Breaking
www.sursaanjh.com > ਸਿੱਖਿਆ > ਬਾਬਾ ਫ਼ਰੀਦ ਦਾ ਸੇਵਕ ਤੇ ਫ਼ਰੀਦਕੋਟ ਦਾ ਪੁੱਤਰ: ਇੰਦਰਜੀਤ ਸਿੰਘ ਖਾਲਸਾ

ਬਾਬਾ ਫ਼ਰੀਦ ਦਾ ਸੇਵਕ ਤੇ ਫ਼ਰੀਦਕੋਟ ਦਾ ਪੁੱਤਰ: ਇੰਦਰਜੀਤ ਸਿੰਘ ਖਾਲਸਾ

ਬਾਬਾ ਫ਼ਰੀਦ ਦਾ ਸੇਵਕ ਤੇ ਫ਼ਰੀਦਕੋਟ ਦਾ ਪੁੱਤਰ: ਇੰਦਰਜੀਤ ਸਿੰਘ ਖਾਲਸਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਦਸੰਬਰ:

ਸ. ਇੰਦਰਜੀਤ ਸਿੰਘ ਖਾਲਸਾ ਜੀ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਇੱਕ ਸਫ਼ਲ ਵਕੀਲ, ਕੁਸ਼ਲ ਪ੍ਰਬੰਧਕ ਅਤੇ ਸਭ ਤੋਂ ਉਪਰ ਨਿਰਛਲ, ਇਮਾਨਦਾਰ, ਬੇਬਾਕ ਇਨਸਾਨ ਸਨ। ਉਨ੍ਹਾਂ ਦਾ ਫ਼ਰੀਦਕੋਟ ਨੂੰ ਅੰਤਰਰਾਸ਼ਟਰੀ ਪਛਾਣ ਦੇਣ ਵਿੱਚ ਵਡਮੁੱਲਾ ਯੋਗਦਾਨ ਹੈ।

ਸਤਿਕਾਰਯੋਗ ਸ. ਇੰਦਰਜੀਤ ਸਿੰਘ ਖਾਲਸਾ ਜਿਹੀ ਨਾਮੀ ਸ਼ਖ਼ਸੀਅਤ ਨੂੰ ਸ਼ਬਦਾਂ ਚ ਪਰੋਣਾ ਸੌਖਾ ਕਾਰਜ ਨਹੀਂ, ਇਹੋ ਜਿਹੇ ਨਾਮਵਰ, ਦਾਨਿਸ਼ਵਰਾਂ ਅੱਗੇ ਸ਼ਬਦ ਵੀ ਹੌਲ਼ੇ ਪੈ ਜਾਂਦੇ ਨੇ। ਉਹ ਬੀਤੇ 10 ਦਸੰਬਰ, 2023 ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਸੰਸਾਰਿਕ ਯਾਤਰਾ ਪੂਰੀ ਕਰ ਅਕਾਲ ਪੁਰਖ ਦੇ ਚਰਨਾਂ ਚ ਜਾ ਬਿਰਾਜੇ ਹਨ ਤੇ ਸਦਾ ਲਈ ਆਪਣੀਆਂ ਪਿਆਰੀਆਂ ਯਾਦਾਂ ਪੰਜਾਬੀਆਂ ਦੇ ਦਿਲਾਂ ਚ ਛੱਡ ਗਏ ਹਨ, ਉਨ੍ਹਾਂ ਦੁਆਰਾ ਕੀਤੇ ਨਾਮੀ ਕਾਰਜਾਂ ਨੂੰ ਅੱਜ ਕੇਵਲ ਫ਼ਰੀਦਕੋਟ ਇਲਾਕਾ ਹੀ ਨਹੀਂ, ਸਗੋਂ ਸਾਰਾ ਸੰਸਾਰ ਯਾਦ ਕਰਦਾ ਹੈ ਤੇ ਹਮੇਸ਼ਾ ਕਰਦਾ ਰਹੇਗਾ। ਬਾਬਾ ਫ਼ਰੀਦ ਜੀ ਦੀ ਅਪਾਰ ਕਿਰਪਾ ਸਦਕਾ ਉਹ ਆਖਰੀ ਸਾਹ ਤੱਕ ਸੇਵਾ ਭਾਵਨਾ ਵਿੱਚ ਜੁਟੇ ਰਹੇ।

