ਉੱਘੇ ਕਹਾਣੀਕਾਰ ਜਤਿੰਦਰ ਹਾਂਸ ਨਾਲ ਰੂ-ਬ-ਰੂ ਦਾ ਆਯੋਜਨ-ਡਾ. ਦਵਿੰਦਰ ਸਿੰਘ ਬੋਹਾ
‘ਕੀ ਲੁਕਾਉਣਾ ਅਤੇ ਕੀ ਦਿਖਾਉਣਾ’ ਮੇਰੀ ਕਹਾਣੀ ਦੀ ਮੁੱਖ ਜੁਗਤ ਹੈ – ਜਤਿੰਦਰ ਹਾਂਸ
ਜਤਿੰਦਰ ਹਾਂਸ ਕਿਸੇ ਵਾਦ ਨਾਲ ਨਹੀਂ ਜੁੜਦਾ ਸਗੋਂ ਸ਼ੋਸ਼ਿਤ ਧਿਰ ਨਾਲ ਖੜ੍ਹਦਾ ਹੈ – ਪ੍ਰੋ.ਐੱਚ.ਐੱਸ.ਡਿੰਪਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਕਤੂਬਰ:
ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਵਿਹੜੇ ਉੱਘੇ ਕਹਾਣੀਕਾਰ ਜਤਿੰਦਰ ਹਾਂਸ ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਤਿੰਦਰ ਹਾਂਸ ਦੀਆਂ ਕਹਾਣੀਆਂ ਬਾਰੇ ਚਰਚਾ ਕਰਨ ਲਈ ਵਿਸ਼ੇਸ਼ ਤੌਰ ’ਤੇ ਪ੍ਰੋ.ਐੱਚ.ਐੱਸ.ਡਿੰਪਲ (ਪੀ.ਸੀ.ਐੱਸ.) ਵੱਲੋਂ ਸ਼ਮੂਲੀਅਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ ਅਤੇ ਜਤਿੰਦਰ ਹਾਂਸ ਦੇ ਪੰਜਾਬੀ ਕਹਾਣੀ ਵਿਚ ਸਥਾਨ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਦੀਆਂ ਸਰਗਰਮੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਪ੍ਰੋ. ਐੱਚ.ਐੱਸ.ਡਿੰਪਲ (ਪੀ.ਸੀ.ਐੱਸ.) ਵੱਲੋਂ ਜਤਿੰਦਰ ਹਾਂਸ ਦੀਆਂ ਕਹਾਣੀਆਂ ਬਾਰੇ ਚਰਚਾ ਕਰਦਿਆਂ ਕਿਹਾ ਗਿਆ ਕਿ ਜਤਿੰਦਰ ਹਾਂਸ ਚੌਥੀ ਪੀੜ੍ਹੀ ਦਾ ਕਹਾਣੀਕਾਰ ਹੈ। ਉਹ ਕਹਾਣੀ ਨੂੰ ਲੋਕਧਾਰਾ ਅਤੇ ਸਭਿਆਚਾਰ ਦੀ ਚਾਸ਼ਣੀ ਵਿਚ ਡੋਬ ਕੇ ਬਿਨਾ ਕਿਸੇ ਤਰੱਦਦ ਦੇ ਪਾਠਕ ਨੂੰ ਸੰਵੇਦਨਾ ਦੀ ਪੱਧਰ ’ਤੇ ਲੈ ਜਾਂਦਾ ਹੈ। ਉਹ ਹਰੇਕ ਕਹਾਣੀ ਵਿਚ ਨਵਾਂ ਪ੍ਰਯੋਗ ਕਰਦਾ ਹੈ ਅਤੇ ਕਹਾਣੀ ਵਿਚ ਗਿਆਨ ਨੂੰ ਕਿਤੇ ਭਾਰੂ ਨਹੀਂ ਹੋਣ ਦਿੰਦਾ ਸਗੋਂ ਗਿਆਨ ਨੂੰ ਕਸ਼ੀਦ ਕੇ ਪੇਸ਼ ਕਰਦਾ ਹੈ। ਹਾਂਸ ਦੀ ਕਹਾਣੀ ਦੀਆਂ ਤੰਦਾਂ ਬੜੀਆਂ ਮਹੀਨ ਹਨ, ਫਿਕਰੇ ਤਿੱਖੇ ਅਤੇ ਚੁਸਤ ਹਨ। ਉਨ੍ਹਾਂ ਇਹ ਵੀ ਆਖਿਆ ਕਿ ਜਤਿੰਦਰ ਹਾਂਸ ਕਿਸੇ ਵਾਦ ਨਾਲ ਨਹੀਂ ਜੁੜਦਾ ਸਗੋਂ ਸ਼ੋਸ਼ਿਤ ਧਿਰ ਨਾਲ ਖੜ੍ਹਦਾ ਹੈ।
ਕਹਾਣੀਕਾਰ ਜਤਿੰਦਰ ਹਾਂਸ ਵੱਲੋਂ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਆਖਿਆ ਕਿ ਵਾਧੂ ਗੱਲ ਮੇਰੇ ਤੋਂ ਸਹਿ ਨਹੀਂ ਹੁੰਦੀ। ਇਸੇ ਲਈ ਮੇਰੀਆਂ ਕਹਾਣੀਆਂ ਵਿਚ ਸੰਖੇਪਤਾ ਦਾ ਤੱਤ ਮੌਜੂਦ ਹੈ। ‘ਕੀ ਲੁਕਾਉਣਾ ਅਤੇ ਕੀ ਦਿਖਾਉਣਾ’ ਮੇਰੀ ਕਹਾਣੀ ਦੀ ਮੁੱਖ ਜੁਗਤ ਹੈ। ਮੇਰੇ ਲਈ ਅਣਕਿਹਾ ਅਹਿਮ ਹੈ। ਮੈਂ ਵਿਸ਼ਵੀਕਰਨ ਦੇ ਦੌਰ ਵਿਚ ਸਮਾਜ ਅਤੇ ਪਰਿਵਾਰ ਦੇ ਨਾਲ-ਨਾਲ ਸਵੈ ਨਾਲੋਂ ਟੁੱਟ ਚੁੱਕੇ ਬੰਦੇ ਬਾਰੇ ਕਹਾਣੀਆਂ ਲਿਖਦਾ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਵੇਦਨਾ ਅਤੇ ਸੰਵੇਦਨਾ ਵਿਚਲਾ ਫਰਕ ਹੀ ਆਮ ਮਨੁੱਖ ਅਤੇ ਸਾਹਿਤਕਾਰ ਵਿਚਲਾ ਫਰਕ ਨਿਰਧਾਰਿਤ ਕਰਦਾ ਹੈ। ਇਸ ਮੌਕੇ ਕਹਾਣੀਕਾਰ ਜਤਿੰਦਰ ਹਾਂਸ ਅਤੇ ਸ੍ਰੋਤਿਆਂ ਵਿਚਾਲੇ ਸਵਾਲ ਜਵਾਬ ਦਾ ਸਿਲਸਿਲਾ ਵੀ ਬਾਖ਼ੂਬੀ ਚੱਲਿਆ ਅਤੇ ਵਕਤਾ ਵੱਲੋਂ ਬੜੇ ਵਿਸਥਾਰ ਅਤੇ ਸਪਸ਼ਟਤਾ ਨਾਲ ਸਵਾਲਾਂ ਦੇ ਜਵਾਬ ਦਿੱਤੇ ਗਏ।
ਸ਼੍ਰੀਮਤੀ ਮਨਜੀਤ ਕੌਰ ਮੀਤ ਵੱਲੋਂ ਰੂ-ਬ-ਰੂ ਸਮਾਗਮ ਉਲੀਕਣ ਲਈ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਨੂੰ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਇਹ ਵੀ ਆਖਿਆ ਕਿ ਜਤਿੰਦਰ ਹਾਂਸ ਦੁਖਾਂਤ ਨੂੰ ਬੜੀ ਸਹਿਜਤਾ ਨਾਲ ਪੇਸ਼ ਕਰਨ ਵਿਚ ਮਾਹਰ ਹੈ। ਇਸ ਰੂ-ਬ-ਰੂ ਦੌਰਾਨ ਸ਼੍ਰੀਮਤੀ ਸੁਰਿੰਦਰ ਕੌਰ, ਪ੍ਰੋ. ਦਿਲਬਾਗ ਸਿੰਘ, ਸੁਰਜੀਤ ਸੁਮਨ, ਧਿਆਨ ਸਿੰਘ ਕਾਹਲੋਂ, ਸੰਜੀਵਨ ਸਿੰਘ, ਨਿਰਮਲਾ ਦੇਵੀ, ਬਲਦੇਵ ਸਿੰਘ, ਮਨਜੀਤ ਸਿੰਘ, ਪਰਦੀਪ ਸਿੰਘ ਅਤੇ ਮਨਪ੍ਰੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕਹਾਣੀਕਾਰ ਜਤਿੰਦਰ ਹਾਂਸ ਅਤੇ ਪ੍ਰੋ. ਐੱਚ.ਐੱਸ.ਡਿੰਪਲ (ਪੀ.ਸੀ.ਐੱਸ.) ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਰੂ-ਬ-ਰੂ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ।