ਸ਼ਾਨ ਨਾਲ ਸੰਪੰਨ ਹੋਇਆ ਮੇਲਾ ਅੱਖਰਕਾਰਾਂ ਦਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ:
ਪੰਜਾਬ ਸਾਹਿਤ ਅਕਾਦਮੀ ਵੱਲੋਂ ਸਿਰਜਣਾਮਤਕ ਸਿੱਖਿਆ ਸੰਸਾਰ ਦੇ ਸਹਿਯੋਗ ਨਾਲ ਕਲਾ ਭਵਨ ਦੇ ਵਿਹੜੇ ਵਿਚ ਅੱਖਰਕਾਰੀ ਦੀ ਮੁਹਿੰਮ ਨੂੰ ਸਪਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਅੱਖਰਕਾਰੀ ਦੇ ਬਹੁਤ ਸਾਰੇ ਰੰਗ ਮਾਣਨ ਨੂੰ ਮਿਲੇ। 75 ਤੋਂ ਵੱਧ ਅੱਖਰਕਾਰ ਆਪਣੇ ਪਰਿਵਾਰਾਂ ਸਮੇਤ ਇਸ ਮੇਲੇ ਵਿਚ ਸ਼ਾਮਿਲ ਹੋਏ। ਕਲਾ ਭਵਨ ਦੇ ਖੁੱਲ੍ਹੇ ਵਿਹੜੇ ਵਿਚ ਸਾਰੇ ਅੱਖਰਕਾਰਾਂ ਨੇ ਆਪਣੀ ਅੱਖਰਕਾਰੀ ਦੇ ਨਮੂਨਿਆਂ ਨੂੰ ਸਜਾਇਆ। ਹਰੇਕ ਅੱਖਰਕਕਾਰ ਕੋਲ ਕੈਲੀਗ੍ਰਾਫੀ ਦਾ ਨਵਾਂ ਫੌਂਟ, ਨਵਾਂ ਡਿਜ਼ਾਇਨ ਅਤੇ ਨਵਾਂ ਚਾਅ ਸੀ। ਏਨੇ ਅੱਖਰਕਾਰਾਂ ਨੂੰ ਇੱਕੋ ਥਾਂ ਮਿਲਣ ਦਾ ਚਾਅ ਸਾਰੇ ਅੱਖਰਕਾਰਾਂ ਦੇ ਚਿਹਰਿਆਂ ਤੇ ਦਿਸ ਰਿਹਾ ਸੀ।


ਪ੍ਰਦਰਸ਼ਨੀ ਤੋਂ ਬਾਅਦ ਪ੍ਰੋਗਰਾਮ ਦੇ ਦੂਜੇ ਭਾਗ ਵਿਚ ਅੱਖਰਕਾਰੀ ਦੇ ਤੇਰਾਂ ਰਤਨਾਂ ਦਾ ਸਨਮਾਨ ਕੀਤਾ ਗਿਆ ਪੰਜਾਬ ਦੇ ਪ੍ਰਸਿੱਧ ਅੱਖਰਕਾਰ ਜਗਤਾਰ ਸੋਖੀ (ਫਿਰੋਜ਼ਪੁਰ), ਰਣਜੀਤ ਸਿੰਘ ਸੋਹਲ (ਮੋਗਾ), ਸਾਹਿਬ ਸਿੰਘ (ਮੁਕਤਸਰ), ਗੁਰਪ੍ਰੀਤ ਸਿੰਘ (ਮੋਗਾ), ਡਾ. ਇੰਦਰਪ੍ਰੀਤ ਸਿੰਘ ਧਾਮੀ (ਤਰਨਤਾਰਨ), ਕੰਵਰਦੀਪ ਥਿੰਦ (ਕਪੂਰਥਲਾ) ਸੁਰਿੰਦਰਪਾਲ ਸਿੰਘ (ਅੰਮ੍ਰਿਤਸਰ), ਗੋਪਾਲ ਸਿੰਘ (ਸੰਗਰੂਰ), ਸੋਨਜੀਤ (ਲੁਧਿਆਣਾ), ਬਿਮਲਾ (ਫ਼ਰੀਦਕੋਟ) ਡਾ. ਹਰਿੰਦਰ ਸਿੰਘ (ਫਿਰੋਜ਼ਪੁਰ) ਹਰਪ੍ਰੀਤ ਸਿੰਘ (ਫ਼ਤਹਿਗੜ੍ਹ ਸਾਹਿਬ) ਅਤੇ ਹਰਜਿੰਦਰ ਕੌਰ (ਹੁਸ਼ਿਆਰਪੁਰ) ਸ਼ਾਮਿਲ ਸਨ।
ਤੀਜੇ ਭਾਗ ਵਿਚ ਅੱਖਰਕਾਰੀ ਨਾਲ ਸਬੰਧਤ ਸੰਵਾਦ ਸੀ, ਜਿਸ ਵਿਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਜੀ ਆਇਆਂ ਕਹਿੰਦੇ ਹੋਏ ਸਾਰੇ ਅੱਖਰਕਾਰਾਂ ਅਤੇ ਵਿਸ਼ਾ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਲਾ ਨੂੰ ਪਰਮੋਟ ਕਰਨ ਲਈ ਆਪਣੀਆਂ ਪਰੋਪੋਜ਼ਲਾਂ ਲੈ ਕੇ ਆਉਣ, ਅਕਾਦਮੀ ਇਹਨਾਂ ਨੂੰ ਨੇਪਰੇ ਚਾੜ੍ਹਨ ਵਿਚ ਹਰ ਸੰਭਵ ਮਦਦ ਕਰੇਗੀ। ਉਰਮਨਦੀਪ ਸਿੰਘ ਨੇ ਅੱਖਰਕਾਰੀ ਦੇ ਇਤਿਹਾਸ ਤੇ ਚਰਚਾ ਕਰਦੇ ਹੋਏ ਪੰਜਾਬ ਵਿਚ ਅੱਖਰਕਾਰੀ ਦੇ ਬਹੁਤ ਸਾਰੇ ਨਮੂਨਿਆਂ ਦੀ ਨਿਸ਼ਾਨਦੇਹੀ ਕੀਤੀ। ਉਹਨਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਅੱਖਰਕਾਰੀ ਤੋਂ ਲੈ ਕੇ ਸਾਹਿਤ ਦੀਆਂ ਬਾਕੀ ਧਾਰਾਵਾਂ ਅਤੇ ਫਿਲਮਾਂ ਦੇ ਪੋਸਟਰਾਂ ਅਤੇ ਕਿਤਾਬਾਂ ਦੇ ਸਰਵਰਕਾਂ ਤੱਕ ਕਿੰਨੇ ਹੀ ਰੂਪ ਸਾਮ੍ਹਣੇ ਆਏ, ਜਿਨ੍ਹਾਂ ਰਾਹੀਂ ਅੱਖਰਕਾਰੀ ਹੋਈ ਹੈ। ਸਵਰਨਜੀਤ ਸਵੀ ਨੇ ਦੁਨੀਆ ਦੇ ਵੱਖ ਵੱਖ ਧਰਮਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਅੱਖਰਕਾਰੀ ਦੇ ਦੁਨੀਆ ਵਿਚ ਬੇਅੰਤ ਰੂਪ ਹਨ। ਉਹਨਾਂ ਕਿਹਾ ਕਿ ਅਰਬੀ ਫਾਰਸੀ ਵਿਚ ਅੱਖਰਕਾਰੀ ਤੇ ਬਹੁਤ ਕੰਮ ਹੋਇਆ ਹੈ, ਜਿਸ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਅੱਖਰਕਾਰੀ ਸਿਰਫ਼ ਨਵਾਂ ਡਿਜ਼ਾਈਨ ਹੀ ਨਹੀਂ ਹੁੰਦੀ, ਬਲਕਿ ਇਹ ਭਾਵਾਂ ਨੂੰ ਵੀ ਉਜਾਗਰ ਕਰਦੀ ਹੈ।
ਡਾ. ਸੀ ਪੀ ਕੰਬੋਜ ਨੇ ਅੱਖਰਕਾਰੀ ਦੇ ਫੌਂਟਾਂ ਦੇ ਡਿਜ਼ੀਟਲੀਕਰਨ ਤੇ ਜੋਰ ਦਿੰਦਿਆ ਕਿਹਾ ਕਿ ਹੁਣ ਜ਼ਮਾਨਾ ਸਾਧਾਰਨ ਫੌਂਟਾਂ ਤੋਂ ਵੀ ਅੱਗੇ ਯੂਨੀਕੋਡ ਫੌਂਟਾਂ ਦਾ ਹੈ। ਉਹਨਾਂ ਸਾਰੇ ਅੱਖਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਉਸ ਨਾਲ ਤਾਲਮੇਲ ਕਰਕੇ ਇਹਨਾਂ ਸ਼ਾਨਦਾਰ ਫੌਂਟਾਂ ਦੇ ਸੌਫਟ ਵਰਜ਼ਨ ਤਿਆਰ ਕਰਨ ਤਾਂ ਕਿ ਪੰਜਾਬੀ ਮਾਂ ਬੋਲੀ ਦੀ ਝੋਲੀ ਨੂੰ ਹੋਰ ਅਮੀਰ ਕੀਤਾ ਜਾ ਸਕੇ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਚਿੰਤਕ ਸਿੱਧੂ ਦਮਦਮੀ ਨੇ ਲਿਖਣਸਰ (ਤਲਵੰਡੀ ਸਾਬੋ) ਦੀ ਅੱਖਰਕਾਰੀ ਦੀ ਵਿਲੱਖਣ ਪੰਰਪਰਾ ਦੇ ਹਵਾਲੇ ਨਾਲ ਦੱਸਿਆ ਕਿ ਦਮਦਮਾ ਸਾਹਿਬ ਵਿਖੇ ਕਿਸੇ ਸਮੇਂ ਗੁਰਬਾਣੀ ਦੀ ਅੱਖਰਕਾਰੀ ਕਰਨ ਲਈ ਨਿਰਮਲੇ ਸੰਤਾਂ ਦੇ ਬਾਰਾਂ ਬੁੰਗੇ ਹੁੰਦੇ ਸਨ, ਜਿਨ੍ਹਾਂ ਵਿਚ ਅੱਖਰਕਾਰੀ ਦਾ ਕਾਰਜ ਨਿਰੰਤਰ ਚਲਦਾ ਰਹਿੰਦਾ ਸੀ। ਬਾਅਦ ਵਿਚ ਗੁਰਦੁਆਰਾ ਸਾਹਿਬ ਉੱਪਰ ਸ਼ਿਰੋਮਣੀ ਕਮੇਟੀ ਦੇ ਕਬਜ਼ੇ ਤੋਂ ਬਾਅਦ ਇਹਨਾਂ ਬੁੰਗਿਆ ਨੂੰ ਢਾਹ ਦਿੱਤਾ ਗਿਆ ਅਤੇ ਲਿਖਣਸਰ ਦੀ ਉਹ ਸਾਰੀ ਪਰੰਪਰਾ ਤਬਾਹ ਹੋ ਗਈ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਕੁਝ ਬਚਾਉਣ ਦੇ ਚੱਕਰ ਵਿਚ ਬਹੁਤ ਕੁਝ ਗੁਆ ਵੀ ਲਿਆ।
ਪ੍ਰੋਗਰਾਮ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਹਨਾਂ ਸਾਰੇ ਅੱਖਰਕਾਰਾਂ ਦੀਆਂ ਲਿਖਤਾਂ ਦੇ ਚਾਰ ਚਾਰ ਨਮੂਨੇ ਅਤੇ ਉਹਨਾਂ ਦਾ ਬਾਇਓਡਾਟਾ ਲੈ ਲਿਆ ਗਿਆ ਹੈ, ਜਿਸ ਦੇ ਆਧਾਰ ਤੇ ‘ਪੰਜਾਬ ਦੇ ਅੱਖਰਕਾਰ’ ਪੁਸਤਕ ਤਿਆਰ ਕੀਤੀ ਜਾਵੇਗੀ, ਜਿਸ ਰਾਹੀਂ ਪੰਜਾਬ ਦੀ ਅੱਖਰਕਾਰੀ ਦਾ ਇਤਿਹਾਸ ਸਾਂਭਿਆ ਜਾਵੇਗਾ।
ਇਸ ਮੌਕੇ ਸ਼ਾਮਿਲ ਅੱਖਰਕਾਰਾਂ ਅਤੇ ਹੋਰ ਅਦਬੀ ਸ਼ਖ਼ਸੀਅਤਾਂ ਵਿਚ ਡਾ ਯੋਗਰਾਜ ਸਿੰਘ, ਬਲਦੀਪ ਕੌਰ ਸੰਧੂ, ਪ੍ਰੀਤਮ ਰੁਪਾਲ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਪ੍ਰੋ. ਦਿਲਬਾਗ ਸਿੰਘ, ਸੁਖਜੀਵਨ, ਗੁਰਦੀਪ ਗਾਮੀਵਾਲਾ, ਅੰਮ੍ਰਿਤਪਾਲ ਸਿੰਘ, ਲਵਦੀਪ ਸਿੰਘ, ਜਗਜੀਤ ਸਿੰਘ ਦਿਲਾਰਾਮ, ਜਗਜੀਤ ਸਿੰਘ ਘੁਰਕਣੀ, ਰਜਿੰਦਰ ਕੌਰ ਸੋਹੀਆਂ, ਅਰਵਿੰਦਰ ਕੌਰ, ਬਲਜਿੰਦਰ ਕੌਰ, ਸਰਬਜੀਤ ਕੌਰ ਭੁੱਲਰ, ਗੁਰਪ੍ਰੀਤ ਕੌਰ, ਯੋਗੇਸ਼ ਠਾਕੁਰ, ਨਿਰਲੇਪ ਕੌਰ ਸੇਖੋਂ, ਰੁਪਿੰਦਰ ਮੌੜ, ਸੁਖਮੰਦਰ ਕੌਰ, ਰੁਪਿੰਦਰ ਬਲਾਸੀ, ਦਿਲਪ੍ਰੀਤ ਕੌਰ, ਗੁਲਜੀਤ ਸਿੰਘ, ਮਹਿਕ ਬਾਘਲਾ, ਸਿਫ਼ਾ ਪਟਿਆਲਾ, ਜਸਵਿੰਦਰ ਖੁੱਡੀਆਂ, ਬਿਸ਼ੰਬਰ ਸ਼ਾਮਾ, ਕਾਲਾ ਕਲਵਾਨੂ, ਧਰਮਪਾਲ, ਤੇਜਿੰਦਰ ਸਿੰਘ ਫਰਵਾਹੀ, ਬਲਵਿੰਦਰ ਚਾਹਲ, ਡਾਕਟਰ ਦਰਸ਼ਨ ਕੌਰ, ਕੰਵਲਜੀਤ ਕੌਰ, ਹਰਤੇਜ ਸਿੰਘ ਆਦਿ ਸ਼ਾਮਿਲ ਹੋਏ।

