ਐਡਵੋਕੇਟ ਨਰਿੰਦਰ ਸਿੰਘ ਖਰੜ ਨੇ ਸਾਹਿਤ ਸਭਾ ਨੂੰ ਵੰਡੇ ਬੂਟੇ
ਚੰਡੀਗੜ੍ਹ 6 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪੰਜਾਬੀ ਸਾਹਿਤ ਸਭਾ ਖਰੜ ਦਾ ਸਾਹਿਤਕ ਸਮਾਗਮ ਖਰੜ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਐਡਵੋਕੇਟ ਤੇ ਸਮਾਜ ਸੇਵੀ ਨਰਿੰਦਰ ਸਿੰਘ ਖਰੜ ਨੇ ਸਮੂਲੀਅਤ ਕੀਤੀ। ਸਭਾ ਦੇ ਸਰਪ੍ਰਸਤ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਕਹਾਣੀਕਾਰ ਸਰੂਪ ਸਿਆਲਵੀ, ਪ੍ਰਧਾਨ ਡਾ. ਜਸਪਾਲ ਸਿੰਘ ਜੱਸੀ ਤੇ ਡਾ. ਕਿਰਪਾਲ ਸਿੰਘ ਰੰਗਕਰਮੀ ਸ਼ਾਮਲ ਹੋਏ। ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਸੀਨੀਅਰ ਮੀਤ ਪ੍ਰਧਾਨ ਨੇ ਸਵਾਗਤੀ ਸ਼ਬਦ ਆਖੇ ਤੇ ਮੁੱਖ ਮਹਿਮਾਨ ਐਡਵੋਕੇਟ ਨਰਿੰਦਰ ਸਿੰਘ ਦੇ ਸਮਾਜ ਸੇਵੀ ਕਾਰਜਾਂ ਬਾਰੇ ਚਾਨਣਾ ਪਾਇਆ।


ਕਾਵਿ ਮਹਿਫ਼ਲ ਦਾ ਆਰੰਭ ਡਾ. ਸਿਮਰਜੀਤ ਕੌਰ ਨੇ ਮੁਹੱਬਤ ਦੀ ਕਵਿਤਾ ਸੁਣਾ ਕੇ ਕੀਤਾ। ਸਾਵਣ ਰੁੱਤ ਬਾਰੇ ਦਲਜੀਤ ਕੌਰ ਦਾਊਂ ਦੀ ਕਵਿਤਾ ਨੇ ਛਹਿਬਰ ਲਾਈ। ਸੁੱਚਾ ਸਿੰਘ ਅਧਰੇੜਾ ਨੇ ਕਾਵਿ-ਵਿਅੰਗ ਪੇਸ਼ ਕੀਤੇ। ਜਗਤਾਰ ਸਿੰਘ ਜੋਗ ਨੇ ਸੁਰੀਲੀ ਆਵਾਜ਼ ਵਿੱਚ ਗੀਤ ਦੀਆਂ ਧੁਨਾਂ ਛੇੜੀਆਂ। ਵਾਰਿਸ ਸ਼ਾਹ ਦੇ ਕਲਾਮ ਨੂੰ ਬਲਵਿੰਦਰ ਸਿੰਘ ਢਿੱਲੋਂ ਨੇ ਪੇਸ਼ ਕਰਕੇ ਸਰੋਤੇ ਮੰਤਰ ਮੁਗਧ ਕਰ ਦਿੱਤੇ। ਧਿਆਨ ਸਿੰਘ ਕਾਹਲੋਂ ਨੇ ਕਵਿਤਾ ਰਾਹੀਂ ਹਾਜ਼ਰੀ ਲੁਵਾਈ, ਨੀਲਮ ਨਾਰੰਗ ਨੇ ਆਪਣੀ ਕਵਿਤਾ ਰਾਹੀਂ ਵਿਰਸੇ ਨਾਲ ਜੁੜੀਆਂ ਵਸਤਾਂ ਦੀ ਗੱਲ ਕੀਤੀ। ਮਿੰਦਰ ਗਿੱਲ ਸਾਹਿਬਚੰਦੀਆ ਨੇ ਤਰੰਨਮ ’ਚ ਗੀਤ ਗਾ ਕੇ ਦਾਦ ਹਾਸਲ ਕੀਤੀ। ਪ੍ਰਿੰ: ਅੰਮ੍ਰਿਤ ਕੌਰ ਅਤੇ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਮੁੱਲਵਾਨ ਵਿਚਾਰਾਂ ਨਾਲ ਖੁਸ਼ੀ ਸਾਂਝੀ ਕੀਤੀ। ਡਾ. ਕਿਰਪਾਲ ਸਿੰਘ ਨੇ ਸਭਾ ਨਾਲ ਜੁੜਨ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਿਚਾਰ ਸਾਂਝੇ ਕੀਤੇ।
ਦੂਜੇ ਦੌਰ ਵਿੱਚ ਕਹਾਣੀਕਾਰ ਸਰੂਪ ਸਿਆਲਵੀ ਨੇ ਕੌਮਾਂ ਦੇ ਸੱਭਿਆਚਾਰ ਤੇ ਇਤਿਹਾਸ ਦੇ ਪ੍ਰਸੰਗ ਵਿੱਚ ਘੱਟ ਗਿਣਤੀ ਵਰਗ ਦੇ ਲੋਕਾਂ ਦੀ ਤ੍ਰਾਸਦੀ ਬਾਰੇ ਸਾਹਿਤ ਦੀ ਭੂਮਿਕਾ ਨੂੰ ਸ਼ਕਤੀਸ਼ਾਲੀ ਦੱਸਿਆ ਤੇ ‘ਮੈਂ ਸਤਲੁਜ ਬੋਲਦਾ’ ਕਹਾਣੀ ਰਾਹੀਂ ਪੁਆਧ ਦੇ ਆਦਿ ਬਾਰੇ ਜਾਣਕਾਰੀ ਦਿੱਤੀ। ਡਾ. ਜਸਪਾਲ ਸਿੰਘ ਜੱਸੀ ਨੇ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਪੰਜਾਬੀ ਸਾਹਿਤ ਦੇ ਉਸਾਰੂ ਪੱਖਾਂ ਨੂੰ ਉਘਾੜਿਆ। ਐਡਵੋਕੇਟ ਨਰਿੰਦਰ ਸਿੰਘ ਨੇ ਆਪਣੇ ਇਲਾਕੇ ਤੇ ਲੋਕਾਂ ਨਾਲ ਮੋਹ ਭਿੱਜੇ ਸ਼ਬਦਾਂ ਨਾਲ ਸਮਾਗਮ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਾਹਿਤ ਸਾਡਾ ਇੱਕ ਅਨਮੋਲ ਖਜ਼ਾਨਾ ਹੈ।
ਉਹਨਾਂ ਨੇ ਉਹਨਾਂ ਸਾਹਿਤਕਾਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਕਲਮ ਦੀ ਬਦੌਲਤ ਅਸੀਂ ਆਪਣਾ ਸਾਹਿਤ ਜਾਂ ਪੰਜਾਬੀ ਸੱਭਿਆਚਾਰ ਵੱਖ-ਵੱਖ ਰਸਾਲਿਆਂ, ਅਖਬਾਰਾਂ ਆਦਿ ਰਾਹੀਂ ਸਾਡੇ ਤੱਕ ਪਹੁੰਚਾਉਂਦੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਕਿਸੇ ਅਖਬਾਰ ਜਾਂ ਰਸਾਲੇ ਵਿੱਚ ਖਾਸ ਕਰਕੇ ਵਾਤਾਵਰਣ ਸਬੰਧੀ ਕੋਈ ਕਵਿਤਾ, ਰਚਨਾ ਜਾਂ ਆਰਟੀਕਲ ਆਉਦਾ ਹੈ ਤਾਂ ਉਸਦੇ ਹੇਠ ਲਿਖੇ ਹੋਏ ਮੋਬਾਇਲ ਨੰਬਰ ਤੇ ਫੋਨ ਕਰਕੇ ਵਿਸ਼ੇਸ ਤੌਰ ਤੇ ਹੌਸਲਾ ਅਫ਼ਜ਼ਾਈ ਅਤੇ ਧੰਨਵਾਦ ਕਰਦਾ ਹਾਂ ਅਤੇ ਹੋਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਹਰ ਇੱਕ ਵਿਅਕਤੀ ਨੂੰ ਸਾਹਿਤਕਾਰਾਂ ਦਾ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਕਿਉਂਕਿ ਕਿਸੇ ਦੀ ਹੌਸਲਾ ਅਫ਼ਜ਼ਾਈ ਕਰਨਾ ਆਕਸੀਜਨ ਦੇਣ ਦੇ ਬਰਾਬਰ ਹੁੰਦੀ ਹੈ।
ਐਡਵੋਕੇਟ ਨੇ ਸਾਹਿਤ ਸਭਾ ਦੇ ਮੈਬਰਾਂ ਨੂੰ ਫੁੱਲਦਾਰ ਤੇ ਛਾਂਦਾਰ ਬੂਟੇ ਵੀ ਦਿੱਤੇ। ਪ੍ਰਧਾਨਗੀ ਭਾਸ਼ਣ ਦਿੰਦਿਆ ਮਨਮੋਹਨ ਸਿੰਘ ਦਾਊਂ ਨੇ ਕਾਵਿ-ਮਹਿਫਲ ਦੀ ਸ਼ਲਾਘਾ ਕੀਤੀ ਤੇ ਕਵਿਤਾ ਦੀ ਸ਼ਕਤੀ ਬਾਰੇ ਸੂਖ਼ਮ ਗੱਲਾਂ ਕੀਤੀਆਂ ਅਤੇ ਕਹਾਣੀਕਾਰ ਸਿਆਲਵੀ ਦੀ ਸਾਹਿਤਕ ਦੇਣ ਨੂੰ ਸਲਾਹਿਆ। ਸਭਾ ਵੱਲੋਂ ਮੁੱਖ ਮਹਿਮਾਨ ਅਤੇ ਸਿਆਲਵੀ ਦਾ ਸਨਮਾਨ ਕੀਤਾ ਗਿਆ। ਇਸ ਸਫ਼ਲ ਸਮਾਗਮ ਦਾ ਮੰਚ ਸੰਚਾਲਨ ਬਾਖੂਬੀ ਜਰਨਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਕੀਤਾ।

