ਨਜ਼ਮ
ਇੱਕ ਲੀਕ ਹੋਰ/ ਰਾਜਿੰਦਰ ਕੌਰ
ਜਦ ਜਾਣਦੇ ਹੀ ਹਾਂ
ਇੱਕ ਦੂਜੇ ਦੀ ਔਕਾਤ
ਤਾਂ
ਕੀ ਮਾਇਨੇ ਰੱਖਦਾ ਹੈ


ਤੇਰਾ ਉੱਛਲ ਉੱਛਲ ਪੈਣਾ
ਖੋਰ ਖੋਰ ਜਾਣਾ
ਤੇ ਚੂੰਡ ਚੂੰਡ ਖਾਣਾ
ਖੁਰਦਿਆਂ ਖੁਰਦਿਆਂ
ਇੱਕ ਦਿਨ
ਮਿੱਟੀ ਨੇ ਪਾਣੀ ਨੂੰ ਕਿਹਾ।
ਤੈਂ ਰੋਕਿਆਂ ਰੁਕਣਾ ਨਹੀਂ
ਮੈਂ ਮੁਕਾਇਆਂ ਮੁੱਕਣਾ ਨਹੀਂ
ਮੇਰੀ ਹਿੱਕੜੀ ‘ਤੇ ਮੌਲਦੇ ਫ਼ੁੱਲ-ਬੂਟੇ
ਮੇਰਾ ਅੱਜ ਹਨ
ਉਨ੍ਹਾਂ ਦੀ ਬਾਹਾਂ ਦੀ ਜਕੜ
ਜੜ੍ਹਾਂ ਦੀ ਪਕੜ
ਮੇਰਾ ਕਲ੍ਹ ਹੈ
ਇਹ ਕਹਿੰਦਿਆਂ ਉਸ
ਪਾਣੀ ਨੂੰ
ਆਪਣੀ ਤਲ਼ੀ ‘ਤੇ
ਇੱਕ ਲੀਕ ਹੋਰ ਵਾਹੁਣ ਦਿੱਤੀ।
ਰਾਜਿੰਦਰ ਕੌਰ-98889 02339

