www.sursaanjh.com > ਅੰਤਰਰਾਸ਼ਟਰੀ > ਦਰਵੇਸ਼ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਚੇਤੇ ਕਰਦਿਆਂ – ਗੁਰਭਜਨ ਸਿੰਘ ਗਿੱਲ

ਦਰਵੇਸ਼ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਚੇਤੇ ਕਰਦਿਆਂ – ਗੁਰਭਜਨ ਸਿੰਘ ਗਿੱਲ

ਦਰਵੇਸ਼ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਚੇਤੇ ਕਰਦਿਆਂ – ਗੁਰਭਜਨ ਸਿੰਘ ਗਿੱਲ
ਜਿਸ ਨੇ ਗਵਰਨਰ ਪੰਜਾਬ ਸੁਰਿੰਦਰ ਨਾਥ ਨੂੰ ਕਿਹਾ ਸੀ, ਮੈਨੂੰ ਆਪਣੇ ਲਈ ਕੱਖ ਨਹੀਂ ਚਾਹੀਦਾ, ਮੇਰੇ ਪੰਜਾਬ ਦਾ ਅਮਨ ਚੈਨ ਮੋੜ ਦਿਉ 
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਦਸੰਬਰ:
ਉਸਤਾਦ ਲਾਲ ਚੰਚ ਯਮਲਾ ਜੱਟ 1991 ‘ਚ ਸਾਥੋਂ ਵਿਦਾ ਹੋਇਆ ਸੀ।  19 ਦਸੰਬਰ ਨੂੰ ਸ਼ਾਮੀਂ ਤਾਂ ਸਃ ਜਗਦੇਵ ਸਿੰਘ ਜੱਸੋਵਾਲ ਨਾਲ ਮੋਹਨ ਦੇਈ ਓਸਵਾਲ ਹਸਪਤਾਲ ‘ਚ ਤਾਂ ਉਸਤਾਦ ਜੀ ਨੂੰ ਮਿਲ ਕੇ ਪਰਤੇ ਸਾਂ, ਸਵੇਰੇ ਲੱਤ ਦੀ ਸਰਜਰੀ ਹੋਣੀ ਸੀ। ਸ਼ੂਗਰ ਵਧਣ ਕਾਰਨ ਪੈਰ ਤੇ ਗੈਂਗਰੀਨ ਵਿਗੜ ਗਈ ਸੀ।
ਹਸਪਤਾਲ ‘ਚ ਵੜਨ ਸਾਰ ਉਸਤਾਦ ਜੀ ਦਾ ਵੱਡਾ ਪੁੱਤਰ ਕਰਤਾਰ ਚੰਦ ਬਾਹਰ ਨਿਕਲਦਾ ਸਾਨੂੰ ਮਿਲਿਆ ਤਾਂ ਫਿੱਸ ਪਿਆ। ਬੋਲਿਆ ਕਿ ਪੈਸੇ ਮੁੱਕ ਗਏ ਨੇ, ਦਵਾਈਆਂ ਦਾ ਬਕਾਇਆ ਵਧ ਗਿਐ। ਸਟੋਰ ਵਾਲੇ ਦਵਾਈਆਂ ਨਹੀਂ ਦੇ ਰਹੇ।
ਓਸੇ ਪਲ ਗੁਰਮੇਲ ਮੈਡੀਕਲ ਹਾਲ ਦੇ ਮਾਲਕ ਭਾਊ ਭਗਵਾਨ ਸਿੰਘ ਸਾਨੂੰ ਦਿਸ ਗਏ। ਜੱਸੋਵਾਲ ਸਾਹਿਬ ਨੇ ਬੇਨਤੀ ਕੀਤੀ ਕਿ ਦਵਾਈਆਂ ਦੇਈ ਜਾਉ, ਪੈਸੇ ਅਸੀਂ ਭੇਜ ਦਿਆਂਗੇ। ਉਸਤਾਦ ਯਮਲਾ ਜੱਟ ਇਲਾਜ ਖੁਣੋਂ ਨਹੀਂ ਜਾਣ ਦੇਣਾ। ਭਗਵਾਨ ਸਿੰਘ ਬੋਲੇ, ਜਥੇਦਾਰ ਜੀ, ਚਿੰਤਾ ਨਾ ਕਰੋ, ਬਕਾਏ ਵੀ ਨਹੀਂ ਲੈਂਦੇ ਤੇ ਦਵਾਈਆਂ ਵੀ ਅਸੀਂ ਦਿਆਂਗੇ। ਇਨ੍ਹਾਂ ਦੇ ਗੀਤਾਂ ਨੇ ਤਾਂ ਸਾਨੂੰ ਪਾਲਿਆ ਹੈ।
