ਈਦ ਉਲਟ ਫਿਤਰ ਦਾ ਤਿਉਹਾਰ ਭਾਈਚਾਰਕ ਤੰਦਾ ਨੂੰ ਵਧੇਰੇ ਮਜ਼ਬੂਤ ਕਰਦਾ – ਰਾਜੂ ਖੰਨਾ
ਮੁਸਲਿਮ ਭਾਈਚਾਰੇ ਨਾਲ ਨਰੈਣਗੜ ਵਿਖੇ ਕੀਤੀਆਂ ਖੁਸ਼ੀਆਂ ਸਾਂਝੀਆਂ
ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ),11ਅਪ੍ਰੈਲ:


ਦੇਸ਼ ਵਿੱਚ ਸਾਂਝੀਆਂ ਖੁਸ਼ੀਆਂ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹੋਣ, ਅਜਿਹੇ ਤਿਉਹਾਰ ਆਪਸੀ ਪਿਆਰ, ਆਪਸੀ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੀਆਂ ਗੂੜੀਆਂ ਤੰਦਾਂ ਤੇ ਕੌਮੀ ਏਕਤਾ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਹੁੰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮਦੀਨਾ ਮਸਜਿਦ ਪਿੰਡ ਨਰੈਣਗੜ ਵਿਖੇ ਮੁਸਲਿਮ ਭਾਈਚਾਰੇ ਦੇ ਪਵਿੱਤਰ ਤਿਉਹਾਰ ਈਦ ਉਲ ਫਿਤਰ ਤੇ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਸਮੇਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਈਦ ਉਲ ਫਿਤਰ ਵੀ ਆਪਸੀ ਖੁਸ਼ੀਆਂ ਸਾਂਝੀਆਂ ਕਰਨ ਦਾ ਇੱਕ ਮਹੱਤਵਪੂਰਨ ਦਿਹਾੜਾ ਹੈ। ਈਦ ਉਲ ਫਿਤਰ ਦਾ ਦਿਹਾੜਾ ਅਸਲ ਵਿੱਚ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਵਿੱਚ ਕੀਤੀ ਗਈ ਬੰਦਗੀ ਭਗਤੀ ਦੇ ਬਦਲੇ ਵਿੱਚ ਮਿਲਣ ਵਾਲੇ ਇਨਾਮ ਦਾ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਈਦ ਉਲ ਫਿਤਰ ਵਾਲੇ ਦਿਨ ਹੀ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਆਪਸ ਵਿੱਚ ਇੱਕ ਦੂਸਰੇ ਨੂੰ ਮਠਿਆਈਆਂ ਦਿੰਦੇ ਅਤੇ ਗਲਵੱਕੜੀਆਂ ਪਾਉਂਦੇ ਅਤੇ ਰਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।
ਇਸ ਪਵਿੱਤਰ ਦਿਹਾੜੇ ਤੇ ਹਲਕਾ ਅਮਲੋਹ ਦੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਚੜ੍ਹਦੀ ਕਲਾ ਲਈ ਮਨੋਕਾਮਨਾਵਾਂ ਵੀ ਕੀਤੀਆਂ। ਇਸ ਮੌਕੇ ਤੇ ਸ਼ਮਸ਼ਾਦ ਅਲੀ ਨਰੈਣਗੜ ਦੀ ਅਗਵਾਈ ਵਿੱਚ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਮੁੱਖ ਬੁਲਾਰਾ ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਹਰਦਿਆਲ ਸਿੰਘ ਨਰੈਣਗੜ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ ਨੇ ਜਿਥੇ ਸਮਾਗਮ ਨੂੰ ਸੰਬੋਧਨ ਕੀਤਾ, ਉਥੇ ਸਮੁੱਚੇ ਭਾਈਚਾਰੇ ਨੂੰ ਤਿਉਹਾਰ ਤੇ ਵਧਾਈ ਵੀ ਦਿੱਤੀ।
ਇਸ ਮੌਕੇ ਤੇ ਸ਼ਮਸ਼ਾਦ ਅਲੀ, ਦਿਲਦਾਰ ਮੁਹੰਮਦ, ਹਨੀਫ ਮੁਹੰਮਦ, ਨਵਾਬ ਅਲੀ, ਅਮਾਨਤ ਅਲੀ, ਅਲਬਖਸ ਅਲੀ, ਅਰਮਾਨ ਅਲੀ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਗੁਰਜੋਤ ਸਿੰਘ ਨਰੈਣਗੜ, ਯੂਥ ਆਗੂ ਨਵਜੋਤ ਸਿੰਘ, ਭਵਨਪ੍ਰੀਤ ਸਿੰਘ, ਗੁਰਦੀਪ ਸਿੰਘ, ਬਚਨ ਸਿੰਘ, ਅਮਰੀਕ ਸਿੰਘ, ਸੁਖਚੈਨ ਸਿੰਘ, ਜਰਨੈਲ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਿੰਡ ਨਰੈਣਗੜ ਦੀ ਮਦੀਨਾ ਮਸਜਿਦ ਵਿੱਚ ਈਦ ਉਲ ਫਿਤਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਸਮੇਂ ਮੁਸਲਿਮ ਭਾਈਚਾਰੇ ਦੇ ਆਗੂਆਂ ਤੇ ਪਿੰਡ ਵਾਸੀਆਂ ਨਾਲ।

