Breaking
www.sursaanjh.com > ਅੰਤਰਰਾਸ਼ਟਰੀ > ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਸਾਹਿਤਕ ਮਿਲ਼ਣੀ ਸਮਾਰੋਹ ਦੌਰਾਨ ਕਹਾਣੀਕਾਰ ਸੁਖਜੀਤ ਹੋਏ ਦਰਸ਼ਕਾਂ ਦੇ ਰੂਬਰੂ-ਮਾਧਵ ਕੌਸ਼ਕ

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਸਾਹਿਤਕ ਮਿਲ਼ਣੀ ਸਮਾਰੋਹ ਦੌਰਾਨ ਕਹਾਣੀਕਾਰ ਸੁਖਜੀਤ ਹੋਏ ਦਰਸ਼ਕਾਂ ਦੇ ਰੂਬਰੂ-ਮਾਧਵ ਕੌਸ਼ਕ

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਸਾਹਿਤਕ ਮਿਲ਼ਣੀ ਸਮਾਰੋਹ ਦੌਰਾਨ ਕਹਾਣੀਕਾਰ ਸੁਖਜੀਤ ਹੋਏ ਦਰਸ਼ਕਾਂ ਦੇ ਰੂਬਰੂ 

ਕਹਾਣੀ ਵਿਧਾ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸੁਖਜੀਤ ਨੇ ਆਪਣੀ ਕਹਾਣੀ ਕਲਾ ਬਾਰੇ ਖੁੱਲ੍ਹ ਕੇ ਕੀਤੀਆਂ ਗੱਲਾਂ

ਮੁੱਖ ਮਹਿਮਾਨ ਖਾਲਿਦ ਹੁਸੈਨ, ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਡਾ. ਮਨਮੋਹਨ, ਸੁਖਜੀਤ, ਡਾ. ਜੇ.ਬੀ. ਸੇਖੋਂ ਅਤੇ ਸੁਭਾਸ਼ ਭਾਸਕਰ ਹੋਏ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ:

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਰੰਧਾਵਾ ਆਡੀਟੋਰੀਅਮ ਵਿਖੇ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਉਪ ਚੇਅਰਮੈਨ ਡਾ. ਮਨਮੋਹਨ ਅਤੇ ਸਕੱਤਰ ਸੁਭਾਸ਼ ਭਾਸਕਰ ਦੀ ਅਗਵਾਈ ਵਿੱਚ ਸਾਹਿਤਕ ਮਿਲਣੀ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦਾ ਕੇਂਦਰ ਬਿੰਦੂ ਸਨ, ਕਹਾਣੀਕਾਰ ਸੁਖਜੀਤ। ਵਰਨਣਯੋਗ ਹੈ ਕਿ ਸੁਖਜੀਤ ਨੂੰ ਪੰਜਾਬੀ ਕਹਾਣੀ ਲਈ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਸੇ ਵਰ੍ਹੇ ਪੁਰਸਕਰਿਤ ਕੀਤਾ ਗਿਆ ਹੈ। ਇਸ ਮੌਕੇ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਡਾ. ਮਨਮੋਹਨ, ਸੁਖਜੀਤ, ਖਾਲਿਦ ਹੁਸੈਨ, ਡਾ. ਜੇ.ਬੀ. ਸੇਖੋਂ ਅਤੇ ਸੁਭਾਸ਼ ਭਾਸਕਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ।

ਡਾ. ਮਨਮੋਹਨ ਨੇ ਸਵਾਗਤੀ ਭਾਸ਼ਨ ਕਰਦਿਆਂ ਸੁਖਜੀਤ ਦੀ ਸਮੁੱਚੀ ਕਹਾਣੀ ਬਾਰੇ ਗੱਲਬਾਤ ਕੀਤੀ। ਸੁਖਜੀਤ ਦੀ ਹਰ ਕਹਾਣੀ ਬਾਰੇ ਉਨ੍ਹਾਂ ਦੀ ਪਹੁੰਚ ਵਿਲੱਖਣ ਸੀ। ਚਰਚਿਤ ਆਲੋਚਕ ਡਾ. ਜੇ.ਬੀ. ਸੇਖੋਂ ਨੇ ਸੁਖਜੀਤ ਦੀਆਂ ਕਹਾਣੀਆਂ ਦੇ ਹਰ ਪਹਿਲੂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੁਖਜੀਤ ਦੀ ਕਹਾਣੀ ਵੱਖਰੇ ਮੁਹਾਂਦਰੇ ਦੀ ਕਹਾਣੀ ਹੈ। ਪਾਤਸ਼ਾਹ, ਮੈਂ ਇੰਜੁਆਏ ਕਰਦੀ ਹਾਂ, ਮੱਥੇ ਦੇ ਵਲ਼, ਸਿੰਗਲ ਮਾਲਟ ਸੁਰਖ ਨਹੀਂ ਹੁੰਦੀ, ਹਜ਼ਾਰ ਕਹਾਣੀਆਂ ਦਾ ਬਾਪ, ਬਰਫ, ਅੰਤਰਾ ਤੇ ਹੋਰ ਕਹਾਣੀਆਂ ਬਾਰੇ ਨਿੱਠ ਕੇ ਚਰਚਾ ਕੀਤੀ। ਸੁਖਜੀਤ ਦੀ ਕਹਾਣੀ ਕਲਾ ਦੀ ਨਿਰਖ-ਪਰਖ ਕਰਦਿਆਂ ਡਾ. ਜੇ.ਬੀ. ਸੇਖੋਂ ਨੇ ਅਹਿਮ ਨੁਕਤੇ ਉਠਾਏ। ਮਾਧਵ ਕੌਸ਼ਿਕ ਨੇ ਕਿਹਾ ਕਿ ਸੁਖਜੀਤ ਆਪਣੀਆਂ ਕਹਾਣੀਆਂ ਰਾਹੀਂ ਵਡੇਰੇ ਅਰਥ ਸਿਰਜਣ ਵਾਲ਼ਾ ਕਹਾਣੀਕਾਰ ਹੈ। ਉਨ੍ਹਾਂ ਕਿਹਾ ਕਿ ਆਈਸਬਰਗ ਸਮੁੰਦਰ ਤੋਂ ਬਾਹਰ ਘੱਟ ਦਿਖਾਈ ਦਿੰਦਾ ਹੈ ਜਦਕਿ ਉਹ ਸਮੁੰਦਰ ਦੇ ਧੁਰ ਅੰਦਰ ਤੱਕ ਫੈਲਿਆ ਹੋਇਆ ਹੁੰਦਾ ਹੈ।

ਕਹਾਣੀਆਂ ਬਾਰੇ ਦਰਸ਼ਕਾਂ ਨਾਲ਼ ਸਾਂਝ ਪਾਉਂਦਿਆਂ ਸੁਖਜੀਤ, ਬਚਪਨ ਦੀਆਂ ਯਾਦਾਂ ਵਿੱਚ ਉੱਤਰ ਗਏ। ਮਾਛੀਵਾੜਾ ਨੇੜੇ ਆਪਣੇ ਪਿੰਡ ਮਾਣੇਵਾਲ਼ ਵਿਖੇ ਬਿਤਾਏ ਬਚਪਨ ਦੀਆਂ ਯਾਦਾਂ ਦੇ ਝੁਰਮਟ ਵਿੱਚ ਘਿਰੇ ਸੁਖਜੀਤ, ਛੋਟੇ ਭਰਾਵਾਂ, ਮਾਂ ਅਤੇ ਪਿੰਡ ਵਿੱਚਲੇ ਖੇਤਾਂ ਵਿੱਚ ਬਣਾਏ ਛੱਪਰ ਹੇਠ ਬਿਤਾਏ ਪਲਾਂ ਵੇਲ਼ੇ ਦੀਆਂ, ਬਾਲ ਮਨ ‘ਤੇ ਪਈਆਂ ਝਰੀਟਾਂ ਵਿੱਚੋਂ ਸਿੰਮਦੇ ਲਹੂ ਨੂੰ ਰੂਬਰੂ ਮਹਿਸੂਸਦੇ ਹੋਏ ਸੱਪਾਂ ਅੱਗੇ ਹਿੱਕ ਡਾਹ ਕੇ ਲੜਨ ਦੀ ਗਾਥਾ ਕਹਿ ਰਹੇ ਸਨ। ਦਰਸ਼ਕ ਸਾਹ ਰੋਕ ਕੇ ਇਹ ਬਿਰਤਾਂਤ ਸੁਣ ਰਹੇ ਸਨ। ਉਨ੍ਹਾਂ ਇੱਕ ਇਕ ਕਰਕੇ ਪਿੰਡੇ ‘ਤੇ ਹੰਢਾਏ ਪਲਾਂ ਨੂੰ ਯਾਦ ਕਰਦਿਆਂ ਹਾਲਾਤਾਂ ਨਾਲ਼ ਅਗਾਂਹ ਹੋ ਕੇ ਲੜਨ ਦੇ ਆਪਣੇ ਜਜ਼ਬੇ ਨੂੰ ਬਿਆਨ ਕੀਤਾ। ਕਹਾਣੀਆਂ ਬਾਰੇ ਗੱਲਬਾਤ ਕਰਦਿਆਂ ਸੁਖਜੀਤ ਨੇ ਡਾ. ਜੇ.ਬੀ.ਸੇਖੋਂ ਵੱਲੋਂ ਉਠਾਏ ਅਹਿਮ ਨੁਕਤਿਆਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਬਾਬੂ ਸਿੰਘ ਮਾਨ ਮਰਾੜਾਂ ਵਾਲ਼ਾ ਦੇ ਲਿਖੇ ਤੇ ਮੁਹੰਮਦ ਸਦੀਕ ਦੇ ਗਾਏ ਗੀਤਾਂ ਦਾ ਮੇਰੀ ਲੇਖਣੀ ਵਿੱਚ ਅਹਿਮ ਯੋਗਦਾਨ ਹੈ।

