ਮਾਨਸਿਕ ਸਿਹਤ ਦਿਵਸ ਨੂੰ ਸਮਰਪਿਤ ਸੈਮੀਨਾਰ
ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ ਇਹ ਸੈਮੀਨਾਰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ:


ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਾਨਸਿਕ ਸਿਹਤ ਦਿਵਸ ਨੂੰ ਸਮਰਪਿਤ ਕਰਕੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਗੈਰ ਸਰਕਾਰੀ ਸੰਸਥਾ ‘ਇਨੀਸ਼ੀਏਟਰਜ਼ ਆਫ ਚੇਂਜ’ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਤੋਂ ਆਏ ਤੇ ਵਿਦਿਅਰਥੀਆਂ ਦੇ ਰੂ-ਬ-ਰੂ ਹੋਏ।
ਮੈਡਮ ਅੰਮ੍ਰਿਤਪਾਲ ਕੌਰ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਸੰਸਥਾ ਦੇ ਫਾਊਂਡਰ ਗੌਰਵਦੀਪ ਸਿੰਘ ਤੇ ਉਹਨਾਂ ਦੀ ਟੀਮ ਦੇ ਮੈਂਬਰ ਅਰਸ਼ਪ੍ਰੀਤ ਤੇ ਗੁਰਦਿੱਤ ਨੇ ਖੁੱਲ੍ਹੀ ਤੇ ਰੌਚਕ ਚਰਚਾ ਰਚਾਈ। ਸੈਮੀਨਾਰ ਵਿੱਚ ਬੱਚਿਆਂ ਨੂੰ ਵਧੀਆ ਮਾਨਸਿਕ ਸਥਿਤੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਉਹਨਾਂ ਨੂੰ ਦੱਸਿਆ ਗਿਆ ਕਿ ਮਨੁੱਖੀ ਜ਼ਿੰਦਗੀ ਵਿੱਚ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦਿਆਂ ਨੇ ਪਰ ਉਹਨਾਂ ਮੁਸੀਬਤਾਂ ਵਿੱਚੋਂ ਨਿਕਲਣ ਤੇ ਉਹਨਾਂ ਤੋਂ ਸਿੱਖਣਾ ਸਭ ਤੋਂ ਵੱਡੀ ਗੱਲ ਹੈ। ਬੱਚਿਆਂ ਨੂੰ ਦੱਸਿਆ ਗਿਆ ਕਿ ਹਰ ਇੱਕ ਇਨਸਾਨ ਦੇ ਅੰਦਰ ਖੂਬੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਉਹਨਾਂ ਖੂਬੀਆਂ ਨਾਲ ਜਾਣੂ ਹੋਣਾ ਚਾਹੀਦਾ ਹੈ। ਸਕੂਲ ਮੁਖੀ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਆਪਣੇ ਸੰਬੋਧਨ ਦੌਰਾਨ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਕਈ ਵਾਰੀ ਵਿਦਿਆਰਥੀਆਂ ‘ਤੇ ਮਾਨਸਿਕ ਦਬਾਅ ਇਸ ਹੱਦ ਤੱਕ ਵਧ ਜਾਂਦਾ ਹੈ ਕਿ ਉਹ ਆਪਣੀ ਜਾਣ ਤੱਕ ‘ਤੇ ਖੇਡ ਜਾਂਦੇ ਹਨ।
ਰਾਜਸਥਾਨ ਦੇ ਕੋਟਾ ਸ਼ਹਿਰ ਦੀਆਂ ਕੋਚਿੰਗ ਸੰਸਥਾਵਾਂ ਨੂੰ ਇਸੇ ਕਰਕੇ ਪ੍ਰਸ਼ਾਸਨ ਨੇ ਹੁਣ ਪੜ੍ਹਾਈ ਦਾ ਭਾਰ ਘਟਾਉਣ ਦੇ ਆਦੇਸ਼ ਦਿੱਤੇ ਹਨ। ਮਾਪਿਆਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਪੜ੍ਹਾਈ ਅਤੇ ਮਾਨਸਿਕ ਸਿਹਤ ਵਿਚਕਾਰ ਢੁਕਵਾਂ ਸੰਤੁਲਣ ਬਣਾਉਣ ਲਈ ਵੀ ਪ੍ਰੇਰਿਆ ਗਿਆI ਇਸ ਮੌਕੇ ਰੇਣੂ ਗੁਪਤਾ, ਸੀਮਾ ਸਿਆਲ, ਰਿਚਾ ਤਨੇਜਾ, ਗੁਰਿੰਦਰ ਕੌਰ, ਰਾਜਵੀਰ ਕੌਰ, ਅਮਨਦੀਪ, ਮਨਦੀਪ ਸਿੰਘ, ਸਿਮਰਨਜੀਤ, ਹਰਸ਼ਪ੍ਰੀਤ, ਜਸਬੀਰ ਕੌਰ ਆਦਿ ਵੀ ਹਾਜ਼ਰ ਸਨ।

