ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਵਿੱਚ ਗੀਤਾਂ, ਗ਼ਜ਼ਲਾਂ ਦੀ ਲੱਗੀ ਛਹਿਬਰ
ਸਭਾ ਵੱਲੋਂ ਸੁਨੀਲ ਜਾਖੜ ਦੁਆਰਾ ਡਾ. ਨਿਰਮਲ ਜੌੜਾ ਪ੍ਰਤੀ ਵਰਤੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਕੀਤੀ ਨਿੰਦਾ
ਉੱਘੇ ਗ਼ਜ਼ਲਗੋ ਸਰਦਾਰ ਪੰਛੀ ਨੇ ਗਜ਼ਲਾਂ ਅਤੇ ਸ਼ੇਅਰ ਸੁਣਾ ਪੂਰੀ ਮਹਿਫਲ ਲੁੱਟੀ
ਸਮਰਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ:


ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਮੀਟਿੰਗ ਦੌਰਾਨ ਉੱਘੇ ਰੰਗਰਕਮੀ ਅਤੇ ਫਿਲਮੀ ਅਦਾਕਾਰ ਰਾਜਵਿੰਦਰ ਸਮਰਾਲਾ ਦੇ ਪਿਤਾ ਜਸਵੰਤ ਸਿੰਘ, ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਸ਼ਾਇਰ ਪ੍ਰੋ. ਅਨੂਪ ਵਿਰਕ, ਪ੍ਰਵਾਸੀ ਸਾਹਿਤਕਾਰ ਸੁਰਜਨ ਜ਼ੀਰਵੀ ਦੇ ਅਕਾਲ ਚਲਾਣਾ ਕਰਨ ‘ਤੇ ਸ਼ੋਕ ਪ੍ਰਗਟ ਕੀਤਾ ਗਿਆ।
ਇਸ ਉਪਰੰਤ ਸਭਾ ਵੱਲੋਂ ਬੀਤੇ ਦਿਨੀਂ ਭਾਜਪਾ ਆਗੂ ਸੁਨੀਲ ਜਾਖੜ ਦੁਆਰਾ 1 ਨਵੰਬਰ ਨੂੰ ਮੁੱਖ ਮੰਤਰੀ ਦੁਆਰਾ ਰੱਖੇ ਡਿਬੇਟ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਉੱਤੇ ਉੱਘੇ ਸਾਹਿਤਕਾਰ ਡਾ. ਨਿਰਮਲ ਜੌੜਾ ਦੀ ਕੀਤੀ ਨੁਕਤਾਚੀਨੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਸ੍ਰੀ ਜਾਖੜ ਆਪਣੇ ਦੁਆਰਾ ਕਹੇ ਸ਼ਬਦਾਂ ਦੀ ਜਨਤਕ ਤੌਰ ‘ਤੇ ਮੁਆਫੀ ਮੰਗਣ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਅਨਿਲ ਫਤਹਿਗੜ੍ਹ ਜੱਟਾਂ ਨੇ ਗੀਤ ‘ਫੁੱਲਾਂ ਕਲੀਆਂ ਨੇ ਬਾਗੀਂ ਪਾਇਆ ਫੇਰਾ’ ਰਾਹੀਂ ਸ਼ੁਰੂਆਤ ਕਰਦਿਆਂ ਖੂਬ ਵਾਹ ਵਾਹ ਖੱਟੀ, ਅਮਨਿੰਦਰ ਸੋਹਲ ਨੇ ਗ਼ਜ਼ਲ, ਬਲਵੰਤ ਮਾਂਗਟ ਨੇ ਗੀਤ ‘ਹਾੜੇ ਹਾੜੇ’ ਸੁਣਾਇਆ। ਕਹਾਣੀਕਾਰ ਗੁਰਦੀਪ ਮਹੌਣ ਨੇ ਕਹਾਣੀ ‘ਗਮਲਾ’ ਸੁਣਾਈ, ਜਿਸ ਉੱਤੇ ਨਿੱਠ ਕੇ ਵਿਚਾਰ ਚਰਚਾ ਹੋਈ। ਅਖੀਰ ਉਸਨੂੰ ਕਹਾਣੀ ਵਿੱਚ ਹੋਰ ਸੋਧ ਕਰਕੇ ਦੋਬਾਰਾ ਲਿਖਣ ਦੀ ਸਲਾਹ ਦਿੱਤੀ ਗਈ। ਪੰਮੀ ਹਬੀਬ ਨੇ ਔਰਤ ਮਰਦ ਦੇ ਨਜਾਇਜ਼ ਸਬੰਧਾਂ ‘ਤੇ ਚੋਟ ਕਰਦੀ ਮਿੰਨੀ ਕਹਾਣੀ ‘ਨੋਟ ਛਾਪਣ ਵਾਲੀ ਮਸ਼ੀਨ’ ਸੁਣਾਈ। ਯਤਿੰਦਰ ਮਾਹਲ ਨੇ ‘ਬਹਾਰਾਂ ਦੀ ਰੁੱਤੇ ਕਿਵੇਂ ਹੈ ਪੱਤਾ ਪੱਤਾ ਝੜ ਰਿਹਾ’ ਕਵਿਤਾ ਸੁਣਾਈ। ਜੋਰਾਵਰ ਪੰਛੀ ਨੇ ਗ਼ਜ਼ਲ ਸੁਣਾਈ। ਇਸ ਉਪਰੰਤ ਉੱਘੇ ਗ਼ਜ਼ਲਗੋ ਸਰਦਾਰ ਪੰਛੀ ਨੇ ਗਜ਼ਲਾਂ ਅਤੇ ਸ਼ੇਅਰ ਸੁਣਾ ਪੂਰੀ ਮਹਿਫਲ ਲੁੱਟ ਲਈ।
ਇਨ੍ਹਾਂ ਸੁਣਾਈਆਂ ਰਚਨਾਵਾਂ ‘ਤੇ ਨਿੱਠ ਕੇ ਚਰਚਾ ਕਰਨ ਵਾਲਿਆਂ ਵਿੱਚ ਚੇਅਰਮੈਨ ਕਹਾਣੀਕਾਰ ਸੁਖਜੀਤ, ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਬਲਵਿੰਦਰ ਗਰੇਵਾਲ, ਸਿਮਰਜੀਤ ਸਿੰਘ ਕੰਗ, ਕਹਾਣੀਕਾਰਾ ਯਤਿੰਦਰ ਮਾਹਲ ਰੋਪੜ, ਇੰਦਰਜੀਤ ਸਿੰਘ ਕੰਗ ਆਦਿ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਗੁਰਦੀਪ ਮਹੌਣ ਅਤੇ ਯਤਿੰਦਰ ਮਾਹਲ ਦੁਆਰਾ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ : ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ਦੌਰਾਨ ਇਕੱਤਰ ਸਾਹਿਤਕਾਰ।

