www.sursaanjh.com > ਅੰਤਰਰਾਸ਼ਟਰੀ > ਮੇਰੇ ਲਈ ਨੀਲਾ ਝੰਡਾ ਹੀ ਸਭ ਕੁੱਝ ਹੈ

ਮੇਰੇ ਲਈ ਨੀਲਾ ਝੰਡਾ ਹੀ ਸਭ ਕੁੱਝ ਹੈ

ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਸਤੰਬਰ:
ਮੇਰੇ ਲਈ ਨੀਲਾ ਝੰਡਾ ਹੀ ਸਭ ਕੁੱਝ ਹੈ
*ਬਹੁਜਨ ਮਹਾਂ ਨਾਇਕ , ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਜੀ ਦੀ ਸਘੰਰਸ਼ ਅਤੇ ਤਿਆਗ ਭਰੀ ਜ਼ਿੰਦਗੀ  ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।*
ਇਹ ਘਟਨਾ ਸੰਨ 1982 ਦੀ ਹੈ। ਸਾਹਿਬ ਆਪਣੇ ਹਜ਼ਾਰਾਂ ਵਰਕਰਾਂ ਦੇ ਨਾਲ ਜੰਮੂ ਕਸ਼ਮੀਰ ਦੀ ਸਾਈਕਲ ਯਾਤਰਾ ਉਤੇ ਜਾ ਰਹੇ ਸਨ। ਸਾਹਿਬ ਦੇ ਹੁਕਮਾਂ ਮੁਤਾਬਿਕ ਹਰ ਵਰਕਰ ਇੱਕ ਡਾਂਗ (ਮੋਟਾ ਡੰਡਾ) ਆਪੋ ਆਪਣੇ ਸਾਈਕਲ ਦੇ ਵਿੱਚਕਾਰ ਫਸਾਕੇ ਚੱਲ ਰਿਹਾ ਸੀ ਤਾਂ ਕਿ ਕਿਸੇ ਮੁਸੀਬਤ ਵਕਤ ਡਾਂਗ ਨੂੰ ਇੱਕ ਹੁਥਿਆਰ ਦੇ ਰੂਪ ਵਿੱਚ ਵਰਤਿਆ ਜਾ ਸਕੇ। ਹਰ ਸਾਈਕਲ ਉੱਪਰ ਇੱਕ ਨੀਲਾ ਝੰਡਾ ਵੀ ਲੱਗਾ ਹੁੰਦਾ ਸੀ, ਜਿਸ ਦੇ ਉੱਪਰ DS-4 ਲਿਖਿਆ ਹੋਇਆ ਸੀ। ਕਾਫ਼ਿਲੇ ਦੇ ਪਿੱਛੇ-ਪਿੱਛੇ ਇੱਕ ਜੰਮੂ ਪੁਲਿਸ ਦਾ ਐਸ ਪੀ ਰੈਂਕ ਦਾ ਅਧਿਕਾਰੀ ਵੀ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਸਾਈਕਲ ਉਤੇ ਚੱਲਦਾ ਸੀ। ਇੱਕ ਦਿਨ ਕਾਫ਼ਿਲਾ ਜੰਮੂ ਲਾਗੇ ਖੇੜਾ ਪਿੰਡ ਵਿਚੋਂ ਗੁਜ਼ਰ ਰਿਹਾ ਸੀ ਕਿ ਇੱਕ ਕਾਕਾ ਰਾਜਪੂਤ ਨਾਮ ਦੇ ਗੁੰਡੇ ਨੇ ਕਾਫ਼ਿਲੇ ਵਿੱਚ ਚੱਲ ਰਹੇ ਨਿਰਮਲ ਸਿੰਘ ਹਕੂਮਤਪੁਰੀ ਦੇ ਸਾਈਕਲ ਤੇ ਲੱਗੇ ਨੀਲੇ ਝੰਡੇ ਨੂੰ ਜਦੋਂ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਨਿਰਮਲ ਸਿੰਘ ਨੇ ਉਹਦੇ ਮਾਰਨ ਲਈ ਜਿਉਂ ਹੀ ਡਾਂਗ ਆਪਣੇ ਸਾਈਕਲ ਚੋਂ ਕੱਢੀ ਤਾਂ ਉਹਦੇ ਪਿੱਛੇ ਚੱਲ ਰਹੇ ਬੰਗਾ ਇਲਾਕੇ ਦੇ ਵਰਕਰ ਨੇ ਪਿੱਛਿਓ ਡਾਂਗ ਫੜ ਲਈ ਤੇ ਕਾਕਾ ਰਾਜਪੂਤ (ਜੋ ਆਪਣੇ ਆਪ ਨੂੰ ਬਦਮਾਸ਼ ਸਮਝਦਾ ਸੀ) ਮੌਕੇ ਦਾ ਫਾਇਦਾ ਉਠਾ ਕੇ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ।
ਜੈਸੇ ਹੀ ਇਸ ਘਟਨਾ ਦੀ ਜਾਣਕਾਰੀ ਸਾਹਿਬ ਨੂੰ ਮਿਲੀ ਤਾਂ ਸਾਹਿਬ ਬਿਨਾ ਵਕਤ ਗਵਾਏ ਘਟਨਾ ਵਾਲੀ ਥਾਂ ਉਤੇ ਪਹੁੰਚ ਗਏ। ਸਾਹਿਬ ਨੇ ਆਉਂਦਿਆਂ ਸਾਰ ਹੀ ਨਿਰਮਲ ਸਿੰਘ ਹਕੂਮਤਪੁਰੀ ਨੂੰ ਪੁੱਛਿਆ ਕਿ ਹਾਂ ਬਈ ਕੀ ਹੋਇਆ? “ਜੀ ਕਾਕੇ ਬਦਮਾਸ਼ ਨੇ ਝੰਡੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ।”
ਸਾਹਿਬ-ਫਿਰ ਤੂੰ ਡਾਂਗ ਨੂੰ ਹੁਥਿਆਰ ਦੇ ਰੂਪ ਵਿੱਚ ਕਿਉਂ ਨਹੀਂ ਵਰਤਿਆ?
ਨਿਰਮਲ -ਮੈਂ ਤਾਂ ਡਾਂਗ ਮਾਰੀ ਸੀ।”
ਸਾਹਿਬ-ਫਿਰ ਉਸਦੇ ਮੌਰਾਂ ਵਿੱਚ ਲੱਗੀ ਕਿਉਂ ਨਹੀਂ?
ਨਿਰਮਲ-ਸਾਹਿਬ ਜੀ ਪਿਛਲੇ ਸਾਥੀ ਨੇ ਡਾਂਗ ਮਗਰ ਦੀ ਫੜ ਲਈ ਸੀ।”
ਸਾਹਿਬ-ਤੇਰੇ ਪਿੱਛੇ ਕੌਣ ਸੀ, ਜਿਸਨੇ ਡਾਂਗ ਫੜੀ ਸੀ?”
ਨਿਰਮਲ-ਸਾਹਿਬ ਜੀ  ਬੰਗਾਂ ਵਾਲਾ ਸਾਥੀ।
ਸਾਹਿਬ-ਹੁਣ‌ ਤੂੰ ਇਹੀ ਡਾਂਗ ਇਸਦੇ ਮੌਰਾਂ ਵਿੱਚ ਮਾਰ।” ਸਾਹਿਬ ਦੀਆਂ ਅੱਖਾਂ ਗੁੱਸੇ ਵਿੱਚ ਲਾਲ ਹੋ‌ ਗਈਆਂ ਸਨ।
ਸਾਹਿਬ – ਤੇਰੇ ਪਿਛਲੇ ਸਾਥੀ ਦੇ ਪਿੱਛੇ ਕੌਣ ਸੀ?
