ ਭਿੱਜੇ ਸ਼ਬਦਾਂ ਨਾਲ ਸਮਾਗਮ ਦੀ ਪ੍ਰਸੰਸਾ ਕੀਤੀ। ਪ੍ਰਧਾਨਗੀ ਭਾਸ਼ਣ ਦਿੰਦਿਆ ਮਨਮੋਹਨ ਸਿੰਘ ਦਾਊਂ ਨੇ ਕਾਵਿ-ਮਹਿਫਲ ਦੀ ਸ਼ਲਾਘਾ ਕੀਤੀ ਤੇ ਕਵਿਤਾ ਦੀ ਸ਼ਕਤੀ ਬਾਰੇ ਸੂਖ਼ਮ ਗੱਲਾਂ ਕੀਤੀਆਂ ਅਤੇ ਕਹਾਣੀਕਾਰ ਸਿਆਲਵੀ ਦੀ ਸਾਹਿਤਕ ਦੇਣ ਨੂੰ ਸਲਾਹਿਆ। ਸਭਾ ਵੱਲੋਂ ਮੁੱਖ ਮਹਿਮਾਨ ਅਤੇ ਸਿਆਲਵੀ ਦਾ ਸਨਮਾਨ ਕੀਤਾ ਗਿਆ। ਇਸ ਸਫ਼ਲ ਸਮਾਗਮ ਦਾ ਮੰਚ ਸੰਚਾਲਨ ਬਾਖੂਬੀ ਜਰਨਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਕੀਤਾ।
ਪੇਸ਼ਕਸ਼: ਮਨਮੋਹਨ ਸਿੰਘ ਦਾਊਂ- 9815123900