ਸ. ਇੰਦਰਜੀਤ ਸਿੰਘ ਖਾਲਸਾ ਜੀ ਦਾ ਜਨਮ 11 ਮਈ, 1927 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿਖੇ ਸ. ਲਾਲ ਸਿੰਘ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਹੋਇਆ, ਉਹ ਤਿੰਨ ਸਾਲ ਮਾਤਾ-ਪਿਤਾ ਕੋਲ ਧਰਾਂਗ ਵਾਲੇ ਰਹੇ। ਮੁੱਢਲੀ ਵਿੱਦਿਆ ਕੁੰਡਲ ਦੇ ਪ੍ਰਾਇਮਰੀ ਸਕੂਲ ਵਿੱਚੋਂ ਤੇ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਵਿੱਚ ਦਾਖਲ ਹੋਏ, ਬ੍ਰਿਜਿੰਦਰਾ ਕਾਲਜ ਵਿੱਚ ਪੜ੍ਹਦਿਆਂ ਸਟੂਡੈਂਟ ਫੇਡਰੇਸ਼ਨ ਆਫ਼ ਇੰਡੀਆ’ ਦੀ ਸਥਾਪਨਾ ਕੀਤੀ, ਵਿਦਿਆਰਥੀਆਂ ਵਿੱਚ ਉਹ ਨੇਤਾ ਦੇ ਨਾਮ ਨਾਲ ਮਸ਼ਹੂਰ ਰਹੇ। ਪੜ੍ਹਾਈ ਕਰਨ ਦੇ ਨਾਲ ਫ਼ਰੀਦਕੋਟ ਤੇ ਕੋਟਕਪੂਰੇ ਦੇ ਵਿਚਾਲੇ ਉਨ੍ਹਾਂ ਟਾਂਗਾ ਵੀ ਖ਼ੁਦ ਚਲਾਇਆ। ਬਚਪਨ ਦੀਆਂ ਘਟਨਾਵਾਂ ਦਾ ਉਨ੍ਹਾਂ ਦੇ ਮਨ `ਤੇ ਬਹੁਤ ਅਸਰ ਹੋਇਆ। ਉਨ੍ਹਾਂ ਦੀ ਜ਼ਿੰਦਗੀ ਨੂੰ ਸੰਵਾਰਨ ਦੇ ਵਿੱਚ ਉਨ੍ਹਾਂ ਦੇ ਤਾਇਆ ਜੀ ਸ. ਉਦੈ ਸਿੰਘ ਸ਼ਾਇਕ ਦਾ ਵੱਡਾ ਰੋਲ ਹੈ, ਜੋ ਪੇਸ਼ੇ ਵਜੋਂ ਵਕੀਲ ਤੇ ਉਰਦੂ ਦੇ ਨਾਮਵਰ ਸ਼ਾਇਰ ਸਨ। ਆਪਣੇ ਤਾਇਆ ਜੀ ਦੇ ਉਹ ਮੁਤਬੰਨੇ ਪੁੱਤਰ ਸਨ। ਸ਼ਾਇਕ ਸਾਬ ਨੇ ਉਨ੍ਹਾਂ ਨੂੰ ਪੜ੍ਹਾਇਆ, ਲਿਖਾਇਆ ਤੇ ਜ਼ਿੰਦਗੀ ਦੀਆਂ ਉਸਾਰੂ ਲੀਹਾਂ ਵੱਲ ਚੱਲਣ ਲਈ ਸੇਧ ਪ੍ਰਦਾਨ ਕੀਤੀ ਅਤੇ ਜਾਇਦਾਦ ਦੇ ਵਾਰਸ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ਾਇਰੀ ਦਾ ਵਾਰਸ ਵੀ ਬਣਾਇਆ, ਆਪਣੀ ਕਿਤਾਬ ਹੈਰਤ ਕਦਾ’ ਦਿੱਤੀ।