ਨਿਰਮਲ – ਜੀ ਜੰਮੂ ਪੁਲਿਸ ਦਾ ਅਫਸਰ ਐਸ.ਪੀ. ਸਾਹਿਬ ਸੀ।
ਸਾਹਿਬ -ਹਾਂ ਬਈ ਤੂੰ ਕਿਥੇ ਸੀ?
ਐਸ ਪੀ – ਜੀ ਮੈਂ ਥੋੜਾ ਦੂਰ ਸੀ।”
ਸਾਹਿਬ – ਤੈਨੂੰ ਤੇਰੀ ਡਿਊਟੀ ਦਾ ਅਹਿਸਾਸ ਨਹੀਂ?
ਐਸ ਪੀ – ਮੈਂ ਕੀ ਕਰਦਾ? ਮੈਂ ਤਾਂ ਪਿੱਛੇ ਸੀ।
ਐਸ ਪੀ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਸਾਹਿਬ ਨੇ ਉਸਨੂੰ ਬੈਲਟ ਤੋਂ ਫੜਿਆ ਤੇ ਕਈ ਥੱਪੜ ਉਸਦੇ ਮੂੰਹ ਉੱਤੇ ਰਸੀਦ ਕਰ ਦਿੱਤੇ ਤੇ ਨਾਲ ਹੀ ਗਰਜਦਿਆਂ ਕਿਹਾ ਕਿ ਤੂੰ ਇਥੋਂ ਇੱਕ ਕਿਲੋਮੀਟਰ ਦੂਰ ਭੱਜ ਜਾਹ।
ਸਾਹਿਬ ਨੇ ਅੱਗੇ ਬੋਲਦਿਆਂ ਕਿਹਾ ਕਿ ਤੂੰ ਮੈਨੂੰ ਨਹੀਂ ਜਾਣਦਾ ਹੈ ਕਿ ਮੈਂ ਕੌਣ ਹਾਂ। ਮੈਨੂੰ ਕਾਂਸ਼ੀ ਰਾਮ ਕਹਿੰਦੇ ਨੇ ਮੇਰਾ ਫੋਨ ਸਿੱਧਾ ਤੇਰੇ ਆਈ ਜੀ/ ਡੀ ਜੀ ਪੀ ਨੂੰ ਜਾ ਕੇ ਲੱਗਦਾ ਹੈ। ਜਾ ਚਲਾ ਜਾ ਕਿਤੇ ਤੇਰਾ ਨੁਕਸਾਨ ਨਾ ਹੋ ਜਾਵੇ। ਤੂੰ ਤਾਂ ਆਪ ਖੁਦ ਜੁੱਤੀਆਂ ਖਾਣ‌ ਦੇ ਲਾਇਕ ਹੈ। ਤੂੰ ਮੇਰੇ ਵਰਕਰਾਂ ਦੀ ਸੁਰੱਖਿਆ ਸੁਆਹ ਕਰੇਗਾ?
ਜੈਸੇ ਹੀ ਰਾਤ ਨੂੰ ਸਾਰਾ ਕਾਫ਼ਿਲਾ ਕਬੀਰ ਕਾਲੋਨੀ ਜੰਮੂ ਵਾਪਿਸ ਪਰਤ ਆਇਆ, ਜਿਥੇ ਰਾਤ ਨੂੰ ਸਾਹਿਬ ਦੀ ਅਤੇ ਸਾਥੀਆਂ ਦੀ ਰਿਹਾਇਸ਼ ਹੁੰਦੀ ਸੀ।
ਟੈਂਟ ਵਿੱਚ ਵੜਦਿਆਂ ਸਾਰ ਹੀ ਸਾਹਿਬ ਨੇ ਫਿਰ ਉਹੀ ਗੱਲ ਫੜ ਲਈ।
ਸਾਹਿਬ-“ਹਾਂ ਬਈ ਨਿਰਮਲ ਤੂੰ ਡਾਂਗ ਕਿਉਂ ਨਹੀਂ ਮਾਰੀ?”
ਤੂੰ ਇਹ ਡਾਂਗ ਢੂਹੈ ਵਿੱਚ ਲੈਣ ਲਈ ਰੱਖੀ ਆ?”
