ਮਿੰਨੀ ਸਕੱਤਰੇਤ ਵਿੱਚ ਮੁਲਾਜਮਾਂ ਦਾ ਜ਼ੋਰਦਾਰ ਪ੍ਰਦਰਸ਼ਨ ਅਤੇ ਮੇਨ ਸਕੱਤਰੇਤ ਵਿੱਚ ਹੋਵੇਗਾ ਕੱਲ੍ਹ
ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਦਸੰਬਰ:


ਪੰਜਾਬ ਸਿਵਲ ਸਕੱਤਰੇਤ-2 ਵਿੱਚ ਅੱਜ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਅਫਸਰ ਐਸੋਸੀਏਸ਼ਨ, ਪਰਸਨਲ ਸਟਾਫ ਐਸੋਸੀਏਸ਼ਨ, ਸਕੱਤਰੇਤ ਸਟਾਫ ਐਸੋਸੀਏਸ਼ਨ, ਐਫ.ਸੀ.ਆਰ.ਐਸੋਸੀਏਸ਼ਨ, ਦਰਜਾ-4 ਯੂਨੀਅਨ, ਡਰਾਈਵਰ ਯੂਨੀਅਨ ਅਤੇ ਪ੍ਰਹੁਣਚਾਰੀ ਵਿਭਾਗ ਯੂਨੀਅਨ ਦੇ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੁਲਾਜ਼ਮ ਆਗੂਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਫੀਲਡ ਦੇ ਦਫਤਰਾਂ ਵਿੱਚ ਮਨੀਸਟਰੀਅਲ ਸਟਾਫ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਅਤੇ ਹੜਤਾਲ ਖਤਮ ਕਰਵਾਈ ਜਾਵੇ। ਇਸ ਤੋਂ ਇਲਾਵਾ ਬੁਲਾਰਿਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹਨਾਂ ਦੀਆਂ ਹੱਕੀ ਮੰਗਾਂ ਬਾਰੇ ਤੁਰੰਤ ਫੈਸਲਾ ਲਿਆ ਜਾਵੇ, ਜਿਨ੍ਹਾਂ ਵਿੱਚ 12% ਬਕਾਇਆ ਡੀਏ, ਪੇਅ ਕਮਿਸ਼ਨ ਦੇ ਬਕਾਏ ਰਲੀਜ਼ ਕਰਨਾ, ਏ.ਸੀ.ਪੀ.ਸਕੀਮ ਸ਼ੁਰੂ ਕਰਨਾ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਵਰਗੇ ਮੁੱਖ ਮੁੱਦੇ ਹਨ। ਮਾਨ ਸਰਕਾਰ ਵੱਲੋਂ ਧਾਰੀ ਚੁੱਪੀ ਕਰਕੇ ਸਮੂਹ ਮੁਲਾਜ਼ਮ ਵਰਗ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਉਹ ਰੋਸ ਰੈਲੀਆਂ ਕਰਨ ਲਈ ਮਜਬੂਰ ਹਨ।
ਜੁਆਇੰਟ ਐਕਸ਼ਨ ਕਮੇਟੀ ਇਸ ਸਮੇਂ ਦੋ ਧਿਰਾਂ ਬਣਾ ਕੇ ਕੰਮ ਕਰ ਰਹੀ ਹੈ। ਇੱਕ ਧਿਰ ਧਰਨੇ ਰੋਸ ਰੈਲੀਆਂ ਦੀ ਕਮਾਂਡ ਸੰਭਾਲ ਰਹੀ ਹੈ ਅਤੇ ਦੂਜੀ ਧਿਰ ਅਫਸਰਸਾਹੀ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਲਈ ਯਤਨ ਕਰ ਰਹੀ ਹੈ। ਅੱਜ ਹੋਈ ਗੱਲਬਾਤ ਵਿੱਚ ਮੁਲਾਜ਼ਮ ਆਗੂਆਂ ਵੱਲੋਂ ਮੁੱਖ ਸਕੱਤਰ, ਪੰਜਾਬ ਨੂੰ ਦੱਸਿਆ ਗਿਆ ਕਿ ਅਗਲੇ ਦਿਨਾਂ ਵਿੱਚ ਗੁਰੂ ਸਾਹਿਬ ਦੇ ਸਾਹਿਬਜਾਦਿਆਂ ਦੇ ਸ਼ਹੀਦੇ ਦਿਹਾੜੇ ਆ ਰਹੇ ਹਨ ਅਤੇ ਮੁਲਾਜ਼ਮ ਨਹੀਂ ਚਾਹੁੰਦੇ ਕਿ ਉਨਾਂ ਦਿਨਾਂ ਵਿੱਚ ਕੋਈ ਰੌਲਾ ਰੱਪਾ ਹੋਵੇ। ਇਸ ਲਈ ਮੁਲਾਜ਼ਮਾਂ ਦੇ ਪੈਂਡਿੰਗ ਮਸਲੇ ਤੁਰੰਤ ਹੱਲ ਕੀਤੇ ਜਾਣ, ਜਿਸ ਦੇ ਜਵਾਬ ਵਿੱਚ ਮੁੱਖ ਸਕੱਤਰ ਵੱਲੋਂ ਮੁਲਾਜ਼ਮ ਆਗੂਆਂ ਨੂੰ ਦੱਸਿਆ ਗਿਆ ਕਿ ਮੁੱਖ ਮੰਤਰੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਪ੍ਰਤੀ ਗੰਭੀਰ ਹਨ ਅਤੇ ਆੳਂਦੇ ਇੱਕ-ਦੋ ਦਿਨਾਂ ਵਿੱਚ ਕੋਈ ਅਨਾਊਂਸਮੈਂਟ ਕਰਨਗੇ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਡਾਇਰੈਕਟੋਰੇਟਾਂ ਵਿੱਚ ਵੀ ਚੰਡੀਗੜ- ਮੋਹਾਲੀ ਸਾਂਝਾ ਮੁਲਾਜ਼ਮ ਮੰਚ ਵੱਲੋਂ ਐਕਸ਼ਨ ਪਲਾਨ ੳਲੀਕ ਦਿੱਤੇ ਗਏ ਹਨ। ਜੇਕਰ ਅੱਜ-ਕਲ੍ਹ ਵਿੱਚ ਕੋਈ ਅਨਾਊਂਸਮੈਂਟ ਨਾ ਹੋਈ ਤਾਂ ਸਾਰੇ ਦਫਤਰਾਂ ਵਿੱਚ ਕੰਮ ਕਾਜ-ਠੱਪ ਹੋ ਜਾਣਗੇ, ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਲਈ ਸਰਕਾਰ ਨੂੰ ਤੁਰੰਤ ਮੌਕਾ ਸੰਭਾਲਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਹੋਰ ਦੇਰੀ ਤੋਂ ਮੁਲਾਜ਼ਮ ਜਥੇਬੰਦੀਆਂ ਨੂੰ ਬੁਲਾ ਕੇ ਉਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਤਾਂ ਜੋ ਦਫਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਨਾ ਹੋਵੇ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਦੀ ਰੋਸ ਰੈਲੀ ਨੂੰ ਕਾਮਯਾਬ ਕਰਨ ਲਈ ਸਮੂਹ ਮੁਲਾਜ਼ਮ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਕੱਲ੍ਹ ਨੂੰ ਸਵੇਰੇ ਸਿਵਲ ਸਕੱਤਰੇਤ ਦੀ ਮੇਨ ਬਿਲਡਿੰਗ ਵਿੱਚ ਸਵੇਰੇ 9 ਵਜੇ ਹੋ ਰਹੀ ਗੇਟ ਰੈਲੀ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਅੱਜ ਦੀ ਇਸ ਰੈਲੀ ਵਿੱਚ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਚੇਅਰਮੈਨ ਸੁਖਚੈਨ ਖਹਿਰਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਸ਼ਰਮਾਂ, ਸਕੱਤਰੇਤ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਰੰਧਾਵਾ ਤੇ ਗੁਰਪ੍ਰੀਤ ਗਰਚਾ, ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਔਜਲਾ ਤੇ ਵਾਈਸ ਪ੍ਰਧਾਨ, ਸ਼ੁਦੇਸ਼ ਕੁਮਾਰੀ, ਵਿੱਤ ਸਕੱਤਰ ਜਸਬੀਰ ਕੌਰ, ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸ਼ੁਸ਼ੀਲ ਕੁਮਾਰ, ਜਨਰਲ ਸਕੱਤਰ ਸਾਹਿਲ ਸ਼ਰਮਾਂ, ਮਿਥੁਨ ਚਾਵਲਾ, ਇੰਦਰਪਾਲ ਭੰਗੂ, ਮਨਵੀਰ ਸਿੰਘ, ਸੰਦੀਪ ਕੌਸ਼ਲ, ਵਿੱਤੀ ਕਮਿਸ਼ਨਰ ਮਾਲ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ, ਜਨਰਲ ਸਕੱਤਰ ਅਲਕਾ ਚੋਪੜਾ, ਡੀਪੀਅਰ ਤੋਂ ਸੰਦੀਪ ਕੁਮਾਰ, ਦਲਜੀਤ ਸਿੰਘ, ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ, ਬਲਰਾਜ ਸਿੰਘ ਦਾਊਂ ਅਤੇ ਪ੍ਰਹੁਣਚਾਰੀ ਵਿਭਾਗ ਯੂਨੀਅਨ ਦੇ ਪ੍ਰਧਾਨ ਬਜਰੰਗ ਯਾਦਵ ਹਾਜ਼ਰ ਹੋਏ।