ਅੱਜ ਦੇ ਦਿਨ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਸੀ, ਬੱਸ ਅੱਡੇ ਦੇ ਪਿਛਵਾੜੇ ਵਾਲੇ ਸਿਵਿਆਂ ਵਿੱਚ। ਬਹੁਤ ਮੀਂਹ ਵਰ੍ਹਿਆ ਸੀ, ਉਸ ਦਿਨ। ਸਭ ਭਿੱਜ ਗਏ ਸਨ ਬੁਰੀ ਤਰ੍ਹਾਂ। ਇੱਕ ਨਿੱਕੇ ਜਹੇ ਬਾਲਕੇ ਨੇ ਸਿਵਿਆਂ ‘ਚ ਅੱਪੜ ਕੇ ਬੁੱਕਲ ਵਾਲੀ ਲੋਈ ਲਾਹੀ ਤੇ ਉਸਤਾਦ ਜੀ ‘ਤੇ ਪਾ ਦਿੱਤੀ। ਉਹ ਬਾਲਕਾ ਅੱਜ ਦਾ ਲਿਖਾਰੀ ਨਿੰਦਰ ਘੁਗਿਆਣਵੀ ਸੀ ਜੋ ਕਦੇ 1987 ‘ਚ ਸੰਗੀਤ ਸਿੱਖਣ ਆਇਆ ਸੀ, ਉਸਤਾਦ ਜੀ ਕੋਲ। ਆਖ਼ਰੀ ਸ਼ਾਗਿਰਦ ਸੀ ਉਹ। ਅੱਜ ਬਹੁਤ ਕੁਝ ਚੇਤੇ ਆ ਰਿਹੈ। ਉਹ ਕਦੇ ਫਿਰ ਸਹੀ। ਵਿਕੀਪੀਡੀਆ ‘ਚ ਉਨ੍ਹਾਂ ਬਾਰੇ ਅੰਕਿਤ ਜਾਣਕਾਰੀ ਵਾਲੀ ਟੈਕਸਟ ਵਰਤ ਕੇ ਤੁਹਾਨੂੰ ਉਸਤਾਦ ਯਮਲਾ ਜੱਟ ਨਾਲ ਮਿਲਾ ਰਿਹਾਂ।
ਲਾਲ ਚੰਦ ਯਮਲਾ ਜੱਟ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਇੱਕ ਤਾਰ ਉੱਤੇ ਪੋਟੇ ਲਗਾ ਕੇ ਸੱਤ ਸੁਰਾਂ ਜਗਾਣ ਦਾ ਨਵਾਂ-ਨਿਵੇਲਾ ਤਜਰਬਾ ਹਾਸਿਲ ਕਰਨਾ, ਉਸਦੇ ਹੀ ਹਿੱਸੇ ਆਇਆ ਸੀ। ਜਦ ਉਹ ਤੂੰਬੀ ਟੁਣਕਾਉਂਦਾ ਸੀ, ਸਰੋਤੇ ਮੰਤਰ-ਮੁਗਧ ਹੋ ਬਹਿੰਦੇ ਸਨ। ਉਸਦੀ ਆਵਾਜ਼ ਵਿੱਚ ਇੱਕ ਕਿਸਮ ਦਾ ਜਾਦੂ ਹੀ ਸੀ, ਜਦ ਉਹ ਸ਼ਬਦਾਂ ਨੂੰ ਸੁਰਾਂ ਪ੍ਰਦਾਨ ਕਰਦਾ ਸੀ ਤਾਂ ਸੰਗੀਤ ਦਾ ਇੱਕ ਅਲੌਕਿਕ ਨਜ਼ਾਰਾ ਬੱਝਾ ਹੋਇਆ, ਸਾਹਮਣੇ ਆ ਖਲੋਂਦਾ ਸੀ। ਸਟੇਜ ਦੇ ਉੱਪਰ ਖਲੋਤਾ ਯਮਲਾ ਜੱਟ, ਜਦ ਆਪਣੇ ਸਾਹਮਣੇ ਹਜ਼ਾਰਾਂ ਲੋਕਾਂ ਦੇ ਹਜੂਮ ਨੂੰ ਦੇਖਦਾ ਸੀ ਤਾਂ ਉਸਦੀ ਰੂਹ ਨਸ਼ਿਆ ਜਾਂਦੀ, ਜਦ ਉਹ ਗਾਉਂਦਾ-ਗਾਉਂਦਾ ਲੋਕਾਂ ਨਾਲ ਗੱਲਾਂ ਕਰਦਾ ਤਾਂ ਇੱਕ ਪਲ ਇਉਂ ਲੱਗਣ ਲੱਗ ਪੈਂਦਾ, ਜਿਵੇਂ ਕੋਈ ਫ਼ਕੀਰ ਗਮੰਤਰੀ ਵਿਖਿਆਨ ਕਰ ਰਿਹਾ ਹੋਵੇ।
ਲਾਲ ਚੰਦ ਦਾ ਜਨਮ 28 ਮਾਰਚ 1910 ਨੂੰ ਚੱਕ ਨੰਬਰ 384 ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਉਸਤਾਦ ਜੀ ਦਾ ਜੱਦੀ ਪਿੰਡ ਭਾਗੋਵਾਲ ਸੀ, ਸਿਆਲਕੋਟ ਜ਼ਿਲ੍ਹੇ ਵਿੱਚ ਪਰ ਉਨ੍ਹਾਂ ਦਾ ਪਰਿਵਾਰ ਵੀ ਗਰੀਬੀ ਦੂਰ ਕਰਨ ਲਈ ਬਾਰ ‘ਚ ਆ ਵੱਸਿਆ ਸੀ। ਲਾਲ ਚੰਦ ਯਮਲਾ ਜੱਟ ਦੇ ਜਨਮ ਪਿੱਛੇ ਇੱਕ ਕਹਾਣੀ ਛੁਪੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਲਾਲ ਚੰਦ ਦੀ ਮਾਤਾ ਹਰਨਾਮ ਕੌਰ ਆਪਣੇ ਵਿਆਹ-ਮੁਕਲਾਵੇ ਪਿੱਛੋਂ, ਪਿੰਡ ਦੀਆਂ ਔਰਤਾਂ ਨਾਲ ਖੂਹੀ ਤੋਂ ਪਾਣੀ ਦਾ ਘੜਾ ਭਰਨ ਗਈ ਤਾਂ ਉੱਥੇ ਇੱਕ ਪੀਰ ਕਟੋਰੇ ਸ਼ਾਹ ਨਾਂ ਦੇ ਫ਼ਕੀਰ ਦੀ ਸਮਾਧ ਸੀ। ਨਾਲ ਦੀਆਂ ਔਰਤਾਂ ਵਿੱਚੋਂ ਕਿਸੇ ਨੇ ਆਖਿਆ, “ਨੀ ਨਾਮ੍ਹੋ ਗੱਲ ਸੁਣ ਭੈਣਾਂ, ਆਹ ਪੀਰ ਤੇ ਹਰੇਕ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੈ, ਤੂੰ ਵੀ ਸੁੱਖ ਲੈ ਕੋਈ ਸੁੱਖਣਾ।” ਹਰਨਾਮ ਕੌਰ ਨੇ ਪੁੱਤਰ ਦੀ ਦਾਤ ਪ੍ਰਾਪਤੀ ਦੀ ਸੁੱਖ ਸੁੱਖੀ ਸੀ। ਜਦ ਪੁੱਤਰ ਜਨਮਿਆਂ, ਹਰਨਾਮ ਕੌਰ ਹਰੇ ਰੰਗ ਦੀ ਚਾਦਰ ਚਾੜ੍ਹ ਕੇ ਆਈ, ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ।
ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ ਹਰ ਸਾਲ ਪੰਦਰਾਂ ਹਾੜ ਨੂੰ ਤਿੰਨ ਦਿਨਾਂ ਦਾ ਮੇਲਾ ਭਰਦਾ, ਬੜੀ ਰੌਣਕ ਹੁੰਦੀ, ਦੂਰੋਂ-ਦੁਰੇਡਿਉਂ ਵੀ ਰਾਗੀ, ਢਾਡੀ, ਗੁਮੰਤਰੀ ਤੇ ਗਵੱਈਏ ਆਉਂਦੇ। ਲਾਲ ਚੰਦ ਹਾਲੇ ਸੱਤ-ਅੱਠ ਵਰ੍ਹਿਆਂ ਦਾ ਸੀ, ਉਸਨੂੰ ਗਾਉਣ ਦੀਆਂ ਲੂਹਰੀਆਂ ਉੱਠਣ ਲੱਗ ਪਈਆਂ। ਮੇਲੇ ਵਿੱਚ ਤੁਰਿਆ ਫਿਰਦਾ ਉਹ ਗੁਮੰਤਰੀਆਂ ਨੂੰ ਸੁਣਦਾ। ਜਦ ਉਹ ਨੌਂ ਸਾਲ ਦਾ ਹੋਇਆ ਤਾਂ ਉਸਨੇ ਪਹਿਲੀ ਵਾਰ ਉਸ ਮੇਲੇ ਵਿੱਚ ਗਾਇਆ। ਸਾਲ 1919 ਵਿੱਚ ਲਾਲ ਚੰਦ ਦਾ ਪਿਤਾ ਖੇੜਾ ਰਾਮ ਚੱਲ ਵਸਿਆ।
ਉਹ ਆਪਣੀ ਮਾਤਾ ਤੇ ਭਰਾਵਾਂ ਸਮੇਤ ਆਪਣੇ ਨਾਨਾ ਗੂੜ੍ਹਾ ਰਾਮ ਕੋਲ ਚੱਕ ਚੂਹੜ ਸਿੰਘ 224 ਵਿਖੇ ਆ ਗਿਆ। ਉਹਨਾਂ ਹੀ ਦਿਨਾਂ ਵਿੱਚ ਲਾਲ ਚੰਦ ਨੇ ਲਾਇਲਪੁਰ ਦੀ ਇੱਕ ਪੇਸ਼ਾਵਰ ਗਾਇਕਾ ਖ਼ੁਰਸ਼ੀਦ ਬੇਗ਼ਮ ਦਾ ਗਾਣਾ, ‘ਅੱਖੀਆਂ ਕਰਮਾਂ ਸੜੀਆਂ, ਜਿਹੜੀਆਂ ਨਾਲ ਸੱਜਣ ਦੇ ਲੜੀਆਂ’, ਸੁਣ ਲਿਆ ਤੇ ਟੁੰਬਿਆ ਗਿਆ। ਉਹ ਬਾਰ-ਬਾਰ ਉਹਦੇ ਘਰ ਅੱਗੋਂ ਲੰਘਦਾ, ਮਤਾਂ ਖ਼ੁਰਸ਼ੀਦ ਬੇਗਮ ਦੀ ਆਵਾਜ਼ ਮੁੜ ਕੰਨਾਂ ਵਿੱਚ ਪੈ ਜਾਵੇ, ਇੱਕ ਦਿਨ ਲੰਘਦਾ-ਲੰਘਦਾ ਹੀ ਉਹ ਇਸ ਗੀਤ ਦੇ ਬੋਲ ਗੁਣਗੁਣਾਂਦਾ ਜਾਂਦਾ ਸੀ, ਤਾਂ ਬੇਗ਼ਮ ਨੇ ਸੁਣ ਲਿਆ, ਉਹ ਖਿਝ ਗਈ, “ਸੁਣ ਵੇ ਛੋਕਿਰਆ ਜੇ ਮੇਰੀ ਗਲੀ ਆਣਾ ਈਂ ਤਾਂ ਏਡਾ ਬੇਸੁਰਾ ਗੀਤ ਨਾ ਗਾਣਾ।” ਲਾਲ ਚੰਦ ਦੇ ਸੀਨੇ ਬੋਲੀ ਵੱਜੀ। ਹੁਣ ਉਹ ਆਪਣੇ ਨਾਨਾ ਗੂੜ੍ਹਾ ਰਾਮ ਪਾਸ ਬੈਠ ਕੇ ਘੰਟਿਆਂ ਬੱਧੀ ਰਿਆਜ਼ ਕਰਦਾ। 