ਨਿਰਮਲ -ਸਾਹਿਬ ਜੀ ਮੈਂ ਤਾਂ ਡਾਂਗ ਮਾਰੀ ਸੀ?”
ਸਾਹਿਬ-ਫਿਰ ਲੱਗੀ ਕਿਉਂ ਨਹੀਂ?
“ਜੀ -ਉਹਨੇ ਫੜ ਲਈ ਸੀ!”
ਸਾਹਿਬ-ਹਾਂ ਬਈ ਤੂੰ ਡਾਂਗ ਕਿਉਂ ਫੜੀ? ਤੇਰੀ ਉਸ ਕਾਕੇ ਬਦਮਾਸ਼ ਨਾਲ ਕੀ ਰਿਸਤੇਦਾਰੀ ਆ, ਜੋ  ਸਾਡੀ‌ ਪਾਰਟੀ ਦਾ ਝੰਡਾ ਉਤਾਰ ਰਿਹਾ ਸੀ। ਸਾਰਾ ਕਸੂਰ ਹੀ ਤੇਰਾ ਹੈ।”
ਤੈਨੂੰ ਪਤਾ ਹੈ ਕਿ ਕਾਂਸ਼ੀ ਰਾਮ ਨੂੰ ਮਿਸ਼ਨਰੀ ਵਰਕਰ ਚਾਹੀਦੇ ਹਨ ਨਾ ਕਿ ਚਾਟੂਕਾਰਤਾ ਵਾਲੇ, ਜਿਸ ਮਿਸ਼ਨ ਉਤੇ ਮੈਂ ਚੱਲਿਆ ਹਾਂ ਆਪਣਾ ਕੱਫ਼ਣ ਆਪਣੇ ਸਿਰ ਉਤੇ ਬੰਨ੍ਹ ਕੇ ਹੀ ਚੱਲਿਆ ਸੀ।
ਅਗਰ ਅਸੀਂ ਇਹੋ ਜਿਹੇ ਮਲੰਗ ਬਦਮਾਸ਼ਾਂ ਤੋਂ ਹੀ ਡਰਨ ਲੱਗ ਪਏ ਤਾਂ ਫਿਰ ਅਸੀਂ ਸੱਤ੍ਹਾ ਕਿਵੇਂ ਹਾਸਿਲ ਕਰ ਸਕਦੇ ਹਾਂ। ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਨਹੀਂ ਕਰਨੀ ਹੈ। ਜਿੰਨੀ ਦੇਰ ਕਾਂਸ਼ੀ ਰਾਮ ਜਿਉਂਦਾ ਹੈ। ਦੁਨੀਆਂ ਦੀ ਕੋਈ ਵੀ ਤਾਕਤ ਤੁਹਾਡਾ‌ ਵਾਲ ਵਿੰਗਾ ਨਹੀਂ ਕਰ ਸਕਦੀ ਹੈ।
ਤੈਨੂੰ ਪਤਾ ਹੈ ਕਿ ਮੇਰੇ ਲਈ ਜ਼ਿੰਦਗੀ ਵਿੱਚ ਹੁਣ ਇਹ ਨੀਲਾ ਝੰਡਾ ਹੀ ਸਭ ਕੁੱਝ ਹੈ। ਇਸ ਨੀਲੇ ਝੰਡੇ ਕਰਕੇ ਹੀ ਮੈਂ ਆਪਣੀ ਸਾਇੰਸਦਾਨ ਦੀ ਐਸ਼ੋ ਆਰਾਮ ਵਾਲੀ ਨੌਕਰੀ ਛੱਡ ਦਿੱਤੀ ਹੈ। ਇਸ ਤੋਂ ਇਲਾਵਾ ਮੇਰਾ ਇਸ ਦੁਨੀਆਂ ਵਿੱਚ ਨਾ ਮੇਰਾ ਕੋਈ ਬਾਪ ਹੈ, ਨਾ ਕੋਈ ਮੇਰੀ ਮਾਂ ਤੇ ਨਾ ਕੋਈ ਰਿਸ਼ਤੇਦਾਰ ਤੇ ਨਾ ਹੀ  ਕੋਈ ਭੈਣ‌-ਭਾਈ।
