ਡਾ. ਅੰਬਰੀਸ਼ ਨੂੰ ਪ੍ਰਦਾਨ ਕੀਤਾ ਗਿਆ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਸਨਮਾਨ
ਇਸ ਮੌਕੇ ਕਰਵਾਇਆ ਗਿਆ ਕਵੀ ਦਰਬਾਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 9 ਸਤੰਬਰ:
ਅੱਜ ਸੁਰ ਸਾਂਝ ਕਲਾ ਮੰਚ ਖਰੜ (ਰਜਿ.) ਵੱਲੋਂ ਏਥੇ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ, ਚੰਡੀਗੜ੍ਹ ਵਿਖੇ ਪਹਿਲਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਸਨਮਾਨ, ਉੱਘੇ ਕਵੀ ਅਤੇ ਵਾਰਤਕ ਲੇਖਕ ਡਾ.ਅੰਬਰੀਸ਼ ਹੋਰਾਂ ਨੂੰ ਦਿੱਤਾ ਗਿਆ। ਇਸ ਮੌਕੇ ਉੱਘੇ ਸ਼ਾਇਰਾਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ।


ਸਭ ਤੋਂ ਪਹਿਲਾਂ ਸ਼ਾਇਰਾ ਯਤਿੰਦਰ ਮਾਹਲ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਪੜ੍ਹੀਆਂ। ਇਸ ਤੋਂ ਬਾਅਦ ਚਰਚਿਤ ਸ਼ਾਇਰ ਸੁਰਜੀਤ ਸਿੰਘ ਜੀਤ ਨੇ ਆਪਣੀਆਂ ਗ਼ਜ਼ਲਾਂ ਸੁਣਾ ਕੇ ਖੂਬ ਦਾਦ ਖੱਟੀ। ਪਟਿਆਲੇ ਤੋਂ ਆਈ ਸ਼ਾਇਰਾ ਸੰਦੀਪ ਨੇ ਆਪਣੀਆਂ ਕਵਿਤਾਵਾਂ ਵਿਚ ਔਰਤ ਮਨ ਦੀ ਬਾਤ ਪਾਈ। ਪੰਜਾਬ ਯੂਨੀਵਰਸਿਟੀ ਦੀ ਰਿਸਰਚ ਸਕਾਲਰ ਜਸ਼ਨਪ੍ਰੀਤ ਨੇ ਸਰੋਤਿਆਂ ਸਾਹਮਣੇ “ਸਰੋਤਾ” ਸੰਬੋਧਨ ਵਾਲੀ ਕਵਿਤਾ ਪੜ੍ਹ ਕੇ ਸਭ ਦਾ ਮਨ ਮੋਹ ਲਿਆ। ਇਸ ਉਪਰੰਤ ਖੰਨੇ ਤੋਂ ਕਵੀ ਜੱਗਦੀਪ ਨੇ ਆਪਣੀ ਗ਼ਜ਼ਲ “ਨਜ਼ਰ ਪਥਰਾ ਗਈ ਹਰਿਆਲੀ ਨਹੀਂ ਗਈ, ਤੇਰਾ ਦੁੱਖ ਤਾਂ ਚਲਾ ਗਿਆ ਲਾਲੀ ਨਹੀਂ ਗਈ” ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਊਰਦੂ ਸ਼ਾਇਰ ਕਰਨ ਸਹਰ, ਸਾਨੀ ਜਗਜੀਵਨਮੀਤ ਨੇ ਸਮੇਂ ਦੇ ਹਾਣ ਦੀਆਂ ਰਚਨਾਵਾਂ ਸੁਣਾਈਆਂ।
ਸਮਾਗਮ ਦੇ ਦੂਸਰੇ ਸੈਸ਼ਨ ਵਿਚ ਡਾ. ਅੰਬਰੀਸ਼ ਹੋਰਾਂ ਨੂੰ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ੍ਰੀ ਗੁਰਪ੍ਰੀਤ ਨੇ ਕਿਹਾ ਕਿ ਡਾ. ਅੰਬਰੀਸ਼ ਬਹੁਤ ਹੀ ਬਾਰੀਕ ਸਮਝ ਵਾਲਾ ਲੇਖਕ ਹੈ। ਇਸ ਨੂੰ ਸਨਮਾਨਿਤ ਕਰਨਾ ਖੁਦ ਸਨਮਾਨਿਤ ਹੋਣਾ ਹੈ। ਹਰਫ਼ਨਮੌਲਾ ਲੇਖਕ ਡਾ. ਮਨਮੋਹਨ ਨੇ ਕਿਹਾ ਕਿ ਅੰਬਰੀਸ਼ ਨੂੰ ਆਪਣੇ ਸ਼ਬਦਾਂ ਨੂੰ ਥਾਂ ਸਿਰ ਰੱਖਣਾ ਆਉਂਦਾ ਹੈ। ਵਾਰਤਕ ਸਭ ਤੋਂ ਔਖੀ ਵਿਧਾ ਹੈ।
ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਡਾ. ਲਖਵਿੰਦਰ ਜੌਹਲ ਨੇ ਕਿਹਾ ਅੱਜ ਦਾ ਕਵੀ ਦਰਬਾਰ ਸੁਣ ਕੇ ਮੈਂ ਆਪਣੇ ਪਿਛਲੇ ਸੁਣੇ ਨੂੰ ਵਿਰਾਮ ਦਿੱਤਾ। ਅੱਜ ਦੇ ਸਨਮਾਨਿਤ ਲੇਖਕ ਬਾਰੇ ਉਹਨਾਂ ਕਿਹਾ ਕਿ ਅੰਬਰੀਸ਼ ਛੋਟੀਆਂ ਛੋਟੀਆਂ ਗੱਲਾਂ ‘ਤੇ ਆਪਣਾ ਬਿਰਤਾਂਤ ਬੁਣਦੇ ਨੇ; ਮੈਂ ਇਹਨਾਂ ਦੇ ਲੇਖਣ ਤੋਂ ਪ੍ਰਭਾਵਿਤ ਹਾਂ। ਮੰਚ ਦੇ ਪ੍ਰਧਾਨ ਸੁਰਜੀਤ ਸੁਮਨ ਨੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਬੱਝਵੇਂ ਰੂਪ ਵਿਚ ਬਾਖੂਬੀ ਨਿਭਾਇਆ। ਇਸ ਸਨਮਾਨ ਸਮਾਰੋਹ ਵਿੱਚ ਗੁਲ ਚੌਹਾਨ, ਕਹਾਣੀਕਾਰ ਬਲੀਜੀਤ, ਜੰਗ ਬਹਾਦਰ ਗੋਇਲ, ਨਿਖਿਲ, ਗੁਰਪ੍ਰੀਤ ਡੈਨੀ, ਪਰਮਿੰਦਰ ਸਿੰਘ ਗਿੱਲ, ਦਰਸ਼ਨ ਤਿਓਣਾ, ਪਾਲ ਅਜਨਬੀ, ਸਰਦਾਰਾ ਸਿੰਘ ਚੀਮਾ, ਧਿਆਨ ਸਿੰਘ ਕਾਹਲ਼ੋਂ, ਗੁਰਿੰਦਰ ਸਿੰਘ ਕਲਸੀ, ਗੁਰਚਰਨ ਸਿੰਘ, ਜਸਪਾਲ ਸਿੰਘ ਆਦਿ ਨੇ ਸ਼ਿਰਕਤ ਕੀਤੀ।

