ਵਰਲਡ ਪੰਜਾਬੀ ਸੈਂਟਰ ਵੱਲੋਂ ਡਾ. ਸੁੱਖਵਿੰਦਰ ਕੰਬੋਜ ਦਾ ਰੂਬਰੂ ਸਮਾਗਮ ਕਰਵਾਇਆ ਗਿਆ
ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਪਰੈਲ:
ਪੰਜਾਬ ਸਰਕਾਰ ਵੱਲੋਂ ਸਥਾਪਤ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਵਿਖੇ ਅਮਰੀਕਾ ਤੋਂ ਆਏ ਪੰਜਾਬੀ ਸ਼ਾਇਰ ਡਾ. ਸੁੱਖਵਿੰਦਰ ਕੰਬਜ ਦਾ ਵਿਸ਼ੇਸ਼ ਭਾਸ਼ਣ ਅਤੇ ਰੂਬਰੂ ਸਮਾਗਮ ਸੈਂਟਰ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਹ ਸਮਾਗਮ ਸੈਂਟਰ ਵੱਲੋਂ ਸ਼ੁਰੂ ਕੀਤੀ ਗਈ ਸੰਵਾਦ ਲੜੀ ਤਹਿਤ ਪੰਜਵਾਂ ਸੀ। ਇਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਤੋਂ ਆਏ ਇਤਿਹਾਸਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਐਲੂਮਨੀ ਡਾ. ਬਲਜਿੰਦਰ ਸਿੰਘ ਚੀਮਾ ਸ਼ਾਮਿਲ ਹੋਏ।


ਸਮਾਗਮ ਦੌਰਾਨ ਪ੍ਰੋਫੈਸਰ ਮੁਹੰਮਦ ਇਦਰੀਸ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਥੀਏਟਰ ਵਿਭਾਗ ਦੇ ਵਿਦਿਆਰਥੀ ਸੁਧੀਰ ਬਾਪਲਾ ਨੇ ਪਾਸ਼ ਦੀਆਂ ਕਵਿਤਾਵਾਂ ਸੁਣਾਈਆਂ। ਡਾ. ਸੁੱਖਵਿੰਦਰ ਕੰਬੋਜ ਨੇ ਅਮਰੀਕੀ ਪੰਜਾਬੀ ਕਵਿਤਾ, ਸਾਮਰਾਜਵਾਦ ਦੇ ਪ੍ਰਸੰਗ ਵਿੱਚ ਪੰਜਾਬੀ ਕਵਿਤਾ ਦੇ ਬਦਲਦੇ ਪਰਿਪੇਖ, ਪੰਜਾਬੀ ਕ੍ਰਾਂਤੀਕਾਰੀਆਂ ਦੇ ਵਿਦੇਸ਼ਾਂ ਵਿੱਚ ਸੰਘਰਸ਼ ਆਦਿ ਵਿਸ਼ਿਆਂ ਬਾਰੇ ਪਾਠਕਾਂ ਨਾਲ਼ ਵਿਚਾਰ ਸਾਂਝੇ ਕੀਤੇ। ਰੂਬਰੂ ਦੌਰਾਨ ਉਨ੍ਹਾਂ ਵੱਲੋਂ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਨਾਲ਼ ਆਪਣਾ ਜੀਵਨ ਸੰਘਰਸ਼ ਅਤੇ ਰਚਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਬਲਵਿੰਦਰ ਸਿੰਘ ਚੀਮਾ ਵੱਲੋਂ ਕੈਨੇਡਾ ਵਿੱਚ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ਼ ਜੂਝਣ ਸਬੰਧੀ ਸਮੱਸਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਪ੍ਰਧਾਨਗੀ ਸੈਂਟਰ ਡਾਇਰੈਕਟਰ ਪ੍ਰੋਫੈਸਰ ਭੀਮਇੰਦਰ ਸਿੰਘ ਨੇ ਕੀਤੀ। ਉਨ੍ਹਾਂ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅਮੀਰੀਕੀ ਕ੍ਰਾਂਤੀ ਨੇ ਆਧੁਨਿਕ ਸਮਾਜ ਨੂੰ ਜਿੱਥੇ ਨਵੇਂ ਦਿਸਹੱਦਿਆਂ ਵੱਲ ਲਿਜਾਣਾ ਸ਼ੁਰੂ ਕੀਤਾ, ਉੱਥੇ ਹੀ ਅਮਰੀਕੀ ਸਾਮਰਾਜਵਾਦ ਕਾਰਨ ਆਧੁਨਿਕ ਵਿਸ਼ਵ ਵਿੱਚ ਖੇਤਰੀ ਝਗੜੇ ਵੀ ਸ਼ੁਰੂ ਹੋਏ ਹਨ। ਆਏ ਮਹਿਮਾਨਾਂ ਦਾ ਧੰਨਵਾਦ ਪ੍ਰੋਫੈਸਰ ਜਸਵਿੰਦਰ ਸਿੰਘ ਸਾਬਕਾ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤਾ ਗਿਆ। ਦੋਵੇਂ ਮਹਿਮਾਨਾਂ ਦਾ ਸਨਮਾਨ ਸੈਂਟਰ ਡਾਇਰੈਕਟਰ ਵੱਲੋਂ ਕੀਤਾ ਗਿਆ।
ਇਸ ਸੰਵਾਦ ਸਮਾਰੋਹ ਵਿੱਚ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਵਿੰਦਰਜੀਤ ਕੌਰ ਭੱਟੀ, ਸੁਖਵਿੰਦਰ ਪੱਪੀ, ਡਾ. ਕਮਲਜੀਤ ਸਿੰਘ ਟਿੱਬਾ, ਡਾ. ਲਾਭ ਸਿੰਘ ਖੀਵਾ, ਨਿਰਮਲ ਸਿੰਘ ਜਗਦੀਪ ਸਿੱਧੂ ਆਦਿ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ।
ਵਿਸ਼ੇਸ਼ ਰਿਪੋਰਟ: ਪ੍ਰੋਫੈਸਰ ਮੁਹੰਮਦ ਇਦਰੀਸ

