www.sursaanjh.com > ਅੰਤਰਰਾਸ਼ਟਰੀ > ਪੁਲ਼/ ਡਾ. ਲਾਭ ਸਿੰਘ ਖੀਵਾ

ਪੁਲ਼/ ਡਾ. ਲਾਭ ਸਿੰਘ ਖੀਵਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਦਸੰਬਰ:

ਦੇਸ਼ ਵੰਡ ਬਾਰੇ ਬਹੁਤ ਸਾਰੀ ਕਵਿਤਾ ਲਿਖੀ ਗਈ ਤੇ ਲਿਖੀ ਜਾ ਰਹੀ ਏ। ਹਰ ਕਵੀ/ ਲੇਖਕ ਦਾ ਆਪਣਾ-ਆਪਣਾ ਨਜ਼ਰੀਆ ਹੁੰਦੈ। ਬਹੁਤੇ ਲੇਖਕਾਂ ਨੇ ਹੱਦਾਂ/ ਸਰਹੱਦਾਂ ਤੋੜਨ ਦੀ ਗੱਲ ਕੀਤੀ। ਅਸੰਭਵ। ਦੇਸ਼ਾਂ ਦੇ ਇੱਕ ਹੋਣ ਦੀ ਗੱਲ ਹੋਈ। ਅਸੰਭਵ। ਏਸ ਭਾਵੁਕਤਾ ਨੇ ਯਥਾਰਥ ਨੂੰ ਕਿਧਰੇ ਡੂੰਘਾ ਦਬਾ ਲਿਆ। ਵਰਤਮਾਨ ਨੂੰ ਪੁੱਠਾ ਗੇੜਾ ਦਿੱਤਾ ਨਈਂ ਜਾ ਸਕਦਾ। ਇਤਿਹਾਸ ਦਾ ਬਦਲਣਾ ਆਸਾਨ ਨਈਂ। ਡਾ. ਲਾਭ ਸਿੰਘ ਖੀਵਾ ਵੱਲੋਂ, ਸਾਂਝਾ ਦਾ ਪੁਲ਼ ਉਸਾਰਨ ਲਈ, ਏਸ ਕਵਿਤਾ ਰਾਹੀਂ ਖੜ੍ਹੇ ਕੀਤੇ ਨੁਕਤੇ ਮੈਨੂੰ ਬਹੁਤ ਅਹਿਮ ਲਗਦੇ ਹਨ। ਲਾਹੌਰ ਵਿਖੇ 20-22 ਦਸੰਬਰ, 2023 ਨੂੰ ਹੋ ਰਹੀ ਕੌਮਾਂਤਰੀ ਪੰਜਾਬੀ ਕਾਨਫਰੰਸ ਨੂੰ ਸਮਰਪਿਤ ਕਵਿਤਾ ‘ਪੁਲ਼’ ਮੈਨੂੰ ਨਿਵੇਕਲ਼ੀ ਲੱਗੀ। ਇਹ ਕਵਿਤਾ ਬਹੁਤ ਕੁਝ ਸੋਚਣ ਲਈ ਮਜ਼ਬੂਰ ਕਰਦੀ ਏ।

ਆਓ ਇਹ ਕਵਿਤਾ ਪੜ੍ਹੀਏ;  

                       ਪੁਲ਼

                                      ਡਾ. ਲਾਭ ਸਿੰਘ ਖੀਵਾ

ਉਹ ਕੂੜੀਆਂ ਗੱਲਾਂ ਸਨ, ਜਿਸ ਕਰਕੇ ਅੱਡ ਹੋ ਗਏ,

ਉਹ ਮਜ਼੍ਹਬੀ ਝੱਲਾਂ ਸਨ, ਜਿਸ ਕਰਕੇ ਅੱਡ ਹੋ ਗਏ, 

ਉਹ ਜਨੂੰਨੀ ਛੱਲਾਂ ਸਨ, ਜਿਸ ਕਰਕੇ ਅੱਡ ਹੋ ਗਏ,

ਕੀ ਮਾਰੀਆਂ ਮੱਲਾਂ ਸਨ? ਜਿਸ ਕਰਕੇ ਅੱਡ ਹੋ ਗਏ

 

ਝੋਰਿਆਂ ਦੀਆਂ ਗੱਲਾਂ ਹੁਣ, ਕਰਨ ਨੂੰ ਜੀਅ ਕਰਦੈ,

ਬੀਤੇ ਦੀਆਂ ਭੁੱਲਾਂ ਹੁਣ, ਭੁੱਲਣ ਨੂੰ ਜੀਅ ਕਰਦੈ,

ਕੁੱਝ ਟੁੱਟੀਆਂ ਤੰਦਾਂ ਨੇ, ਗੰਢਣ ਨੂੰ ਜੀਅ ਕਰਦੈ,

ਕੁੱਝ ਸਿਆਸੀ ਕੰਧਾਂ ਨੇ, ਟੱਪਣ ਨੂੰ ਜੀਅ ਕਰਦੈ

 

ਟੁੱਟਣ ਨਾ ਕੰਧਾਂ ਵੀ, ਆਪਾਂ ਤਾਂ ਮਿਲ਼ ਬਹਿਈਏ,

ਜ਼ਰਾ ਲਿਫ ਹੀ ਜਾਵਣ ਇਹ, ਕੁੱਝ ਸੁਣਈਏ, ਕੁੱਝ ਕਹੀਈਏ,

ਤੇ ਖੈਰ ਇੱਕਦੂਜੇ ਦੀ, ਭੋਰਾ ਖੁੱਲ੍ਹਕੇ ਮੰਗ ਲਈਏ,

ਮਿੱਤਰਾਂ ਦੀ ਖੰਘ ਵਿੱਚ ਹੀ, ਥੋੜ੍ਹਾ ਉੱਚੀ ਖੰਘ ਲਈਏ

 

ਸਾਡੇ ਹੱਦਾਂਬੰਨ੍ਹੇ ਜੋ, ਸੰਗੀਨਾਂ ਮੱਲੇ ਨੇ,

ਇੱਕਦੂਜੇ ਦੇ ਅੰਬਰ, ਸ਼ਿਸਤਾਂ ਦੇ ਥੱਲੇ ਨੇ,

ਹਥਿਆਰ ਪਰਾਏ ਜੋ, ਸਾਡੇ ਮੁੰਡਿਆਂਕੰਨ੍ਹੇ ਨੇ,

ਸ਼ਹੀਦ ਉਹ ਹੋਰਾਂ ਲਈ, ਸਾਡੀ ਰੋਟੀਖੰਨੇ ਨੇ

 

ਭਾਵੇਂ ਲਸ਼ਕਰ ਹੱਦਾਂ ਤੋਂ, ਨਾ ਦੂਰ ਅਜੇ ਕਰੀਏ,

ਪਰ ਹੋਈ ਖ਼ਤਾ ਦੀ, ਮੁਆਫੀ ਲਈ ਹਾਂ ਭਰੀਏ,

ਮਾਂ ਬੋਲੀ ਦੇ ਨਾਂ ਤੇ, ਇੱਕ ਪੁਲ਼ ਦੀ ਨੀਂਹ ਧਰੀਏ,

ਵੀਜ਼ੇ ਦੇ ਟੋਲ ਬਿਨਾਂ, ਲਾਂਘੇ ਦੀ ਮੰਗ ਕਰੀਏ

 

ਸੰਪਰਕ: 091-94171 78487

 

Leave a Reply

Your email address will not be published. Required fields are marked *