ਕਹਾਣੀਕਾਰ ਜਰਨੈਲ ਪੁਰੀ ਦੀਆਂ ਸਾਰੀਆਂ ਕਹਾਣੀਆਂ ਹਾਜ਼ਰ ਹਨ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ:


ਬੂਟਾ ਸਿੰਘ ਚੌਹਾਨ ਤੇ ਵੱਡੇ ਵੀਰ ਤੇਜਾ ਸਿੰਘ ਤਿਲਕ ਦੀ ਲੰਮੀ ਉਮਰ ਲਈ ਦੁਆ ਕਰੋ, ਜਿਨ੍ਹਾਂ ਨੇ ਗੁਆਚੇ ਮਾਣਕ ਮੇਤੀ ਸੰਭਾਲਣ ਦਾ ਉਪਰਾਲਾ ਕੀਤਾ ਹੈ। ਸਾਡੀ ਚੜ੍ਹਦੀ ਉਮਰੇ ਪ੍ਰੀਤ ਲੜੀ, ਆਰਸੀ ਤੇ ਹੋਰ ਸਾਹਿੱਤਕ ਰਸਾਲਿਆਂ ਵਿੱਚ ਅਜੀਤ ਸਿੰਘ ਪੱਤੋ, ਜਰਨੈਲ ਪੁਰੀ ਤੇ ਕਈ ਹੋਰ ਕਹਾਣੀਕਾਰ ਅਕਸਰ ਛਪਦੇ ਸਨ। ਰਸਵੰਤੀਆਂ ਖ਼ੂਬਸੂਰਤ ਕਹਾਣੀਆਂ ਦੇ ਇਨ੍ਹਾਂ ਸਿਰਜਕਾਂ ਦਾ ਕਦੇ ਕੋਈ ਜ਼ਿਕਰ ਨਹੀ ਕਰਦਾ।
ਜੀਣ ਜਾਗਣ ਬੂਟਾ ਸਿੰਘ ਚੌਹਾਨ ਤੇ ਤੇਜਾ ਸਿੰਘ ਤਿਲਕ ਵਰਗੇ ਪਾਰਖੂ, ਜਿੰਨ੍ਹਾਂ ਨੇ ਜਰਨੈਲ ਪੁਰੀ ਦੀਆਂ ਸਾਰੀਆਂ ਕਹਾਣੀਆਂ ਇਕੱਠੀਆਂ ਕਰਕੇ ਪ੍ਰੀਤੀ ਸ਼ੈਲੀ ਦੇ ਪਲ਼ਕਾਸ਼ਨ ਗ੍ਰਹਿ ਆਟਮ ਆਰਟ ਵੱਲੋਂ ਪੁਸਤਕ ਛਾਪ ਦਿੱਤੀ ਹੈ। ਰਾਏਕੋਟ ਨੇੜੇ ਪਿੰਡ ਸ਼ਹਿਬਾਜ਼ਪੁਰ ਦੇ ਜੰਮਪਲ ਜਰਨੈਲ ਪੁਰੀ ਦੀ ਕਿਤਾਬ ਵੀ ਉਸ ਦੇ ਪਿੰਡ ਵਿੱਚ ਹੀ ਲੋਕ ਅਰਪਨ ਕੀਤੀ ਜਾਵੇਗੀ। ਸ਼ਾਇਦ ਇਹ ਤਰੀਕ 16 ਨਵੰਬਰ ਹੋਵੇ।
ਜਰਨੈਲ ਪੁਰੀ ਦੀਆਂ ਕਿਤਾਬਾਂ ਕੱਤਣੀ, ਨੀਲ ਦੀ ਕੁੜੀ, ਦੋ ਕਬੂਤਰ, ਮਾਸ ਦਾ ਘਰ, ਘੁੱਗੀਆਂ ਵਾਲੇ ਅਤੇ ਮੈਂ, ਰਾਤ ਤੇ ਰਾਣੋ ਹਨ। ਦੱਸਦੇ ਨੇ ਕਿ ਪੰਜਾਬ ਦੇ ਸੁਰਗਵਾਸੀ ਮੁੱਖ ਮੰਤਰੀ ਸਃ ਪ੍ਰਤਾਪ ਸਿੰਘ ਕੈਰੋਂ ਨੇ ਕਹਾਣੀ ਪੜ੍ਹਕੇ ਉਸ ਨੂੰ ਚਿੱਠੀ ਲਿਖੀ ਅਤੇ ਪੰਜਾਬ ਰੋਡਵੇਜ ਵਿਚ ਕੰਡਕਟਰ ਦੀ ਨੌਕਰੀ ਦਿੱਤੀ। ਜਰਨੈਲ ਪੁਰੀ ਨੇ ਮਰਦੇ ਦਮ ਤੱਕ ਲਿਖਿਆ।
ਮੰਦਭਾਗੀ ਗੱਲ ਇਹ ਹੋਈ ਕਿ ਉਨ੍ਹਾਂ ਦੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਇਕਲੌਤੇ ਪੁੱਤਰ ਨੇ ਆਪਣੇ ਘਰੇ ਅੱਗ ਲਾ ਦਿੱਤੀ ਜਿਸ ਵਿਚ ਉਨ੍ਹਾਂ ਦੀ ਲਾਇਬਰੇਰੀ ਅਤੇ ਦੋ ਪੁਸਤਕਾਂ ਦੇ ਅਣ ਪ੍ਰਕਾਸ਼ਿਤ ਖਰੜੇ ਵੀ ਅਗਨੀ ਭੇਟ ਹੋ ਗਏ। ਜੋ ਬਚਿਆ ਉਹ ਹਾਜ਼ਰ ਹੈ।

