ਉੱਘੇ ਗਲਪਕਾਰ ਜਸਪਾਲ ਮਾਨਖੇੜਾ ਨੂੰ ਮਿਲ਼ੇਗਾ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਐਵਾਰਡ, ਹੋਇਆ ਐਲਾਨ
ਜਸਪਾਲ ਮਾਨਖੇੜਾ ਦਾ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਅਤੇ ਰੋਹੀ ਦਾ ਲਾਲ (ਜੀਵਨੀ-ਹਰਦੇਵ ਅਰਸ਼ੀ) ਚਰਚਾ ਵਿੱਚ
ਢਾਡੀ ਤੇ ਕਵੀ ਚਮਕੌਰ ਸਿੰਘ ਸੇਖੋਂ ਭੋਤਨਾ (ਕੈਨੇਡਾ) ਨੂੰ ਵੀ ਸ਼ਾਨਦਾਰ ਸਾਰੰਗੀ ਵਾਦਨ ਤੇ ਕਾਵਿ ਸਿਰਜਣਾ ਲਈ ਕੀਤਾ ਜਾਵੇਗਾ ਸਨਮਾਨਿਤ
ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਅਕਤੂਬਰ:


ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਟਰੱਸਟ ਘੁੰਨਸ (ਬਰਨਾਲ਼ਾ) ਦੀ ਮੀਟਿੰਗ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ੍ਰੋਮਣੀ ਕਮੇਟੀ ਮੈਂਬਰ ਸੰਤ ਬਲਬੀਰ ਸਿੰਘ ਘੁੰਨਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ, ਟਰੱਸਟੀ ਸੀ. ਮਾਰਕੰਡਾ, ਡਾ. ਭੁਪਿੰਦਰ ਸਿੰਘ ਬੇਦੀ ਅਤੇ ਪੰਜਾਬੀ ਲੇਖਕ ਤੇਜਾ ਸਿੰਘ ਤਿਲਕ ਨੇ ਭਾਗ ਲਿਆ। ਮੀਟਿੰਗ ਵਿੱਚ ਇਸ ਵਾਰ 53ਵਾਂ ਐਵਾਰਡ ਨਾਵਲਕਾਰ, ਕਹਾਣੀਕਾਰ ਤੇ ਵਾਰਤਾਕਾਰ ਜਸਪਾਲ ਮਾਨਖੇੜਾ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਜਸਪਾਲ ਮਾਨਖੇੜਾ ਨੇ ਪਿਛਲੇ ਸਾਲ ਵਿੱਚ ਹਰਦੇਵ ਅਰਸ਼ੀ ਬਾਰੇ ਜੀਵਨੀ ਮੂਲਕ ਪੁਸਤਕ ਰੋਹੀ ਦੇ ਲਾਲ ਅਤੇ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਸਪਾਲ ਮਾਨਖੇੜਾ ਤੇ ਚਮਕੌਰ ਸਿੰਘ ਸੇਖੋਂ ਨੂੰ ਸੰਤ ਅਤਰ ਸਿੰਘ ਘੁੰਨਸ ਪੁਰਸਕਾਰ ਦਾ ਐਲਾਨ ਹੋਣ ਤੇ ਵਧਾਈ ਦਿੱਤੀ। ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ ਨੇ ਲਿਖਤੀ ਬਿਆਨ ਵਿੱਚ ਦੱਸਿਆ ਹੈ ਕਿ ਢਾਡੀ ਦੇ ਤੌਰ ਤੇ ਢਾਡੀ ਤੇ ਕਵੀ ਚਮਕੌਰ ਸਿੰਘ ਸੇਖੋਂ ਭੋਤਨਾ (ਕੈਨੇਡਾ) ਨੂੰ ਵੀ ਸ਼ਾਨਦਾਰ ਸਾਰੰਗੀ ਵਾਦਨ ਤੇ ਕਾਵਿ ਸਿਰਜਣਾ ਲਈ ਸਨਮਾਨਿਤ ਕੀਤਾ ਜਾਵੇਗਾ। ਉਹ ਅੱਜ ਕੱਲ੍ਹ ਪੰਜਾਬ ਫੇਰੀ ਤੇ ਹਨ। ਇਸ ਸਨਮਾਨ ਵਿੱਚ ਨਕਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਗਰਮ ਦੋਸ਼ਾਲਾ ਸ਼ਾਮਲ ਹੋਵੇਗਾ।
ਸੰਤ ਬਲਬੀਰ ਸਿੰਘ ਘੁੰਨਸ ਨੇ ਦੱਸਿਆ ਕਿ ਇਹ ਐਵਾਰਡ 1991 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹਰ ਸਾਲ ਦਿੁਸ਼ਿਹਰੇ ਦੇ ਮੌਕੇ ਤੇ ਦਿੱਤਾ ਜਾਂਦਾ ਹੈ। ਸਨਮਾਨਿਤ ਲੇਖਕਾਂ ਦੀ ਗਿਣਤੀ ਪੰਜ ਤੱਕ ਵੀ ਹੁੰਦੀ ਰਹੀ ਹੈ। ਹੁਣ ਤੱਕ ਇਹ ਐਵਾਰਡ ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਇੰਦਰਜੀਤ ਸਿੰਘ ਹਸਨਪੁਰੀ, ਸੁਰਜੀਤ ਪਾਤਰ ਤੇ ਗੁਰਭਜਨ ਗਿੱਲ ਸਮੇਤ ਹੋਰ ਪ੍ਰਸਿੱਧ ਲੇਖਕਾਂ ਨੂੰ ਵੀ ਦਿੱਤਾ ਜਾ ਚੁੱਕਾ ਹੈ। ਇਹ ਦੋਵੇਂ ਐਵਾਰਡ ਦੁਸ਼ਹਿਰੇ ਵਾਲ਼ੇ ਦਿਨ 24 ਅਕਤੂਬਰ ਨੂੰ ਦਿੱਤੇ ਜਾਣਗੇ।