ਸ. ਇੰਦਰਜੀਤ ਸਿੰਘ ਖਾਲਸਾ ਜੀ ਘਟਨਾਵਾਂ ਭਰੀ ਇੱਕ ਪੂਰੀ ਸਦੀ ਦੇ ਚਸ਼ਮਦੀਦ ਸਨ। ਉਨ੍ਹਾਂ ਪੰਜਾਬ ਦੀ ਵੰਡ, ਪੰਜਾਬੀ ਸੂਬਾ ਮੋਰਚਾ, ਨਕਸਲਬਾੜੀ ਲਹਿਰ, ਧਰਮਯੁੱਧ ਮੋਰਚਾ ਆਦਿ ਅਨੇਕਾਂ ਅਹਿਮ ਇਤਿਹਾਸਕ ਵਰਤਾਰਿਆਂ ਨੂੰ ਨਾ ਸਿਰਫ਼ ਨੇੜਿਓਂ ਦੇਖਿਆ, ਸਗੋਂ ਇਨ੍ਹਾਂ ਵਿੱਚ ਆਪਣੀ ਸੋਚ ਅਤੇ ਪਹੁੰਚ ਨਾਲ ਸਰਗਰਮ ਸ਼ਮੂਲੀਅਤ ਵੀ ਕੀਤੀ। ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਭਗਤ ਪੂਰਨ ਸਿੰਘ, ਸੰਤ ਜਰਨੈਲ ਸਿੰਘ, ਬਾਬਾ ਜੋਗਿੰਦਰ ਸਿੰਘ ਸਮੇਤ ਗਿਆਨੀ ਜ਼ੈਲ ਸਿੰਘ, ਸ. ਸਿਮਰਨਜੀਤ ਸਿੰਘ ਮਾਨ ਆਦਿ ਵੱਡੀਆਂ ਹਸਤੀਆਂ ਨਾਲ ਬਹੁਤ ਨੇੜਲੇ ਨਿੱਜੀ ਅਤੇ ਸਿਆਸੀ ਸਬੰਧ ਰਹੇ।

ਸ. ਖਾਲਸਾ ਨੇ ਪੇਸ਼ੇ ਦੇ ਤੌਰ ਤੇ ਇਲਾਕੇ ਦੇ ਉੱਘੇ ਵਕੀਲ ਵਜੋਂ ਪ੍ਰਸਿੱਧ ਹੋਏ ਤੇ ਸੀਨੀਅਰ ਐਡਵੋਕੇਟ ਬਣੇ, ਉਨ੍ਹਾਂ ਨੇ ਬਹੁਤ ਸਾਰੇ ਕੇਸ ਸੱਚਾ ਸਿੱਖ ਹੋਣ ਦੇ ਨਾਤੇ ਸਿੱਖਾਂ ਦੇ ਹਿੱਤ ਚ ਲੜੇ। ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਬੂਤ ਇਹ ਹੈ ਕਿ ਉਹ ਸੱਤ ਵਾਰ ਫ਼ਰੀਦਕੋਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਬਹੁਤ ਸਾਰੇ ਕੇਸਾਂ ਨੇ ਉਨ੍ਹਾਂ ਦੇ ਮਨ ਤੇ ਬਹੁਤ ਪ੍ਰਭਾਵ ਪਾਇਆ, ਜਿਵੇਂ ਕਿ ਸੁੱਖਣ ਵਾਲਾ ਕੇਸ, ਅਰਾਈਆਂ ਵਾਲਾ ਕੇਸ ਆਦਿ। ਉਨ੍ਹਾਂ ਦੇ ਪੁੱਤਰ ਵੀ ਹੁਣ ਵਕਾਲਤ ਦੀਆਂ ਸੇਵਾਵਾਂ ਨਿਭਾ ਰਹੇ ਹਨ।