ਚਰਚਿਤ ਪੰਜਾਬੀ ਲੇਖਕ ਤੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਜਨਾਬ ਖਾਲਿਦ ਹੁਸੈਨ ਨੇ ਕਿਹਾ ਕਿ ਸੁਖਜੀਤ ਨੇ ਹਕੀਕਤ ਤੇ ਇਨਸਾਨੀ ਰਿਸ਼ਤਿਆਂ ਦੇ ਬਾਖੂਬੀ ਵਰਨਣ ਦੀ ਸਾਦਗੀ ਦੇ ਨਾਲ਼ ਨਾਲ਼ ਵਰਤੀ ਭਾਸ਼ਾ ਵੀ ਕਮਾਲ ਦੀ ਹੈ। ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਕਿਹਾ ਕਿ ਅਕਾਦਮੀ ਨੂੰ ਖੁਸ਼ੀ ਹੈ ਕਿ ਸੁਖਜੀਤ ਨੇ ਆਪਣੇ ਕਹਾਣੀ ਸਫ਼ਰ ਤੇ ਕਹਾਣੀਆਂ ਦੀਆਂ ਬਾਰੀਕੀਆਂ ਬਾਰੇ ਖੂਬ ਚਾਨਣਾ ਪਾਇਆ ਹੈ।

ਇਸ ਸਮਾਰੋਹ ਦੌਰਾਨ ਡਾ. ਯੋਗਰਾਜ, ਡਾ. ਦਵਿੰਦਰ ਬੋਹਾ, ਜੰਗ ਬਹਾਦਰ ਗੋਇਲ, ਡਾ. ਪ੍ਰਵੀਨ ਸ਼ੇਰੋਂ, ਬਹਾਦਰ ਸਿੰਘ ਗੋਸਲ, ਬਾਬੂ ਰਾਮ ਦੀਵਾਨਾ, ਪ੍ਰਮ ਵਿੱਜ, ਗੁਲ ਚੌਹਾਨ, ਬਲੀਜੀਤ, ਸੁਰਜੀਤ ਧੀਰ, ਗੁਰਦੀਪ ਗੁੱਲ, ਸੁਨੀਤਾ ਮਦਾਨ, ਸੁਰਜੀਤ ਸੁਮਨ, , ਗਵਰਧਨ ਗੱਬੀ, ਹਰਪ੍ਰੀਤ ਚੰਨੂੰ, ਜਗਦੀਪ ਸਿੱਧੂ, ਸ਼ੀਨੂੰ ਵਾਲੀਆ, ਸ਼ਾਇਰ ਭੱਟੀ, ਡਾ. ਕਮਲਪ੍ਰੀਤ ਕੌਰ, ਗੁਰਮੀਤ ਸਿੰਘ ਸਿੰਗਲ, ਧਿਆਨ ਸਿੰਘ ਕਾਹਲ਼ੋ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਹਾਜ਼ਰ ਸਨ। ਮੰਚ ਸੰਚਾਨ ਸੁਭਾਸ਼ ਭਾਸਕਰ ਵੱਲੋਂ ਬਾਖੂਬੀ ਨਿਭਾਇਆ ਗਿਆ।

Leave a Reply

Your email address will not be published. Required fields are marked *