Breaking
www.sursaanjh.com > ਅੰਤਰਰਾਸ਼ਟਰੀ > ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਵਦਿਆਂ/ ਗੁਰਭਜਨ ਗਿੱਲ

ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਵਦਿਆਂ/ ਗੁਰਭਜਨ ਗਿੱਲ

ਗੀਤ
ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਵਦਿਆਂ/ ਗੁਰਭਜਨ ਗਿੱਲ
ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ,
ਸਿੱਖੀ ਵਾਲਾ ਮਹਿਲ ਹੈ ਬਣਾਉਣਾ।
ਬੰਦਿਆਂ ਚੋਂ ਖੋਟ ਕੱਢ ਕੇ,
ਐਸਾ ਪੰਥ ਮੈਂ ਖਾਲਸਾ ਸਜਾਉਣਾ।
ਜ਼ਾਲਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ ।
ਹੱਕ ਦੀ ਕਮਾਈ ਕਰੇ, ਬਦੀਆਂ ਕਮਾਏ ਨਾ ।
ਗਊ ਤੇ ਗਰੀਬ ਮਸਕੀਨਾਂ ਦੀ ਜੋ ਰਾਖੀ ਕਰੇ,
ਸਵਾ ਲੱਖ ਇੱਕ ਨੂੰ ਬਣਾਉਣਾ ।
ਬੰਦਿਆਂ ਚੋਂ ਖੋਟ ਕੱਢ ਕੇ …….
ਖੰਡੇ ਵਾਲੀ ਧਾਰ ਉੱਤੇ ਆ ਜੋ ਜੀਹਨੇ ਨੱਚਣਾ ।
ਰਾਤਾਂ ਦੇ ਹਨ੍ਹੇਰ ‘ਚ ਮਸ਼ਾਲ ਵਾਂਗੂੰ ਮੱਚਣਾ ।
ਖੰਡੇ ਨਾਲ ਖਿੱਚ ਕੇ ਲਕੀਰ ਕਿਹਾ ਬਾਜ਼ਾਂ ਵਾਲੇ
ਅੰਮ੍ਰਿਤ ਐਸਾ ਹੈ ਛਕਾਉਣਾ ।
ਬੰਦਿਆਂ ‘ਚੋਂ ਖੋਟ ਕੱਢ ਕੇ……..
ਸਾਜ ਕੇ ਪਿਆਰੇ ਪੰਜ, ਗੱਜ ਕੇ ਪੁਕਾਰਿਆ ।
ਮੈਨੂੰ ਵੀ ਬਣਾਉ ਸਿੱਖ, ਮੁੱਖ ਤੋਂ ਉਚਾਰਿਆ ।
ਤੇਗ ਦੇ ਦੁਲਾਰੇ, ਲੈ ਕੇ ਅੰਮ੍ਰਿਤ ਦਾਤ,
ਕਿਹਾ ਲਾਜ ਨਾ ਧਰਮ ਨੂੰ ਲਾਉਣਾ ।
ਬੰਦਿਆਂ ਚੋਂ ਖੋਟ ਕੱਢ ਕੇ……..
ਏਸੇ ਲਈ ਆਨੰਦਪੁਰੀ ਜਿੱਥੇ ਕੇਸਗੜ੍ਹ ਹੈ ।
ਖ਼ਾਲਸੇ ਦੀ ਲੱਗੀ ਏਥੇ, ਬੜੀ ਡੂੰਘੀ ਜੜ੍ਹ ਹੈ ।
ਅੱਜ ਤੀਕ ਮਿਟੀ ਨਾ ਤੇ ਪੁੱਟੀ ਗਈ ਇਹ ਕਿਸੇ ਕੋਲ਼ੋਂ,
ਮਿਟ ਗਏ ਜੋ ਚਾਹੁੰਦੇ ਸੀ ਮਿਟਾਉਣਾ ।
ਧੰਨ ਗੁਰੂ ਬਾਜਾਂ ਵਾਲਿਆ,
ਤੇਰੇ ਜਿਹਾ ਨਹੀਂ ਜਹਾਨੇ ਫੇਰ ਆਉਣਾ।

Leave a Reply

Your email address will not be published. Required fields are marked *