25 ਸਤੰਬਰ, 1969 ਦਾ ਦਿਨ ਇਤਿਹਾਸਕ ਹੈ, ਕਿਉਂਕਿ ਇਸ ਦਿਨ ਬਾਬਾ ਫ਼ਰੀਦ ਜੀ ਦੇ ਟਿੱਲੇ ਨੂੰ ਮਹੰਤ ਕਰਤਾਰ ਸਿੰਘ ਦੇ ਚੁੰਗਲ ਤੋਂ ਆਜ਼ਾਦ ਕਰਵਾ ਕੇ, ਇਸ ਥਾਂ ਦੀ ਅਧਿਆਤਮਿਕ ਸ਼ਾਨ ਨੂੰ ਬਹਾਲ ਕੀਤਾ ਗਿਆ ਸੀ। ਅੱਜ ਇਸ ਅਸਥਾਨ ਉਪਰ ਦਿਨ-ਰਾਤ ਗੁਰੂ ਜੱਸ ਦਾ ਕੀਰਤਨ ਗਾਇਨ ਹੁੰਦਾ ਹੈ। ਇਸ ਅਸਥਾਨ ਦੀ ਸ਼ਾਨ ਬਹਾਲੀ ਉਪਰੰਤ ਇਲਾਕੇ ਦੇ ਸਿਆਸੀ ਆਗੂਆਂ ਦੀ ਸ਼ਹਿ ਉਪਰ ਇਸ ਅਸਥਾਨ ਨੂੰ ਇੱਕ ਵੱਖਰੇ ਵਿਸ਼ੇਸ਼ ਪ੍ਰਬੰਧ ਹੇਠ ਲਿਆਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਖਾਲਸਾ ਜੀ ਨੇ ਆਪਣੀ ਸੂਝ-ਬੂਝ ਅਤੇ ਦਲੇਰੀ ਨਾਲ ਨਾਕਾਮ ਕਰ ਦਿੱਤਾ।

80ਵਿਆਂ ਦੀ ਖਾੜਕੂ ਲਹਿਰ ਸਮੇਂ ਨੌਜਵਾਨਾਂ ਦੇ ਮਨੁੱਖੀ ਅਧਿਕਾਰਾਂ ਲਈ ਖਾਲਸਾ ਜੀ ਨੇ ਵੱਡੀ ਭੂਮਿਕਾ ਨਿਭਾਈ। ਬਹੁਤ ਸਾਰੇ ਨਜਾਇਜ਼ ਚੁੱਕੇ ਗਏ ਨੌਜਵਾਨਾਂ ਦੀ ਬੰਦ-ਖਲਾਸੀ ਇਨ੍ਹਾਂ ਵੱਲੋਂ ਵਾਰੰਟ ਅਫ਼ਸਰ ਭੇਜ ਕੇ ਕਰਵਾਈ ਗਈ। ਵਕਾਲਤ ਦੇ ਨਾਲ-ਨਾਲ ਖਾਲਸਾ ਜੀ ਦੇ ਜੀਵਨ ਦੇ ਕਈ ਹੋਰ ਪੱਖ ਵੀ ਹਨ, ਜਿਵੇਂ ਕਿ ਫ਼ਰੀਦਕੋਟ ਤੋਂ ਆਪਣੇ ਸਿਆਸੀ ਸਫ਼ਰ ਦਾ ਆਗਾਜ਼, ਸਿਆਸੀ ਸਫ਼ਰ ਦੇ ਵਿੱਚ ਸਾਬਕਾ ਰਾਸ਼ਟਰਪਤੀ ਤੇ ਸਾਬਕਾ ਮੁੱਖ ਮੰਤਰੀ ਪੰਜਾਬ, ਗਿਆਨੀ ਜ਼ੈਲ ਸਿੰਘ ਨਾਲ ਉਨ੍ਹਾਂ ਦੇ ਸਬੰਧ ਨੇੜਤਾ ਵਾਲੇ ਰਹੇ, ਗਿਆਨੀ ਜੀ ਦੀ ਚੋਣ ਮੁਹਿੰਮ ਦੇ ਉਹ ਇੰਚਾਰਜ ਵੀ ਰਹੇ ਤੇ ਗਿਆਨੀ ਜੀ ਨੂੰ ਰਾਜਨੀਤਿਕ ਮਾਰਗਦਰਸ਼ਕ ਧਾਰਨ ਕੀਤਾ, ਉਨ੍ਹਾਂ ਦੇ ਜੀਵਨ ਵਿੱਚ ਕਾਫ਼ੀ ਉਤਰਾਅ ਚੜਾਅ ਵੀ ਆਏ, ਜਿਵੇਂ ਕਿ ਕਾਂਗਰਸ ਨੂੰ ਛੱਡਣਾ, ਆਪਣੀ ਭੈਣ ਨਾਲ ਗੂੜਾ ਰਿਸ਼ਤਾ ਨਿਭਾਉਂਦਿਆਂ ਆਪਣੇ ਭਣੋਈਏ ਜਸਵਿੰਦਰ ਸਿੰਘ ਨੂੰ ਜਿਤਾ ਕੇ ਲੀਡਰ ਆਫ਼ ਆਪੋਜੀਸ਼ਨ’ ਦੇ ਅਹੁਦੇ ਤੱਕ ਲੈ ਕ ਜਾਣਾ, ਰਿਸ਼ਤੇ ਨਿਭਾਉਂਦਿਆਂ 25 ਸਾਲਾਂ ਦਾ ਸਿਆਸੀ ਜੀਵਨ ਦਾਅ ਤੇ ਲਾਉਣਾ ਆਦਿ। ਇਸ ਤੋਂ ਇਲਾਵਾ ਉਨ੍ਹਾਂ ਦੇ ਉਸ ਸਮੇਂ ਦੇ ਸਿਰਕੱਢ ਨੇਤਾਵਾਂ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ, ਸੰਤ ਫ਼ਤਹਿ ਸਿੰਘ ਨਾਲ ਵੀ ਵਿਚਾਰ ਪ੍ਰਗਟਾਵੇ ਹੋਏ। ਉਨ੍ਹਾਂ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਵਿੱਚ ਮੱਦਦ ਕੀਤੀ।

