ਸਵਰਨਜੀਤ ਸਵੀ ਦੀ ਕਾਵਿ ਪੁਸਤਕ ‘ਮਨ ਦੀ ਚਿਪ‘ ਨੂੰ ਮਿਲ਼ਿਆ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
ਭਾਰਤ ਦੀਆਂ 24 ਭਾਸ਼ਾਵਾਂ ਨੂੰ ਅਕਾਦਮੀ ਵੱਲੋਂ ਇਹ ਪੁਰਸਕਾਰ ਦੇਣ ਦਾ ਐਲਾਨ
ਅਗਲੇ ਸਾਲ 12 ਨੂੰ ਦਿੱਤੇ ਜਾਣਗੇ ਇਹ ਪੁਰਸਕਾਰ
ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਦਸੰਬਰ:


ਸਾਲ 2023 ਦੇ ਪੁਰਸਕਾਰਾਂ ਦਾ ਐਲਾਨ ਅੱਜ ਭਾਰਤੀ ਸਾਹਿਤ ਅਕਾਦਮੀ ਵੱਲੋਂ ਕਰ ਦਿੱਤਾ ਗਿਆ ਹੈ। ਪੰਜਾਬੀ ਵਿੱਚ ਇਸ ਵਰ੍ਹੇ ਦਾ ਇਹ ਪੁਰਸਕਾਰ ਸਵਰਨਜੀਤ ਸਵੀ ਦੇ ਕਾਵਿ ਸੰਗ੍ਰਹਿ ‘ਮਨ ਦੀ ਚਿਪ‘ ਨੂੰ ਦਿੱਤਾ ਗਿਆ ਹੈ। ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ ਦੀ ਅਗਵਾਈ ਹੇਠ ਹੋੲ ਕਾਰਜਕਾਰੀ ਦੀ ਬੈਠਕ ਵੱਲੋਂ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ।
ਕਵੀ ਦੇ ਨਾਲ਼ ਨਾਲ਼ ਸਵਰਨਜੀਤ ਸਵੀ ਚਿੱਤਰਕਾਰ, ਮੂਰਤੀਕਾਰ, ਫੋਟੋਗ੍ਰਾਫਰ ਤੇ ਪ੍ਰਕਾਸ਼ਕ ਵੀ ਹਨ। ਉਸ ਦੇ 16 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਡਿਜ਼ਾਇਰ, ਦ ਕੁਐਸਟ, ਲੀਲਾ, ਨੀ ਧਰਤੀਏ, ਉਦਾਸੀਆਂ ਬਾਬੇ ਨਾਨਕ ਦੀਆਂ ਆਦਿ ਸ਼ਾਮਿਲ ਹਨ। ਉਸ ਕਈ ਫੋਟੋ ਪ੍ਰਦਰਸ਼ਨੀਆਂ ਵੀ ਲਗਾਈਆਂ ਹਨ।
ਇਸ ਸਾਲ ਅਸਾਮੀ ਭਾਸ਼ਾ ਵਿੱਚ ਡਾ. ਪ੍ਰਣਵਜਿਓਤੀ ਡੇਕਾ ਦੇ ਸ੍ਰੇ਼ਸ਼ਣ ਗਲਪ, ਹਿੰਦੀ ‘ਚ ਸੰਜੀਵ ਦੇ ਨਾਵਲ ਮੁਝੇ ਪਹਿਚਾਨੋ, ਅੰਗਰੇਜ਼ੀ ‘ਚ ਨੀਲਮ ਸ਼ਰ ਗੌਰ ਦੇ ਨਾਵਲ ਰੇਕਿਊਮ ਇਨ ਰਾਗਾ ਜਾਨਕੀ, ਡੋਗਰੀ ‘ਚ ਵਿਜੈ ਵਰਮਾ ਦੀ ਕਵਿਤਾ ਗਜ਼ਲ ਦੀ ਕਿਤਾਬ ਦਊ ਸਦੀਆਂ ਇਕ ਸੀਰ, ਕਸ਼ਮੀਰੀ ‘ਚ ਮਨਸੂਰ ਬਨਿਹਾਲੀ ਦੇ ਕਾਵਿ ਸੰਗ੍ਰਹਿ ਯੇਥ ਵਾਵੇਹ ਹੇਲੇ ਸਾਂਗ ਕੋਸ ਜੇਲੇ, ਰਾਜਸਥਾਨੀ ‘ਚ ਗਜੇ ਸਿੰਘ ਰਾਜਪ੍ਰੋਹਿਤ ਦੀ ਕਵਿਤਾ ਦੀ ਕਿਤਾਬ ਪਲਕਤੀ ਪ੍ਰੀਤ ਤੇ ਉਰਦੂ ‘ਚ ਸਾਦਿਆ ਨਵਾਬ ਦੇ ਨਾਵਲ ਰਾਜਦੇਵ ਦੀ ਅਮਰਾਈ ਸ਼ਾਮਲ ਹਨ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਾਧਵ ਕੌਸ਼ਿਕ ਅਤੇ ਸਕੱਤਰ ਕੇ. ਸ੍ਰੀਨਿਵਾਸਰਾਓ ਨੇ ਕਿਹਾ ਕਿ ਹਰ ਭਾਸ਼ਾ ਲਈ ਜਿਊਰੀ ਬਣਾਈ ਗਈ ਸੀ ਅਤੇ ਪਾਰਦਰਸ਼ੀ ਤਰੀਕੇ ਨਾਲ਼ ਇਨ੍ਹਾਂ ਇਨਾਮਾਂ ਲਈ ਪੁਸਤਕਾਂ ਦੀ ਚੋਣ ਕੀਤੀ ਗਈ ਹੈ। ਪੰਜਾਬੀ ਵਿੱਚ ਇਨਾਮ ਦੀ ਚੋਣ ਲਈ ਜਿਊਰੀ ਵਿੱਚ ਗੁਰਮੀਤ ਕੜਿਆਲ਼ਵੀ, ਡਾ. ਜਗਬੀਰ ਸਿੰਘ ਅਤੇ ਕਿਰਪਾਲ ਕਜ਼ਾਕ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਇਸ ਸਾਲ ਇੱਕ ਆਲੋਚਨਾ ਦੀ ਕਿਤਾਬ, 9 ਕਾਵਿ ਸੰਗ੍ਰਹਿ, 6 ਨਾਵਲ, 5 ਕਹਾਣੀ ਸੰਗ੍ਰਹਿ, 3 ਨਿਬੰਧ ਦੀਆਂ ਕਿਤਾਬਾਂ ਇਸ ਵਕਾਰੀ ਪੁਰਸਕਾਰ ਲਈ ਯੋਗ ਪਾਈਆਂ ਗਈਆਂ ਹਨ।