ਸਾਹਿਬ ਦੀ ਆਵਾਜ਼ ਵਿੱਚ ਅੰਤਾਂ ਦਾ ਦਰਦ ਸੀ ਤੇ ਬਾਕੀ ਸਾਰੇ ਸਾਥੀ ਦੀਆਂ ਅੱਖਾਂ ਵਿੱਚੋ ਹੰਝੂਆਂ ਦੀਆਂ ਝੜੀਆਂ ਆਪ ਮੁਹਾਰੇ ਹੀ ਵਹਿਣ ਲੱਗ ਪਈਆਂ। ਕਿਉਂਕਿ ਸਾਹਿਬ ਦੀ ਜ਼ਿੰਦਗੀ ਦਾ ਇੱਕ ਹੀ ਮਕਸਦ (ਟੀਚਾ) ਸੀ ਮਿਸ਼ਨ ਨੂੰ ਕਾਮਯਾਬ ਬਣਾਉਣ ਲਈ ਆਪਣੀ ਜ਼ਿੰਦਗੀ ਦਾ ਇੱਕ ਇੱਕ ਸਾਹ ਮਿਸ਼ਨ ਦੇ ਲੇਖੇ ਲਾਉਣਾ‌।
*ਇਸ ਦੇਸ਼ ਦੇ ਮੂਲ ਨਿਵਾਸੀਆਂ ਨੂੰ ਸੱਤ੍ਹਾ‌ ਸੌਂਪਣ ਲਈ ਮੈਂ ਆਪਣਾ‌ ਸਾਰਾ ਜੀਵਨ ਲਾ ਦਿਆਂਗਾ-ਸਾਹਿਬ ਕਾਂਸ਼ੀ ਰਾਮ।*
*ਜੁੱਗ ਪਲਟਾਊ ਬਹੁਜਨ  ਮਹਾਂ ਨਾਇਕ* 
*ਮੈਂ ਕਾਂਸ਼ੀ ਰਾਮ ਬੋਲਦਾ ਹਾਂ ਭਾਗ -2*
*ਪੰਮੀ‌ ਲਾਲੋ ਮਜਾਰਾ- ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ।*
*ਪੇਸ਼ ਕਰਦਾ*
*ਇੰਜੀਨੀਅਰ ਤੇਜਪਾਲ ਸਿੰਘ*
*94177-94756*
ਮੈਡਮ ਸਤਵੰਤ ਕੌਰ (ਮਿਸ਼ਨਰੀ)
*97811-00478*
ਸਾਹਿਬ ਦੀ ਜ਼ਿੰਦਗੀ ਵਾਰੇ ਹਰ ਰੋਜ਼ ਇੱਕ ਲੇਖ ਛਾਪਿਆ ਜਾਂਦਾ ਹੈ ਜਿਸ ਦਿਨ ਤੁਹਾਡੇ ਤੱਕ ਕਿਸੇ ਕਾਰਣ ਕਰਕੇ ਨਹੀਂ ਪਹੁੰਚਦਾ ਤਾਂ ਮੈਸਜ ਕਰਕੇ ਮੰਗਵਾ ਸਕਦੇ ਹੋ।
*ਸਾਡੇ ਰਹਿਬਰਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣਾ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।*
ਇਸ ਦਾ ਅਨੁਵਾਦ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਕਰ ਦਿੱਤਾ ਗਿਆ ਹੈ। ਅਗਰ ਕਿਸੇ ਸਾਥੀ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਚਾਹੀਦਾ ਹੈ। ਮੈਸਜ ਕਰਕੇ ਮੰਗਵਾ ਸਕਦੇ ਹੋ।

Leave a Reply

Your email address will not be published. Required fields are marked *