ਫ਼ਰੀਦਕੋਟ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਟਿੱਲਾ ਬਾਬਾ ਫ਼ਰੀਦ ਜੀ ਸਮੇਤ ਗੁਰੂਦੁਆਰਾ ਮਾਈ ਗੋਦੜੀ ਸਾਹਿਬ, ਬਾਬਾ ਫ਼ਰੀਦ ਪਬਲਿਕ ਸਕੂਲ, ਬਾਬਾ ਫ਼ਰੀਦ ਲਾਅ ਕਾਲਜ ਆਦਿ ਇਨ੍ਹਾਂ ਚਾਰ ਸੰਸਥਾਵਾਂ ਵਿੱਚੋਂ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਦਾ ਅਕਸ ਦੇਖਿਆ ਜਾ ਸਕਦਾ ਹੈ। ਸਕੂਲ ਅਤੇ ਕਾਲਜ ਵਿੱਚੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਆਪਣੇ ਆਪਣੇ ਖੇਤਰਾਂ ਅੰਦਰ ਵੱਡਾ ਨਾਮਣਾ ਖੱਟ ਰਹੇ ਹਨ। ਬਾਬਾ ਫ਼ਰੀਦ ਪਬਲਿਕ ਸਕੂਲ ਦਾ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਉੱਘਾ ਸਥਾਨ ਹੈ। ਹਰ ਸਾਲ ਸੀ.ਬੀ.ਐਸ.ਈ. ਦੇ ਨਤੀਜਿਆਂ ਵਿੱਚ ਇਸ ਸਕੂਲ ਦੇ ਵਿਦਿਆਰਥੀ ਮੂਹਰਲੀਆਂ ਪੁਜੀਸ਼ਨਾਂ ਵਿੱਚ ਆਉਂਦੇ ਹਨ।

