ਗੁਰਿੰਦਰ ਸਿੰਘ ਕਲਸੀ ਵੱਲੋਂ ਲਿਖੇ ਸ਼ਬਦ ਚਿੱਤਰਾਂ ਦੀ ਕਿਤਾਬ “ਬਿਲਕੁਲ ਸਾਹਮਣੇ” ਰਿਲੀਜ਼ ਹੋਈ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਵ ਨਿਯੁਕਤ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਤੇ ਮੀਤ ਪ੍ਰਧਾਨ ਬਲਵਿੰਦਰ ਸੰਧੂ ਵੱਲੋਂ ਕੀਤੀ ਗਈ ਇਸ ਸਮਾਗਮ ਦੀ ਪ੍ਰਧਾਨਗੀ
ਗੁਰਿੰਦਰ ਸਿੰਘ ਕਲਸੀ, ਮਿਹਨਤੀ, ਪ੍ਤਿਭਾਵਾਨ ਤੇ ਦੂਰਦਰਸ਼ੀ ਲੇਖਕ ਵਜੋਂ ਵਿਚਰ ਰਿਹਾ ਹੈ – ਸੁਰਜੀਤ ਸਿੰਘ ਜੀਤ
ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਸਤੰਬਰ:


ਸ਼ਬਦ ਸੰਚਾਰ ਸਾਹਿਤਕ ਸੁਸਾਇਟੀ (ਰਜਿ.) ਮੋਰਿੰਡਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਲੇਖਕ ਗੁਰਿੰਦਰ ਸਿੰਘ ਕਲਸੀ ਦੀ ਨਵੀਂ ਕਿਤਾਬ ”ਬਿਲਕੁਲ ਸਾਹਮਣੇ” ਰਿਲੀਜ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਚੁਣੀ ਗਈ ਟੀਮ ਵੱਲੋਂ ਇਹ ਪਹਿਲਾ ਸਮਾਗਮ ਸੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਮੀਤ ਪ੍ਰਧਾਨ ਬਲਵਿੰਦਰ ਸੰਧੂ, ਲਾਲ ਮਿਸਤਰੀ ਅਤੇ ਗੁਰਨਾਮ ਸਿੰਘ ਬਿਜਲੀ ਸ਼ਾਮਿਲ ਹੋਏ।
ਸਤਵਿੰਦਰ ਸਿੰਘ ਮੜੌਲਵੀ ਦੇ ਸਵਾਗਤੀ ਸ਼ਬਦਾਂ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਕਿਤਾਬ ”ਬਿਲਕੁਲ ਸਾਹਮਣੇ’‘ ਨੂੰ ਰਿਲੀਜ਼ ਕਰਦਿਆਂ ਦਰਸ਼ਨ ਬੁੱਟਰ ਨੇ ਕਿਹਾ ਕਿ ਗੁਰਿੰਦਰ ਸਿੰਘ ਕਲਸੀ ਨੇ ਇਸ ਕਿਤਾਬ ਦੇ ਲੇਖਕ ਪਾਤਰਾਂ ਨੂੰ ਮੋਹ, ਅਪਣੱਤ ਦੇ ਰੰਗਾਂ ਅਤੇ ਡੂੰਘੀ ਦ੍ਰਿਸ਼ਟੀ ਨਾਲ ਚਿਤਰਿਆ ਹੈ। ਸੁਸ਼ੀਲ ਦੁਸਾਂਝ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਚ ਬਾਲ ਸਾਹਿਤ, ਰੇਖਾ ਚਿੱਤਰ ਸਾਹਿਤ ਅਤੇ ਵਿਅੰਗ ਸਾਹਿਤ ਦੀ ਬਹੁਤ ਕਮੀ ਹੈ ਅਤੇ ਗੁਰਿੰਦਰ ਸਿੰਘ ਕਲਸੀ ਵਰਗੇ ਕਵੀ ਇਸ ਖੇਤਰ ਵਿਚ ਭਰਪੂਰ ਯੋਗਦਾਨ ਪਾ ਰਹੇ ਹਨ।
ਉੱਘੇ ਗ਼ਜ਼ਲ ਲੇਖਕ ਸੁਰਜੀਤ ਸਿੰਘ ਜੀਤ ਨੇ ਕਿਹਾ ਕਿ ਕਲਸੀ ਇਕ ਬਹੁਤ ਮਿਹਨਤੀ ਅਤੇ ਪ੍ਤਿਭਾਵਾਨ ਲੇਖਕ ਹੈ। ਨਾਵਲਕਾਰ ਸੰਤਵੀਰ ਨੇ ਇਹਨਾਂ ਸ਼ਬਦ ਚਿੱਤਰਾਂ ਦੀ ਗੱਲ ਕਰਦਿਆਂ ਪੁਸਤਕ ਦੇ ਵਧੀਆ ਸਿਰਲੇਖ, ਸਰਵਰਕ ਅਤੇ ਛਪਾਈ ਦੀ ਪ੍ਰਸੰਸਾ ਕੀਤੀ। ਲਾਲ ਮਿਸਤਰੀ ਨੇ ਕਿਹਾ ਕਿ ਇਸ ਕਿਤਾਬ ਵਿੱਚੋਂ ਆਪਣੇ ਬਾਰੇ ਲੇਖ ਪੜ੍ਹ ਕੇ ਉਹ ਹੈਰਾਨ ਵੀ ਹੋਏ ਹਨ ਅਤੇ ਸੰਤੁਸ਼ਟ ਵੀ।
ਇਸ ਪੁਸਤਕ ਸਬੰਧੀ ਕਵੀ ਬਲਵਿੰਦਰ ਸੰਧੂ, ਸੁਰਿੰਦਰਜੀਤ ਚੌਹਾਨ, ਡਾ. ਮੇਹਰ ਮਾਣਕ, ਸਤਵਿੰਦਰ ਸਿੰਘ ਮੜੌਲਵੀ, ਕਹਾਣੀਕਾਰ ਮਨਦੀਪ ਰਿੰਪੀ, ਯਤਿੰਦਰ ਕੌਰ ਮਾਹਲ, ਸੰਦੀਪ ਕੌਰ, ਗੁਰਦੀਪ ਸਿੰਘ ਵੜੈਚ, ਕਸ਼ਮੀਰ ਸਿੰਘ, ਕਰਮਜੀਤ ਸਕਰੁੱਲਾਂਪੁਰੀ, ਜਸਵਿੰਦਰ ਸਿੰਘ ਕਾਈਨੌਰ, ਜਗਦੀਪ ਸਿੰਘ, ਨਿਰਮਲ ਸਿੰਘ ਅਧਰੇੜਾ, ਕਮਲਜੀਤ ਸਿੰਘ ਚਲਾਕੀ ਅਤੇ ਰਵਿੰਦਰ ਸਿੰਘ ਨੇ ਵਿਚਾਰ ਪੇਸ਼ ਕੀਤੇ ਅਤੇ ਅਜੋਕੇ ਪੰਜਾਬੀ ਸਾਹਿਤਕ ਸੰਸਾਰ ਦੇ ਫ਼ਿਕਰਾਂ ਅਤੇ ਚੁਣੌਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਹਾਜ਼ਰ ਕਵੀਆਂ ਨੇ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਪੇਸ਼ ਕਰ ਕੇ ਵਾਹ ਵਾਹ ਖੱਟੀ। ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਯਤਿੰਦਰ ਕੌਰ ਮਾਹਲ ਨੇ ਕੀਤਾ।