1930 ਵਿੱਚ ਲਾਲ ਚੰਦ ਨੇ ਲਾਇਲਪੁਰ ਰਹਿੰਦੇ ਸੂਦਕਾਂ ਦੇ ਨੰਗਲ ਵਾਲੇ ਪੰਡਿਤ ਸਾਹਿਬ ਦਿਆਲ ਜੀ ਨੂੰ ਉਸਤਾਦ ਧਾਰਨ ਕੀਤਾ ਤੇ ਸਿੱਖਣ ਲੱਗ ਪਿਆ, ਸਾਰੰਗੀ ਵਜਾਉਣੀ ਉਸਨੇ ਆਪਣੇ ਨਾਨੇ ਪਾਸੋਂ ਸਿੱਖ ਲਈ। ਢੋਲਕ ਤੇ ਦੋਤਾਰਾ ਪੰਡਿਤ ਸਾਹਿਬ ਦਿਆਲ ਤੋਂ ਸਿੱਖਿਆ। 1938 ਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰ: 224 ਫੱਤੇ ਦੀਨ ਵਾਲੇ ਪਿੰਡ ਦੇ ਚੌਧਰੀ ਮਜੀਦ ਨੂੰ ਗੁਰੂ ਧਾਰ ਲਿਆ।
1947 ਵਿੱਚ ਦੇਸ਼ ਦੀ ਵੰਡ ਹੋ ਗਈ। ਲਾਲ ਚੰਦ ਆਪਣੇ ਸਮੁੱਚੇ ਪਰਿਵਾਰ ਸਮੇਤ ਏਧਰ ਆ ਗਿਆ। ਕੁਝ ਦਿਨ ਜਲੰਧਰ ਗੁਜ਼ਾਰੇ ਤੇ ਫਿਰ ਲੁਧਿਆਣੇ ਆਣ ਡੇਰਾ ਲਗਾਇਆ। ਕਦੇ ਜੋਧੇਵਾਲ ਬਸਤੀ ਕਦੇ ਨੌਲੱਖਾ ਬਾਗ ‘ਚ ਫੁੱਲ ਬੀਜਣ ਦੀ ਖੇਤੀ ਕੀਤੀ। ਅਖੀਰ ਜਵਾਹਰ ਨਗਰ ਕੈਂਪ ਵਿੱਚ ਆ ਵੱਸੇ। ਉਧਰੋਂ ਆਏ ਸ਼ਰਨਾਰਥੀਆਂ ਲਈ ਇਥੇ ਕੈਂਪ ਸੀ। ਪਿੱਛੋਂ ਜਵਾਹਰ ਨਗਰ ਵਜੋਂ ਆਬਾਦ ਹੋਇਆ ਇਹ ਨਗਰ। ਲਾਲ ਚੰਦ ਨੇ ਆਪਣੀ ਜ਼ਿੰਦਗੀ ਇੱਥੇ ਹੀ ਕੱਢੀ। ਦੇਸ਼-ਵੰਡ ਕਾਰਨ ਉੱਥਲ-ਪੁੱਥਲ ਹੋ ਰਹੀ ਸੀ, ਲਾਲ ਚੰਦ ਨੂੰ ਕੋਈ ਕੰਮ ਨਹੀਂ ਸੀ ਲੱਭ ਰਿਹਾ।
ਇੱਕ ਦਿਨ ਉਹ ਸਟੇਜੀ ਕਵੀ ਰਾਮ ਨਰੈਣ ਸਿੰਘ ਦੇ ਘਰ ਆਇਆ, ਹੱਥ ਜੋੜ ਕੇ ਅਰਜ਼ ਕੀਤੀ, “ਜਨਾਬ ਉਧਰੋਂ ਉੱਜੜ ਕੇ ਆਏ ਆਂ। ਕੋਈ ਕੰਮ-ਕਾਰ ਨਹੀਂ। ਕਿਰਪਾ ਕਰੋ, ਕਿਧਰੇ ਕੰਮ ਦਿਲਵਾ ਦਿਓ।” ਦਰਦੀ ਨੇ ਪੁੱਛਿਆ, “ਕੀ ਕੰਮ ਕਰੇਂਗਾ?” “ਜਿੱਥੇ ਮਰਜ਼ੀ ਲਾਓ, ਰੋਟੀ ਦਾ ਸੁਆਲ ਏ”, ਲਾਲ ਚੰਦ ਨੇ ਆਖਿਆ ਤਾਂ ਦਰਦੀ ਨੂੰ ਉਸ ਉੱਤੇ ਤਰਸ ਆ ਗਿਆ। ਉਸਨੇ ਉਸਨੂੰ ਆਪਣੇ ਬਾਗ਼ ਵਿੱਚ ਮਾਲੀ ਰੱਖ ਲਿਆ ਤੇ ਝੁੱਗੀ ਪਾ ਦਿੱਤੀ। ਪਰਿਵਾਰ ਵੀ ਨਾਲ ਰਹਿਣ ਲੱਗ ਪਿਆ, ਸਵੇਰੇ ਉਠ ਕੇ ਖੂਹ ਜੋੜਦਾ। ਜੁਆਕਾਂ ਨੂੰ ਉਠਕੇ ਨੁਹਾਉਂਦਾ। ਫਿਰ ਫੁੱਲ ਤੋੜਦਾ, ਹਾਰ ਪਰੋਂਦਾ ਤੇ ਕਿਤਾਬਾਂ ਵਾਲੇ ਚੌੜੇ ਬਾਜ਼ਾਰ ਵਿੱਚ ਵੇਚਣ ਜਾਂਦਾ। ਗੁਜ਼ਾਰਾ ਚੱਲਣ ਲੱਗਿਆ। ਇੱਕ ਦਿਨ, ਰਾਤ ਨੂੰ ਝੁੱਗੀ ਵਿੱਚ ਬੈਠਾ ਸਾਰੰਗੀ ਵਜਾਕੇ ਗਾਉਣ ਲੱਗ ਪਿਆ ਤਾਂ ਦਰਦੀ ਦੇ ਸਪੁੱਤਰ ਗੁਣਵੰਤ ਸਿੰਘ ਦੂਆ ਨੇ ਸੁਣ ਲਿਆ, “ਪਾਪਾ ਜੀ, ਦੇਖੋ ਮਾਲੀ ਆਪਣਾ ਕਿੰਨਾ ਸੋਹਣਾ ਗਾਂਦਾ ਪਿਆ ਐ। ਨਾਲ-ਨਾਲ ਕੋਈ ਸਾਜ਼ ਵੀ ਵਜਾਂਦੈ, ਪਤਾ ਨੀ ਕੀ ਏ।” ਦਰਦੀ ਸੁਣਕੇ ਦੰਗ ਰਹਿ ਗਿਆ ਤੇ ਦੂਸਰੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੀ, ਉੱਥੇ ਦਰਦੀ ਲਾਲ ਚੰਦ ਨੂੰ ਆਪਣੇ ਨਾਲ ਲੈ ਗਿਆ ਤੇ ਲਾਲ ਚੰਦ ਨੇ ਹਾਸ਼ਮ ਦੀ ਸੱਸੀ ਗਾਈ। ਫਿਰ ਦਰਦੀ ਨੇ ਲਾਲ ਚੰਦ ਨੂੰ ਇੱਕ ਧਾਰਮਿਕ ਗੀਤ ਚੇਤੇ ਕਰਵਾਇਆ, ਕਿਉਂਕਿ ਕੋਰਾ ਅਨਪੜ੍ਹ ਹੋਣ ਕਰਕੇ ਆਪ ਲਿਖ ਨਹੀਂ ਸੀ ਸਕਦਾ। ਗੀਤ ਸੀ  “ਕੋਮਲ ਜਾਨਾਂ ਸ਼ਹਿਨਸ਼ਾਹ ਦੀਆਂ, ਹੱਥ ਬੇਦਰਦਾਂ ਦੇ ਆਈਆਂ।” ਪਟਿਆਲੇ ਮਾਤਾ ਸਾਹਿਬ ਕੌਰ ਗੁਰਦੁਆਰੇ ਕਵੀ-ਦਰਬਾਰ ਵਿੱਚ ਆਪਣੇ ਨਾਲ ਲੈ ਗਿਆ। ਜਦ ਲਾਲ ਚੰਦ ਨੇ ਗਾਇਆ ਸੰਗਤਾਂ ਉੱਤੇ ਇੱਕ ਜਾਦੂ ਫੈਲ ਗਿਆ। ਬਾਵਾ ਬੁੱਧ ਸਿੰਘ ਕਵੀ ਦਰਬਾਰ ਦੇ ਇੰਚਾਰਜ ਸਨ, ਉਹਨਾਂ 35 ਰੁਪਈਏ ਦੇ ਦਿੱਤੇ। ਲਾਲ ਚੰਦ ਏਡੀ ਵੱਡੀ ਰਕਮ ਪਾ ਕੇ ਬਾਗੋਬਾਗ ਸੀ। ਇਹਨਾਂ ਹੀ ਦਿਨਾਂ ਵਿੱਚ ਦਰਦੀ ਜੀ ਨੇ ਪ੍ਰਸਿੱਧ ਸ਼ਾਇਰ ਸੁੰਦਰ ਦਾਸ ਆਸੀ ਨਾਲ ਮੇਲ ਕਰਵਾ ਦਿੱਤਾ ਤੇ ਉਹਨਾਂ ਨੂੰ ਲਾਲ ਚੰਦ ਨੇ ਆਪਣਾ ਕਾਵਿ-ਗੁਰੂ ਧਾਰ ਲਿਆ। ਲਾਲ ਚੰਦ ਆਸੀ ਕੋਲ ਕਵਿਤਾ ਸਿੱਖਣ ਜਾਂਦੇ। ਹੋਰ ਸ਼ਾਗਿਰਦ ਵੀ ਆਉਂਦੇ ਸਨ, ਉਹ ਕੁਝ ਪੜ੍ਹੇ ਹੋਣ ਕਾਰਨ ਆਸੀ ਵੱਲੋਂ ਦਿੱਤਾ ਜਾਂਦਾ ਸਬਕ ਆਪੋ-ਆਪਣੀਆਂ ਕਾਪੀਆਂ ਉੱਪਰ ਲਿਖ ਲਿਜਾਂਦੇ, ਅਨਪੜ੍ਹ ਲਾਲ ਚੰਦ ਏਧਰ-ਉਧਰ ਤਕਦਾ ਰਹਿੰਦਾ । ਗੋਲ-ਮਟੋਲ ਚਿਹਰਾ ਭੋਲਾ-ਭਾਲਾ। ਆਸੀ ਛੇੜਦਾ, “ਉਏ ਤੂੰ ਤਾਂ ਬਿਲਕੁਲ ਯਮ੍ਹਲਾ ਈ ਏਂ….ਯਮ੍ਹਲਾ ਜੱਟ।” ਤੇ ਬਸ ਉਸੇ ਦਿਨ ਤੋਂ ਉਹ ਲਾਲ ਚੰਦ ਯਮਲਾ ਜੱਟ ਹੋ ਗਿਆ। ਇਹ ਵੀ ਚੇਤੇ ਕਰਨਾ ਜ਼ਰੂਰੀ ਹੈ ਕਿ ਯਮਲਾ ਜੱਟ ਨੇ ਊੜਾ ਐੜਾ ਦਰਦੀ ਜੀ ਦੀ ਜੀਵਨ ਸਾਥਣ ਪ੍ਰੋਃ ਤੇਜ ਕੋਰ ਦਰਦੀ ਤੋਂ ਸਿੱਖਿਆ।
ਜਦੋਂ ਯਮਲਾ ਜੱਟ ਨੇ ਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਦਿਨਾਂ ਵਿੱਚ ਹੀ ਉਸਦੀ ਪ੍ਰਸਿੱਧੀ ਦੇਸ਼ ਭਰ ਵਿੱਚ ਫੈਲ ਗਈ। ਐਚ. ਐਮ. ਵੀ. ਕੰਪਨੀ ਵਿੱਚ ਤੂੰਬੀ ਉੱਤੇ ਗਾਉਣ ਵਾਲਾ ਪਹਿਲਾ ਕਲਾਕਾਰ ਲਾਲ ਚੰਦ ਯਮਲਾ ਜੱਟ ਹੀ ਸੀ। ਜਿਉਂ-ਜਿਉਂ ਕੰਪਨੀ ਉਹਦੇ ਗੀਤ ਰਿਕਾਰਡ ਕਰਦੀ ਗਈ, ਉਹ ਦਿਨੋਂ-ਦਿਨ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਦੇ ਗਏ। ਉਸਦੇ ਬਹੁ-ਪ੍ਰਚੱਲਿਤ ਗੀਤਾਂ ਵਿੱਚ; ਤੇਰੇ ਨੀ ਕਰਾਰਾਂ ਮੈਨੂੰ ਪੱਟਿਆ – ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ – ਮੈਂ ਤੇਰੀ ਤੂੰ ਮੇਰਾ – ਜਵਾਨੀ ਮੇਰੀ ਰਾਂਗਲੀ – ਲੈ ਦੇ ਚਰਖ਼ਾ ਸ਼ੀਸ਼ਿਆਂ ਵਾਲਾ – ਸਤਿਗੁਰ ਨਾਨਕ ਆ ਜਾ – ਜੰਗਲ ਦੇ ਵਿੱਚ ਖੂਹਾਂ ਲੁਆਦੇ, ਉੱਤੇ ਪੁਆ ਦੇ ਡੋਲ – ਸਖੀਆ ਨਾਮ ਸਾਈਂ ਦਾ ਬੋਲ – ਕਣਕਾਂ ਜੰਮੀਆਂ ਗਿੱਠ-ਗਿੱਠ ਲੰਮੀਆਂ – ਫੁੱਲਾ ਮਹਿਕ ਨੂੰ ਸੰਭਾਲ – ਸੰਭਲ-ਸੰਭਲ ਕੇ ਚੱਲ ਮੁਟਿਆਰੇ ਲਾਲ ਚੰਦ ਨੇ ਆਪਣੇ ਲਿਖੇ ਹੋਏ ਗੀਤ ਹੀ ਗਾਏ ਜਾਂ ਲੋਕ-ਪ੍ਰਮਾਣਿਤ ਲੋਕ-ਗਾਥਾਵਾਂ ਨੂੰ ਗਾਇਆ। ਲਾਲ ਚੰਦ ਅਨਪੜ੍ਹ ਹੋਣ ਕਾਰਨ ਗੀਤ ਆਪਣੇ ਸ਼ਾਗਿਰਦ ਤੋਂ ਲਿਖਵਾ ਲੈਂਦਾ ਤੇ ਫਿਰ ਮੂੰਹ ਜ਼ੁਬਾਨੀ ਯਾਦ ਕਰ ਲੈਂਦਾ ਸੀ।
ਤੂੰਬੀ ਦੀ ਸਿਰਜਣਾ ਬਾਬੇ ਲਾਲ ਚੰਦ ਦਾ ਕਥਨ ਸੀ ਕਿ, “ਮੈਂ ਇੱਕ ਤਾਰ ਉੱਤੇ ਸੱਤ ਸੁਰਾਂ ਜਗਾਣ ਦਾ ਤਜਰਬਾ ਕੀਤਾ ਸੀ। ਵੱਡੇ-ਵੱਡੇ ਸਾਜ਼ ਚੁੱਕਣੇ ਔਖੇ ਸਨ। ਉਹਨੀਂ ਦਿਨੀਂ ਜਦ ਪ੍ਰੋਗਰਾਮਾਂ ਉੱਤੇ ਜਾਂਦੇ ਸਾਂ, ਲੰਮੇ ਪੈਂਡੇ, ਕੱਚੇ ਰਾਹ, ਤੁਰਕੇ ਜਾਂਦੇ ਸਾਂ, ਆਣ-ਜਾਣ ਦੇ ਸਾਧਨ ਨਹੀਂ ਸਨ, ਸਾਜ਼ ਭਾਰੀ ਹੁੰਦੇ, ਪਿੱਠਾਂ ਉੱਤੇ ਲਮਕਾ ਕੇ ਲਿਜਾਂਦੇ ਸਾਂ ਤਾਂ ਲਾਗੇ ਲੱਗ ਜਾਂਦੇ ਸਨ। ਤੂੰਬੀ ਹਲਕਾ ਤੇ ਹੌਲਾ-ਫੁੱਲ ਸਾਜ਼ ਏ। ਮੈਨੂੰ ਪ੍ਰਸੰਨਤਾ ਏ ਕਿ ਮੈਨੂੰ ਤੂੰਬੀ ਦਾ ਜਨਮਦਾਤਾ ਆਖਿਆ ਜਾਂਦਾ ਏ। ਮੈਂ ਏਸ ਤੂੰਬੀ ਉੱਤੇ ਸਾਫ਼-ਸੁਥਰੇ ਅਤੇ ਸਮਾਜਿਕ ਸਿੱਖਿਆ ਵਾਲੇ ਗੀਤ ਗਾਏ ਹਨ, ਪਰ ਕੁਝ ਲੋਕ ਇਸ ਤੂੰਬੀ ਉੱਤੇ ਲੱਚਰ ਕਿਸਮ ਦੇ ਗੀਤ ਗਾ ਕੇ ਇਸ ਸਾਜ਼ ਦਾ ਗਲਤ ਇਸਤੇਮਾਲ ਕਰ ਰਹੇ ਹਨ, ਜਿਸਦਾ ਮੈਨੂੰ ਦੁੱਖ ਵੀ ਹੈ।” ਲਾਲ ਚੰਦ ਯਮਲਾ ਜੱਟ ਜੀ ਨੇ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਨਾਲ ਕੁਝ ਦੋਗਾਣੇ ਵੀ ਰਿਕਾਰਡ ਕਰਵਾਏ, ਜੋ ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਏ ; ਜਗਤੇ ਨੂੰ ਛੱਡ ਕੇ ਤੂੰ ਭਗਤੇ ਕਰ ਲੈ – ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਆਦਿ ਲਾਲ ਚੰਦ ਯਮਲਾ ਜੱਟ ਜੀ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਏ। ਉਹ ਆਪਣੀ ਕਲਾ ਦੇ ਜੌਹਰ ਵਿਖਾਉਣ ਕੈਨੇਡਾ, ਇੰਗਲੈਂਡ ਆਦਿ ਕਈ ਦੇਸ਼ਾਂ ਵਿੱਚ ਵੀ ਗਏ। ਉਸ ਦੇ ਕੁਝ ਯਾਦਗਾਰੀ ਗੀਤ ਅੱਜ ਵੀ ਟੈਲੀਵੀਯਨ, ਰੇਡੀਓ ‘ਤੇ ਯੂ ਟਿਊਬ ਆਦਿ ਤੇ ਸੁਣਾਈ ਦੇਂਦੇ ਹਨ।
‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਏ। ‘ਜੰਗਲ ਦੇ ਵਿੱਚ ਖੂਹਾ ਲੁਆ ਦੇ, ਉੱਤੇ ਲੁਆ ਦੇ ਡੋਲ, ਸਖੀਆਂ ਨਾਮ ਸਾਂਈਂ ਦਾ ਬੋਲ’, ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ, ਦੱਸ ਮੈਂ ਕੀ ਜਹਾਨ ਵਿੱਚੋਂ ਖੱਟਿਆ’, ‘ਖੇਡਣ ਦੇ ਦਿਨ ਚਾਰ ਜਵਾਨੀ ਫੇਰ ਨ੍ਹੀਂ ਆਉਣੀ’, ‘ਯਮਲਿਆ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ’, ‘ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ’, ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’ ਉਹ ਕਈ ਪੁਰਸਕਾਰਾਂ ਨਾਲ ਸਨਮਾਨੇ ਗਏ, ਜਿੰਨ੍ਹਾਂ ਵਿੱਚੋਂ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਗੋਲ਼ਡ ਮੈਡਲ 1956 ਵਿੱਚ 1989 ਵਿੱਚ ਨੈਸ਼ਨਲ ਅਕੈਡਮੀ ਡਾਂਸ ਤੇ ਡਰਾਮਾ ਦੁਆਰਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਲਾਲ ਚੰਦ ਯਮਲਾ ਜੱਟ ਦੇ ਪੰਜ ਪੁੱਤਰ ਹੋਏ। ਕਰਤਾਰ ਚੰਦ, ਜਸਵਿੰਦਰ ਯਮਲਾ ਜਸਦੇਵ ਯਮਲਾ ,ਜਗਦੀਸ਼ ਯਮਲਾ ਤੇ ਜਗਵਿੰਦਰ ਕੁਮਾਰ ਸਭ ਸੁਰਗਵਾਸ ਹੋ ਚੁਕੇ ਨੇ। ਸੰਤੋਸ਼ ਰਾਣੀ ਤੇ ਸਰੂਪ ਰਾਣੀ ਦੋ ਧੀਆਂ ਨੇ।
ਆਪਣੇ ਪਿਤਾ ਦੀ ਸੰਗੀਤ ਪ੍ਰੰਪਰਾ ਨੂੰ ਜਸਦੇਵ ਯਮਲਾ ਦੀ ਸੁਪਤਨੀ ਸਰਬਜੀਤ ਕੌਰ ਅਤੇ ਕਰਤਾਰ ਚੰਦ ਦਾ ਸਪੁੱਤਰ ਸੁਰੇਸ਼ ਯਮਲਾ ਤੇ ਵਿਜੈ ਯਮਲਾ ਜੱਟ ਅੱਗੇ ਤੋਰ ਰਹੇ ਹਨ। ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ , ਜਾਗੀਰ ਸਿੰਘ ਤਾਲਿਬ, ਅਮਰੀਕ ਸਿੰਘ ਦੱਤ, ਕਸ਼ਮੀਰ ਸਿੰਘ ਸ਼ੰਭੂ, ਅਮਰੀਕ ਸਿੰਘ ਗਾਜ਼ੀਨੰਗਲ, ਕਿਰਪਾਲ ਸਿੰਘ ਭੋਲਾ, ਦਲਬੀਰ ਨਸ਼ਈ, ਜਸਬੀਰ ਖ਼ੁਸ਼ਦਿਲ, ਸਵਰਨ ਆਪਣਾ, ਦੇਵਿੰਦਰ ਧਾਰੀਆ ਤੇ ਨਿੰਦਰ ਘੁਗਿਆਣਵੀ ਆਦਿ ਯਮਲਾ ਜੀ ਦੇ ਅਨੇਕਾਂ ਜੀ ਸ਼ਾਗਿਰਦ ਹੋਏ ਹਨ।