ਬਦਲਦੇ ਸਮੇਂ ਦੀਆਂ ਸਥਿਤੀਆਂ ਮੁਤਾਬਿਕ ਜੂਨ, 1984 ਵਿੱਚ ਖਾਲਸਾ ਜੀ ਨੂੰ ਦਰਬਾਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਸਰਕਾਰ ਵਿਰੋਧੀ ਹੋਣ ਕਾਰਨ, ਉਨ੍ਹਾਂ ਨੂੰ ਐੱਨ.ਐੱਸ.ਏ ਤਹਿਤ ਹਿਰਾਸਤ ਵਿੱਚ ਲੈ ਲਿਆ ਗਿਆ, ਇਸ ਉਪਰੰਤ ਜੇਲ੍ਹ ਵੀ ਕੱਟਣੀ ਪਈ। ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤ ਪ੍ਰੋ. ਹਰਪਾਲ ਸਿੰਘ ਪੁੰਨੂੰ ਤੇ ਕਈ ਹੋਰ ਨਾਮੀ ਸਖ਼ਸ਼ੀਅਤਾਂ ਨਾਲ ਹੋਈ। ਸ. ਸਿਮਰਨਜੀਤ ਸਿੰਘ ਮਾਨ ਨਾਲ ਉਨ੍ਹਾਂ ਦੇ ਸੰਬੰਧ, ਉਸ ਸਮੇਂ ਗੂੜ੍ਹੇ ਰਹੇ ਤੇ ਉਹਨਾਂ ਨੇ ‘ਯੂਨਾਈਟਿਡ ਅਕਾਲੀ ਦਲ’ ਦੀ ਸਿਰਜਨਾ ਵਿੱਚ ਮੱਦਦ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਇਸ ਦਾ ਪ੍ਰਧਾਨ ਥਾਪਿਆ, ਮਾਨ ਜੀ ਤੇ ਪਾਰਟੀ ਨੇ ਜੇਲ੍ਹ ਵਿੱਚ ਬੈਠਿਆਂ ਵੱਡੀ ਜਿੱਤ ਵੀ ਪ੍ਰਾਪਤ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਾਥ ਵੀ ਉਨ੍ਹਾਂ ਨੇ ਮਾਣਿਆ, ਸੰਤ ਜੀ ਦੀ ਸਖ਼ਸ਼ੀਅਤ ਤੋਂ ਉਹ ਕਾਫ਼ੀ ਪ੍ਰਭਾਵਿਤ ਸਨ। ਹੌਲੀ-ਹੌਲੀ ਉਨ੍ਹਾਂ ਸਿਆਸਤ ਤੋਂ ਮੋੜਾ ਲੈਂਦਿਆਂ ਲੋਕ ਭਲਾਈ ਕਾਰਜਾਂ ਨੂੰ ਪਹਿਲ ਦਿੱਤੀ। ਜੀਵਨ ਦੇ ਸ਼ੁਰੂਆਤੀ ਸਾਲਾਂ ਵਿੱਚ ਉਹ ਨਾਸਤਿਕਤਾ ਦੇ ਧਾਰਨੀ ਸਨ, ਜੀਵਨ ਫੇਰ-ਬਦਲ ਹੁੰਦਿਆਂ ਬਾਬਾ ਫ਼ਰੀਦ ਜੀ ਦੀ ਕਿਰਪਾ ਸਦਕਾ ਉਹ ਸਤੰਬਰ 1969 ਵਿੱਚ ਆਸਤਿਕਤਾ ਦੇ ਧਾਰਨੀ ਬਣੇ, ਉਹ ਆਪਣੀ ਪਤਨੀ ਦੇ ਧਾਰਮਿਕ ਵਿਚਾਰਾਂ ਤੋਂ ਵੀ ਕਾਫ਼ੀ ਪ੍ਰਭਾਵਿਤ ਹੋਏ। ਟਿੱਲਾ ਬਾਬਾ ਫ਼ਰੀਦ ਵਾਲੀ ਜਗ੍ਹਾ ਨੂੰ ਮਹੰਤ ਕਰਤਾਰ ਸਿੰਘ ਤੋਂ ਆਜ਼ਾਦ ਕਰਾ ਕੇੇ 23 ਸਤੰਬਰ 1970 ਨੂੰ 200 ਸ਼ਰਧਾਲੂਆਂ ਨਾਲ ਇੱਥੇ ਬਾਬਾ ਫ਼ਰੀਦ ਜੀ ਦੀ ਯਾਦ ਵਿੱਚ ਮੇਲਾ ਸ਼ੁਰੂ ਕੀਤਾ, ਅੱਜ ਹਜ਼ਾਰਾਂ ਸ਼ਰਧਾਲੂ ਇਸ ਜਗ੍ਹਾ ਤੇ ਨਤਮਸਤਕ ਹੁੰਦੇ ਹਨ, 1980 ਵਿੱਚ ਸੰਗਤ ਦੀ ਬੇਨਤੀ ਤੇ ਉਨ੍ਹਾਂ ਗੁਰਦੁਆਰਾ ਗੋਦੜੀ ਸਾਹਿਬ ਦੇ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਪਾਇਆ। ਖਾਲਸਾ ਜੀ ਭਗਤ ਪੂਰਨ ਸਿੰਘ ਤੋਂ ਕਾਫ਼ੀ ਪ੍ਰਭਾਵਿਤ ਸਨ, ਉਨ੍ਹਾਂ ਭਗਤ ਜੀ ਨਾਲ ਮੁਲਾਕਾਤ ਕੀਤੀ ਤੇ ਲੋਕਾਈ ਦਾਨ ਲਈ ਪਿੰਗਲਵਾੜੇ ਦੀ ਗੋਲਕ, ਗੇਟ ਵੜਦਿਆਂ ਫ਼ਰੀਦਕੋਟ ਬਾਬਾ ਫ਼ਰੀਦ ਜੀ ਦੇ ਸਥਾਨ ਅੰਦਰ ਲਗਾ ਦਿੱਤੀ।

