ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ, ਪੰਜਾਬ ਸਿਵਲ ਸਕੱਤਰੇਤ ਮੁਲਾਜ਼ਮ ਜਥੇਬੰਦੀਆਂ ਦੇ ਆਗੂ, ਵਿੱਤ ਮੰਤਰੀ ਨੂੰ ਮਿਲੇ਼
ਬਣਦਾ ਮਹਿੰਗਾਈ ਭੱਤਾ ਰਲੀਜ਼ ਕਰਨ ਲਈ ਕੀਤਾ ਗਿਆ ਮੰਗ ਪੱਤਰ ਪੇਸ਼
ਚੰਡੀਗੜ੍ਹ ਪ੍ਰਸ਼ਾਸਨ ਅਤੇ ਗੁਆਂਢੀ ਸੂਬਿਆਂ ਦੀ ਤਰਜ ‘ਤੇ ਮੁਲਾਜ਼ਮਾਂ ਨੂੰ ਬੋਨਸ ਦੇਣ ਦੀ ਕੀਤੀ ਗਈ ਮੰਗ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:
ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਅੱਜ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪ੍ਰਮੁੱਖ ਸਕੱਤਰ, ਵਿੱਤ ਵਿਭਾਗ ਨੂੰ ਮਿਲੇ। ਮੁਲਾਜ਼ਮ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਦੀਵਾਲੀ ਮੌਕੇ ਮੁਲਾਜ਼ਮਾਂ ਦਾ ਬਣਦਾ ਮਹਿੰਗਾਈ ਭੱਤਾ ਜਲਦ ਰਲੀਜ਼ ਕੀਤਾ ਜਾਵੇ ਅਤੇ ਚੰਡੀਗੜ ਪ੍ਰਸ਼ਾਸ਼ਨ ਵਾਂਗ ਦੀਵਾਲੀ ਬੋਨਸ ਵੀ ਦਿੱਤਾ ਜਾਵੇ। ਵਿੱਤ ਮੰਤਰੀ ਵੱਲੋਂ ਪ੍ਰਮੁੱਖ ਸਕੱਤਰ ਵਿੱਤ ਦੀ ਹਾਜ਼ਰੀ ਵਿੱਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ‘ਤੇ ਵਿਚਾਰ ਕੀਤਾ ਗਿਆ ਅਤੇ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਿਸੇ ਵੇਲ਼ੇ ਚੰਡੀਗੜ ਸਮੇਤ ਗੁਆਂਢੀ ਰਾਜਾਂ ਦੇ ਮੁਲਾਜ਼ਮ, ਵਿੱਤੀ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਹਵਾਲਾ ਦਿਆ ਕਰਦੇ ਸਨ। ਇਹ ਸਮੇਂ ਦਾ ਅਜੀਬ ਉਲਟ-ਫੇਰ ਵੇਖਣ ਨੂੰ ਮਿਲ਼ ਰਿਹਾ ਹੈ।
ਇਸ ਮੌਕੇ ਵਿੱਤ ਮੰਤਰੀ ਵੱਲੋਂ ਮੁਲਾਜ਼ਮ ਆਗੂਆਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ, ਪੰਜਾਬ ਦੀ ਜੀ.ਐਸ.ਟੀ ਵਧਾੳਣ ਅਤੇ ਆਰਗੇਨਿਕ ਖੇਤੀ ਤੇ ਪੌਸਟਿਕ ਆਹਾਰ ਖਾਣ ਦਾ ਸੁਨੇਹਾ ਵੀ ਲੋਕਾਂ ਤੱਕ ਪਹੁੰਚਾਉਣ ਲਈ ਆਖਿਆ ਗਿਆ।
ਇਸ ਮੁਲਾਕਾਤ ਦੌਰਾਨ ਅਫਸਰ ਐਸੋਸੀਏਸ਼ਨ ਵੱਲੋਂ ਪਰਮਦੀਪ ਭਬਾਤ, ਭੁਪਿੰਦਰ ਝੱਜ, ਕਮਲ ਸ਼ਰਮਾ, ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਮਲਕੀਤ ਔਜਲਾ, ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋਂ ਸੁਖਚੈਨ ਖਹਿਰਾ, ਜਸਪ੍ਰੀਤ ਰੰਧਾਵਾ, ਇੰਦਰਪਾਲ ਭੰਗੂ, ਸਾਹਿਲ ਸ਼ਰਮਾ, ਐਫ.ਸੀ.ਆਰ. ਐਸੋਸੀਏਸ਼ਨ ਵੱਲੋਂ ਕੁਲਵੰਤ ਸਿੰਘ, ਗੁਰਮੀਤ ਸਿੰਘ ਅਤੇ ਦਰਜਾ-4 ਯੂਨੀਅਨ ਵੱਲੋਂ ਜਗਤਾਰ ਸਿੰਘ ਆਦਿ ਹਾਜ਼ਰ ਸਨ।