ਅੰਤਿਮ ਵੇਲੇ ਇੱਕ ਰਾਤ ਲਾਲ ਚੰਦ ਯਮਲਾ ਜੱਟ ਆਪਣੇ ਘਰ ਵਿਖੇ ਫ਼ਰਸ਼ ‘ਤੇ ਪੈਰ ਤਿਲ੍ਹਕ ਜਾਣ ਕਾਰਨ ਡਿੱਗ ਪਏ ਤੇ ਉਨ੍ਹਾਂ ਦੇ ਚੂਲੇ ਉੱਪਰ ਸਖ਼ਤ ਸੱਟ ਲੱਗ ਗਈ, ਸਿੱਟੇ ਵਜੋਂ ਉਹਨਾਂ ਦੀ ਸਿਹਤ ਦਿਨੋਂ-ਦਿਨ ਮਾੜੀ ਹੁੰਦੀ ਗਈ।  ਉਸ ਸਮੇਂ ਪੰਜਾਬ ਦੇ ਗਵਰਨਰ ਸ੍ਰੀ ਸੁਰਿੰਦਰ ਨਾਥ ਲੁਧਿਆਣਾ ਆਏ ਹੋਏ ਸਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਃ ਸਰਵਣ ਸਿੰਘ ਚੰਨੀ ਨੂੰ ਮੈਂ ਤੇ ਸਤਿਬੀਰ ਸਿੰਘ ਪੱਤਰਕਾਰ ਪੰਜਾਬੀ ਟ੍ਰਿਬਿਉਨ ਨੇ ਡੀ ਪੀ ਆਰ ਓ ਲੁਧਿਆਣਾ ਸਃ ਗੁਰਚਰਨ ਸਿੰਘ ਸੋਢੀ ਰਾਹੀਂ ਬੇਨਤੀ ਕੀਤੀ ਕਿ ਉਸਤਾਦ ਜੀ ਦੀ ਖ਼ਬਰ ਸਾਰ ਲੈਣ ਲਈ ਗਵਰਨਰ ਸਾਹਿਬ ਨੂੰ ਜਾਣਾ ਚਾਹੀਦੈ। ਉਹ ਬੇਨਤੀ ਪਰਵਾਨ ਹੋ ਗਈ। ਗਵਰਨਰੀ ਰਾਜ ਸੀ ਤੇ ਹਾਲਾਤ ਵੀ ਬਹੁਤ ਕਸ਼ੀਦਗੀ ਵਾਲੇ ਸਨ। ਪਬਲਿਕ ਚੋਂ ਸਿਰਫ਼ ਮੈਂ ਤੇ ਸਤਿਬੀਰ ਹੀ ਸਾਂ ਉਥੇ ਜਾਂ ਡੀ ਸੀ ਤੇ ਡੀ ਪੀ ਆਰ ਓ ਸਨ। ਦੂਰਦਰਸ਼ਨ ਦੇ ਰੀਪੋਰਟਰ ਜਗਮੋਹਨ ਕੰਬੋਜ ਨੇ ਇਸ ਪਲ ਦੀ ਫਿਲਮ ਬਣਾ ਕੇ ਟੀ ਵੀ ਤੇ ਚਲਾਈ। ਗਵਰਨਰ ਪੰਜਾਬ ਸੁਰਿੰਦਰ ਨਾਥ ਜੀ ਨੇ ਉਹਨਾਂ ਦੇ ਡੇਰੇ ਜਾ ਕੇ ਹਾਲ-ਚਾਲ ਵੀ ਪੁੱਛਿਆ ਤੇ ਗਿਆਰਾਂ ਹਜ਼ਾਰ ਰੁਪੈ ਦੀ ਦਰਸ਼ਨ ਭੇਟਾ ਵੀ ਭੇਂਟ ਕੀਤੀ।
ਗਵਰਨਰ ਸਾਹਿਬ ਨੇ ਪੁੱਛਿਆ ਕਿ ਮੈਂ ਤੁਹਾਡੇ ਲਈ ਕੀ ਕਰ ਸਕਦਾਂ? ਉਸਤਾਦ ਜੀ ਬੋਲੇ, ਤੁਸੀਂ ਮੈਨੂੰ ਕੀ ਦੇ ਸਕਦੇ ਹੋ, ਮੇਰੇ ਪੰਜਾਬ ਨੂੰ ਅਮਨ ਚੈਨ ਦੇ ਦਿਉ।
ਗਵਰਨਰ ਸਾਹਿਬ ਦੀ ਇੱਛਾ ਪੂਰਤੀ ਲਈ ਉਨ੍ਹਾਂ ਤੂੰਬੀ ਟੁਣਕਾਈ ਤੇ ਗੀਤ ਵੀ ਸੁਣਾਇਆ। ਮੈਨੂੰ ਯਾਦ ਹੈ ਉਨ੍ਹਾਂ ਦੇ ਪੁੱਤਰ ਕਰਤਾਰ ਨੇ ਮੇਜ਼ ਦੀ ਥਾਪ ਤੇ ਤਾਲ ਦਿੱਤਾ ਸੀ।

Leave a Reply

Your email address will not be published. Required fields are marked *