ਸਤਿਕਾਰਯੋਗ ਇੰਦਰਜੀਤ ਸਿੰਘ ਖਾਲਸਾ ਨੂੰ ਸਮਾਜਿਕ ਸੇਵਾਵਾਂ ਲਈ ਕਈ ਪੁਰਸਕਾਰਾਂ ਨਾਲ ਨਿਵਾਜਿਆ ਗਿਆ, ਜਿਵੇਂ ਕਿ ‘ਫ਼ਰੀਦਕੋਟ ਰਤਨ ਅਵਾਰਡ- 2008’, ‘ਅਵਾਰਡ ਆਫ਼ ਐਕਸੀਲੈਂਸ-2008’, ‘ਪੰਜਾਬੀ ਵਿਰਾਸਤ ਅਵਾਰਡ-2011’, ‘ਡਾ. ਅੰਬੇਦਕਰ ਅਵਾਰਡ-2011’ ਅਤੇ ਹੋਰ ਬਹੁਤ ਸਨਮਾਨ ਇਸ ਸਨਮਾਨਿਤ ਸਖ਼ਸ਼ੀਅਤ ਦੇ ਹਿੱਸੇ ਆਏ।

ਮੇਰੇ ਸਤਿਕਾਰਤ ਦਾਦਾ ਜੀ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜ਼ੈਲ ਸਿੰਘ ਜੀ ਨਾਲ, ਉਨ੍ਹਾਂ ਦੀ ਗੂੜ੍ਹੀ ਦੋਸਤੀ ਸੀ। ਉਹ ਸਮੇਂ-ਸਮੇਂ ਉਨ੍ਹਾਂ ਪਾਸੋਂ ਪੰਜਾਬ ਦੇ ਭਲੇ ਲਈ ਯੋਗ ਸਲਾਹਾਂ ਵੀ ਲੈਂਦੇ ਰਹਿੰਦੇ ਸਨ।

ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਦਾ 97 ਵਰ੍ਹੇ ਦੀ ਉਮਰ ਵਿੱਚ 10 ਦਸੰਬਰ 2023 ਨੂੰ ਅਕਾਲ ਚਲਾਣਾ ਕਰ ਜਾਣਾ, ਪੰਜਾਬ ਲਈ ਵੱਡਾ ਘਾਟਾ ਹੈ। ਸ. ਇੰਦਰਜੀਤ ਸਿੰਘ ਖਾਲਸਾ ਦੁਆਰਾ ਕੀਤੇ ਨੇਕ ਕਾਰਜਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ ਤੇ ਉਨ੍ਹਾਂ ਦੀਆਂ ਪਿਆਰੀਆਂ ਯਾਦਾਂ ਲੋਕ-ਦਿਲਾਂ ਵਿੱਚ ਧੜਕਦੀਆਂ ਰਹਿਣਗੀਆਂ। ਵਾਹਿਗੁਰੂ ਜੀ ਇਸ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।

ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ।

Leave a Reply

Your email address will not be published. Required fields are marked *