Breaking
www.sursaanjh.com > ਅੰਤਰਰਾਸ਼ਟਰੀ > ਕੀ ਵਿਕਾਸ ਗਲੀਆਂ ਨਾਲੀਆਂ ਤੇ ਸੜਕਾਂ ਬਣਾਉਣਾ ਹੁੰਦਾ ਹੈ?

ਕੀ ਵਿਕਾਸ ਗਲੀਆਂ ਨਾਲੀਆਂ ਤੇ ਸੜਕਾਂ ਬਣਾਉਣਾ ਹੁੰਦਾ ਹੈ?

ਕੀ ਵਿਕਾਸ ਗਲੀਆਂ ਨਾਲੀਆਂ ਤੇ ਸੜਕਾਂ ਬਣਾਉਣਾ ਹੁੰਦਾ ਹੈ?
ਚੰਡੀਗੜ੍ਹ 11 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਲੋਕ ਸਭਾ ਦੀਆਂ ਚੋਣਾਂ ਦਾ ਦੇਸ਼ ਅੰਦਰ ਬਿਗਲ ਵੱਜ ਚੁੱਕਿਆ ਹੈ ਅਤੇ ਮੈਦਾਨ ਪੂਰੀ ਤਰ੍ਹਾਂ ਤਿਆਰ ਹੈ। ਸਿਆਸਤ ਦੇ ਪਹਿਲਵਾਨ ਇਸ ਮੈਦਾਨ ਦੇ ਅੰਦਰ ਗੱਜਣ ਵਾਸਤੇ ਤਿਆਰ ਹਨ। ਬੇਸ਼ਕ ਚੋਣਾਂ ਸਾਡੇ ਲੋਕਤੰਤਰ ਸਿਸਟਮ ਦਾ ਹਿੱਸਾ ਹਨ ਤੇ ਜੋ ਵੀ ਕੰਮ ਕਰਨੇ ਹਨ, ਉਹ ਮੰਤਰੀਆਂ ਨੇ ਹੀ ਕਰਨੇ ਹਨ।  ਬੇਸ਼ਕ ਮੰਤਰੀ ਅਨਪੜ੍ਹ ਹੋਣ ਤੇ ਆਈਏਐਸ, ਪੀਸੀਐਸ ਅਫਸਰ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਸਿਆਸੀ ਲੋਕਾਂ ਦੇ ਥੱਲੇ ਲੱਗਦੇ ਹਨ।
ਅੱਜ ਚੋਣਾਂ ਸਿਰ ਤੇ ਹਨ। ਹਰ ਚੋਣ ਵਿੱਚ ਮੁੱਦਾ ਇਕੋ ਹੁੰਦਾ ਹੈ, ਵਿਕਾਸ। ਕੀ ਵਿਕਾਸ ਗਲੀਆਂ-ਨਾਲੀਆਂ, ਸੜਕਾਂ ਅਤੇ ਹੋਰ ਬਿਲਡਿੰਗਾਂ ਬਣਾਉਣ ਨੂੰ ਕਹਿੰਦੇ ਹਨ? ਲੰਮੇ ਸਮੇਂ ਤੋਂ ਵਿਕਾਸ ਨੂੰ ਗਲੀਆਂ-ਨਾਲੀਆਂ, ਸੜਕਾਂ ਅਤੇ ਲਾਈਟ-ਬੱਤੀਆਂ ਨਾਲ ਹੀ ਜਾਣਿਆ ਜਾਂਦਾ, ਜਦਕਿ ਵਿਕਾਸ ਦਾ ਮਤਲਬ ਕੁਝ ਹੋਰ ਹੈ। ਇਸ ਵਿਕਾਸ ਦੀ ਹਨੇਰੀ ਵਿੱਚ ਸਿਹਤ ਸਹੂਲਤਾਂ, ਸੜਕ ਸਹੂਲਤਾਂ, ਸਿੱਖਿਆ ਸਿਸਟਮ, ਰੁਜ਼ਗਾਰ ਦੇ ਮਸਲੇ ਹੱਲ ਕਰਨੇ ਆਦਿ ਹਨ, ਪਰ ਹਰ ਵਾਰ ਲੋਕ ਵਿਕਾਸ ਦੇ ਨਾਂ ਤੇ ਆਪਣੀ ਵੋਟ ਦਾ ਵਿਨਾਸ਼ ਕਰ ਬਹਿੰਦੇ ਹਨ।
ਵੈਸੇ ਤਾਂ ਅਸੀਂ ਨੇਤਾ ਚੁਣਦੇ ਹਾਂ ਰੋਜ਼ਮਰਾ ਦੀਆਂ ਲੋੜਾਂ ਨੂੰ ਬਿਹਤਰ ਬਣਾਉਣ ਦੇ ਲਈ ਅਤੇ ਪੜ੍ਹ-ਲਿਖ ਕੇ ਸਮਾਜ ਵਿੱਚ ਉੱਚਾ ਉੱਠਣ ਵਾਸਤੇ, ਪਰ ਸੱਚ ਜਾਣਨਾ ਬਹੁਤ ਭਰਿਸ਼ਟ ਨੇਤਾ ਦੇਸ਼ ਨੂੰ ਸੁਸਰੀ ਵਾਂਗ ਖਾ ਰਹੇ ਹਨ। ਆਪਸ ਵਿੱਚ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਨੂੰ ਮੁੱਦਾ ਬਣਾ ਕੇ ਲੜਾਉਣਾ ਅੱਜ ਦੇ ਸਿਆਸਤਦਾਨਾਂ ਦੀ ਮੁੱਖ ਪਸੰਦ ਬਣ ਗਏ ਹਨ। ਬੇਸ਼ਕ ਦੇਸ਼ ਅੰਦਰ ਬਹੁਤ ਚੰਗੇ ਕਾਲਜ, ਯੂਨੀਵਰਸਿਟੀਆਂ, ਸਕੂਲ ਹਨ ਪਰ ਦੁਖਾਂਤ ਇਹ ਵੀ ਹੈ ਕਿ ਸਾਡਾ ਨੌਜਵਾਨ ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਹੋਰ ਦੇਸ਼ਾਂ ਵੱਲ ਨੂੰ ਪੜ੍ਹਾਈ ਕਰਨ ਵਾਸਤੇ ਜਾ ਰਿਹਾ ਹੈ। ਬੇਸ਼ੱਕ ਨੇਤਾ ਲੋਕ ਸਰਕਾਰੀ ਹਸਪਤਾਲਾਂ ਵਿਚ ਚੰਗੀਆਂ ਸਹੂਲਤਾਂ ਹੋਣ ਦਾ ਡਰਾਮਾ ਕਰਦੇ ਹਨ, ਪਰ ਆਪਣੇ ਇਲਾਜ ਪ੍ਰਾਈਵੇਟ ਹਸਪਤਾਲਾਂ ਅਤੇ ਵਿਦੇਸ਼ਾਂ ਵਿੱਚ ਕਰਵਾਉਣ ਜਾਂਦੇ ਹਨ।
ਜੇਕਰ ਦੇਸ਼ ਅੰਦਰ ਸਰਕਾਰੀ ਹਸਪਤਾਲ ਇੰਨੇ ਬਿਹਤਰ ਹਨ ਤਾਂ ਨੇਤਾ ਲੋਕ ਸਰਕਾਰੀ ਖਜ਼ਾਨੇ ਤੇ ਬੋਝ ਪਾਉਣ ਲਈ ਪ੍ਰਾਈਵੇਟ ਮਹਿੰਗੇ ਹਸਪਤਾਲ਼ਾਂ ਅਤੇ ਫੌਰਨ ਵੱਲ ਕਿਉਂ ਭੱਜਦੇ ਹਨ? ਜੇਕਰ ਸੱਚ ਹੀ ਦੇਸ਼ ਦੇ ਸਰਕਾਰੀ ਸਕੂਲ ਬਹੁਤ ਵਧੀਆ ਹਨ, ਤਾਂ ਮੰਤਰੀਆਂ ਅਤੇ ਅਫਸਰਾਂ ਦੇ ਬੱਚੇ ਜਾਂ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਕਿਉਂ ਨਹੀਂ ਪੜਦੇ?  ਜੇਕਰ ਸੜਕਾਂ ਦੀ ਹਾਲਤ ਬਹੁਤ ਵਧੀਆ ਹੈ ਤਾਂ ਰੋਜ਼ਾਨਾ ਸੈਂਕੜੇ ਹੀ ਜਾਨਾ ਕਿਉਂ ਜਾਂਦੀਆਂ ਹਨ? ਜੇਕਰ ਰੁਜ਼ਗਾਰ ਦੇ ਸਾਧਨ ਬਹੁਤ ਅੱਛੇ ਹਨ ਤਾਂ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਕਿਉਂ ਫਸਣ ਅਤੇ ਹੋਰ ਗਲਤ ਰਸਤੇ ਕਿਉਂ ਅਪਣਾ ਰਿਹਾ ਹੈ? ਜੇਕਰ ਇੰਨੇ ਸਾਲਾਂ ਦੇ ਵਿੱਚ ਗਲੀਆਂ-ਨਾਲੀਆਂ ਪੱਕੀਆਂ ਹਨ ਤਾਂ ਸਰਕਾਰਾਂ ਬਜਟ ਵਿੱਚ ਵਿਕਾਸ ਦੇ ਨਾਂ ਤੇ ਬਜਟ ਕਿਉਂ ਰੱਖਦੀਆਂ ਹਨ?
ਸੋਚਣਾ ਪਵੇਗਾ ਕਿਉਂਕਿ ਅਸੀਂ ਹਰ ਵਾਰ ਗਲਤੀ ਜ਼ਰੂਰ ਕਰ ਜਾਦੇ ਹਾਂ। ਕਈ ਵਾਰ ਅਸੀਂ ਬੰਦੇ ਦਾ ਕਿਰਦਾਰ ਦੇਖਣ ਦੀ ਬਜਾਏ ਪਾਰਟੀਆਂ ਤੇ ਜ਼ਿਆਦਾ ਭਰੋਸਾ ਕਰ ਲੈਦੇ ਹਾਂ ਅਤੇ ਉਸਦਾ ਅਸੀਂ ਜ਼ਰੂਰ ਸੱਚ ਮੰਨ ਲੈਦੇ ਹਾਂ ਜੋ ਰੱਜ ਕੇ ਝੂਠ ਬੋਲਦਾ ਹੈ। ਆਉਣ ਵਾਲੀ ਵੋਟ ਇਹ ਸੋਚ ਕੇ ਜ਼ਰੂਰ ਪਾਇਓ ਕਿ ਇਹ ਵੋਟ ਸਾਡਾ ਭਵਿੱਖ ਜਾ ਸਾਡੇ ਬੱਚਿਆਂ ਦਾ ਭਵਿੱਖ ਅਤੇ ਸਾਡੇ ਦੇਸ਼ ਦਾ ਕੀ ਕੁਝ ਸਵਾਰਨ ਜਾ ਰਹੀ ਹੈ। ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਸੋਚਣਾ ਜ਼ਰੂਰ।

Leave a Reply

Your email address will not be published. Required fields are marked *