ਐੱਸਵਾਈਐਲ ਨਹਿਰ ਦੇ ਮੁੱਦੇ ਤੇ ਸਿਆਸਤ ਨਾ ਹੋਵੇ : ਖੇੜਾ
ਚੰਡੀਗੜ੍ਹ 11 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ, ਪਰ ਇਹ ਮਸਲਾ ਹਰ ਵਾਰ ਸਿਆਸਤ ਦੇ ਵਿੱਚ ਭੁਚਾਲ ਲਿਆ ਦਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਸਿਆਸੀ ਲੋਕਾਂ ਨੂੰ ਐਸਵਾਈਐਲ ਨਹਿਰ ਨੂੰ ਲੈ ਕੇ ਸਿਆਸਤ ਨਹੀਂ ਕਰਨੀ ਚਾਹੀਦੀ, ਜਦਕਿ ਇਹ ਮਾਮਲਾ ਅਤਿ-ਨਾਜੁਕ ਹੈ ਅਤੇ ਇਸ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਹੋਣੀ ਚਾਹੀਦੀ ਹੈ।


ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ ਨੇ ਗੱਲਬਾਤ ਰਾਹੀਂ ਕਰਦਿਆਂ ਕੀਤਾ ਹੈ। ਖੇੜਾ ਨੇ ਕਿਹਾ ਕਿ ਵੱਡੀ ਗੱਲ ਤਾਂ ਇਹ ਹੈ ਕਿ ਜਦ ਵੀ ਦੇਸ਼ ਵਿੱਚ ਚੋਣਾਂ ਦਾ ਬਿਗਲ ਵੱਜਦਾ ਹੈ, ਤਦ ਹੀ ਐਸਵਾਈਐਲ ਨਹਿਰ ਦਾ ਮੁੱਦਾ ਭੱਖਦਾ ਹੈ। ਅੱਜ ਪੰਜਾਬ ਦੀ ਕਿਰਸਾਨੀ ਬਹੁਤੀ ਚੰਗੀ ਨਹੀਂ ਹੈ, ਦਿਨ ਭਰ ਦਿਨ ਕਿਸਾਨਾਂ ਦੀਆਂ ਆਮਦਨ ਵਿੱਚ ਘਾਟਾ ਵੱਧ ਰਿਹਾ ਹੈ। ਸਰਦਾਰ ਖੇੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਨੂੰ ਹਲਕੇ ਵਿੱਚ ਨਾ ਲਵੇ ਬਲਕਿ ਸਾਰੀਆਂ ਸਿਆਸੀ ਧਿਰਾਂ ਤੇ ਮਹਿਰਾਂ ਨਾਲ ਮਿਲ ਕੇ ਇਸ ਮਸਲੇ ਦਾ ਠੋਸ ਹੱਲ ਕੱਢੇ। ਇਹਨਾਂ ਮੰਨਿਆ ਕਿ ਇਸ ਮਸਲੇ ਤੇ ਸਮੇਂ ਸਮੇਂ ਸਿਆਸਤ ਹੁੰਦੀ ਰਹੀ ਹੈ। ਮਾਮਲਾ ਭਾਵੇਂ ਹਰਿਆਣੇ ਦਾ ਹੋਵੇ, ਦਿੱਲੀ ਜਾਂ ਰਾਜਸਥਾਨ ਦਾ ਹੋਵੇ, ਦੇਸ਼ ਦੇ ਹੋਰ ਆਗੂਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਨਹਿਰੀ ਪਾਣੀ ਦੀ ਵੱਡੀ ਕਿੱਲਤ ਹੈ ਅਤੇ ਖੇਤੀ ਲਈ ਲੱਗੇ ਟਿਊਬਵੈੱਲ ਵੀ ਪਾਣੀ ਪੱਖੋਂ ਹਰ ਸਾਲ ਫੇਲ੍ਹ ਹੋ ਰਹੇ ਹਨ।
ਇਸ ਯੂਥ ਆਗੂ ਨੇ ਕਿਹਾ ਕਿ ਬਹੁਤੇ ਸਿਆਸੀ ਲੋਕਾਂ ਲਈ ਇਹ ਸਿਆਸਤ ਦਾ ਮੈਦਾਨ ਬਣਦਾ ਹੈ ਤੇ ਕਿੰਨੇ ਹੀ ਲੋਕ ਸਿਆਸੀ ਰੋਟੀਆਂ ਸੇਕਦੇ ਹਨ। ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਦੀ ਸੰਭਾਲ ਕਰਨਾ ਤੇ ਇਸ ਨੂੰ ਸਾਂਭ ਕੇ ਰੱਖਣਾ, ਇਸ ਲਈ ਪੰਜਾਬੀਆਂ ਦਾ ਪਹਿਲਾ ਫਰਜ਼ ਬਣ ਜਾਂਦਾ ਹੈ। ਬੇਸ਼ੱਕ ਮੁੱਖ ਮੰਤਰੀ ਮਾਨ ਵੱਲੋਂ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਿਅੰਗ ਟਿੱਪਣੀਆਂ ਕਰਕੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੂੰ ਅਪੀਲ ਹੈ ਕਿ ਪੰਜਾਬ ਦੀ ਸੱਤਾ ਤੁਹਾਡੇ ਹੱਥ ਹੈ ਤੇ ਪੰਜਾਬ ਦੇ ਪਾਣੀ ਦੀ ਸੰਭਾਲ ਤੇ ਰਾਖੀ ਕਰਨਾ ਵੀ ਤੁਹਾਡੇ ਹੀ ਹੱਥ ਹੈ ਅਤੇ ਪਾਣੀ ਦੇ ਮੁੱਦੇ ਤੇ ਦੋਗਲੀ ਨੀਤੀ ਨਾ ਹੋਵੇ ਅਤੇ ਸਾਰਥਿਕ ਹੱਲ ਕੱਢ ਕੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਜਾਵੇ। ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਸਮੇਂ ਸਮੇਂ ਤੇ ਐਸਵਾਈਐਲ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਅੱਜ ਵੀ ਅਕਾਲੀ ਦਲ ਆਪਣੇ ਸਟੈਂਡ ਤੇ ਖੜਾ ਹੈ ਤੇ ਕਿਸੇ ਵੀ ਕੀਮਤ ਤੇ ਇਹ ਨਹਿਰ ਚਾਲੂ ਨਹੀਂ ਹੋਣ ਦੇਵੇਗਾ। ਇਹਨਾਂ ਕਿਹਾ ਕਿ ਇਹ ਕਲੰਕ ਕਾਂਗਰਸ ਪਾਰਟੀ ਨੇ ਲਾਇਆ ਹੈ ਤੇ ਇਸਦਾ ਖਮਿਆਜ਼ਾ ਸਾਰੇ ਪੰਜਾਬ ਵਾਸੀਆਂ ਨੂੰ ਭੁਗਣਾ ਪੈ ਰਿਹਾ ਹੈ।

