www.sursaanjh.com > ਸਿੱਖਿਆ > ਮਾਜਰੀ ਵਿਖੇ ਸੜਕ ਵਿਚਕਾਰ ਖੜ੍ਹਦੀਆਂ ਗੱਡੀਆਂ – ਕਿੱਥੇ ਰੋਡ ਸੇਫਟੀ ਫੋਰਸ?

ਮਾਜਰੀ ਵਿਖੇ ਸੜਕ ਵਿਚਕਾਰ ਖੜ੍ਹਦੀਆਂ ਗੱਡੀਆਂ – ਕਿੱਥੇ ਰੋਡ ਸੇਫਟੀ ਫੋਰਸ?

ਮਾਜਰੀ ਵਿਖੇ ਸੜਕ ਵਿਚਕਾਰ ਖੜ੍ਹਦੀਆਂ ਗੱਡੀਆਂ – ਕਿੱਥੇ ਰੋਡ ਸੇਫਟੀ ਫੋਰਸ?
ਚੰਡੀਗੜ੍ਹ 15 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕੁਰਾਲੀ – ਸਿਸਵਾਂ ਰੋਡ ‘ਤੇ ਸਥਿਤ ਬਲਾਕ ਮਾਜਰੀ ਵਿਖੇ ਅਕਸਰ ਜਿਆਦਾਤਰ ਗੱਡੀਆਂ ਸੜਕ ਵਿੱਚ ਹੀ ਖੜ੍ਹਦੀਆਂ ਹਨ। ਸਬ ਤਹਿਸੀਲ, ਪਟਵਾਰਖਾਨਾ ਅਤੇ ਹੋਰ ਸਰਕਾਰੀ ਦਫਤਰਾਂ ਦੇ ਕੰਮ ਕਾਰਾਂ ਲਈ ਆਉਂਦੇ ਲੋਕ ਸਿਸਵਾਂ  ਰੋਡ ‘ਤੇ ਸੜਕ ਵਿਚਕਾਰ ਹੀ ਗੱਡੀਆਂ ਖੜ੍ਹੀਆਂ ਕਰਕੇ ਆਪਣੇ ਕੰਮਾਂ ਲਈ ਦਫਤਰਾਂ ਵਿੱਚ ਚਲੇ ਜਾਂਦੇ ਹਨ। ਇਹ ਰੋਡ ਜੋ ਕਰਾਲੀ ਤੋਂ ਬਾਇਆ ਬਲਾਕ ਮਾਜਰੀ ਹੋ ਕੇ ਚੰਡੀਗੜ੍ਹ ਪਹੁੰਚਦੀ ਹੈ, ‘ਤੇ ਰੋਜ਼ਾਨਾ ਹੀ ਬਹੁਤ ਗਿਣਤੀ ਵਿੱਚ ਟਰੈਫਿਕ ਗੁਜ਼ਰਦੀ ਹੈ।
ਦੱਸ ਦਈਏ ਕਿ ਇਸ ਰੋਡ ਰਾਹੀਂ ਹੀ ਚੰਡੀਗੜ੍ਹ ਦੇ ਪੀਜੀਆਈ, 32 ਅਤੇ 16  ਦੇ ਹਸਪਾਤਾਲਾਂ ਲਈ ਐਮਰਜੈਂਸੀ ਵਿੱਚ ਮਰੀਜ਼ ਜਾਂਦੇ ਹਨ। ਇਸ ਸੜਕ ਨੂੰ ਵੀਆਈ ਪੀ ਰੋਡ ਵੀ ਕਿਹਾ ਜਾਦਾ ਹੈ, ਕਿਉਂਕਿ ਜ਼ਿਆਦਾਤਰ ਮੰਤਰੀ – ਸੰਤਰੀ ਵੀ ਇਸੀ ਰੋਡ ਨੂੰ ਹੋ ਕੇ ਚੰਡੀਗੜ੍ਹ ਪਹੁੰਚਦੇ ਹਨ। ਸੈਂਕੜੇ ਹੀ ਗੱਡੀਆਂ ਸੜਕ ਵਿਚਕਾਰ ਖੜਦੀਆਂ ਹਨ, ਪਰ ਇਸ ਪਾਸੇ ਨਾ ਤਾਂ ਮਾਜਰੀ ਪੁਲਿਸ ਦੀ ਨਿਗਾਹ  ਜਾਂਦੀ ਹੈ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ। ਜੇਕਰ ਅੱਜ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਫਿਰ ਜਿਲਾ ਪ੍ਰਸ਼ਾਸਨ ਦੇ ਅਧਿਕਾਰੀ ਸਫਾਈਆਂ ਦੇਣ ਲੱਗ ਜਾਂਦੇ ਹਨ, ਕਿਉਂਕਿ ਸਬ ਤਹਿਸੀਲ ਮਾਜਰੀ ਅੰਦਰ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਦੀਆਂ ਗੱਡੀਆਂ ਵਾਸਤੇ ਕੋਈ ਵੀ ਪੁਖਤਾ ਪਾਰਕਿੰਗ ਨਹੀਂ ਹੈ।
ਅਜਿਹੀ ਸਥਿਤੀ ਵਿੱਚ ਸਬੰਧਿਤ ਅਫਸਰਾਂ ਅਤੇ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਬਹੁਤ ਗਿਣਤੀ ਵਿੱਚ ਆਉਂਦੀਆਂ ਗੱਡੀਆਂ ਲਈ ਯੋਗ ਪਾਰਕਿੰਗ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਗੱਲ ਵੀ ਪੱਕੀ ਹੈ ਕਿ ਸਾਡੇ ਦੇਸ਼ ਅੰਦਰ ਇੱਕ ਰਿਵਾਜ਼ ਹੀ ਬਣਿਆ ਹੋਇਆ ਹੈ ਕਿ ਜਦ ਤੱਕ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ, ਉਦੋਂ ਤੱਕ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਦਾ ਧਿਆਨ ਨਹੀਂ ਜਾਂਦਾ ਹੁੰਦਾ। ਜਦੋਂ ਕਿਤੇ ਹਾਦਸਾ ਵਾਪਰ ਜਾਵੇ, ਫਿਰ ਬੁਖ਼ਲਾਹਟ ਵਿੱਚ ਅਫਸਰ ਬਹੁਤ ਕੁਝ ਕਰਨ ਨੂੰ ਅ਼ਜ਼ਾਮ ਦਿੰਦੇ ਹਨ।
ਦੱਸ ਦਈਏ ਕਿ ਇੱਥੇ ਨਾਲ ਹੀ ਪੁਲਿਸ ਦਾ ਥਾਣਾ ਵੀ ਹੈ, ਪਰ ਸੰਬੰਧਿਤ ਪੁਲਿਸ ਵੀ ਇੱਧਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੀ। ਬੇਸ਼ੱਕ ਰੋਡ ਸੇਫਟੀ ਲਈ ਅਲੱਗ ਅਲੱਗ ਅਧਿਕਾਰੀ ਨਿਯੁਕਤ ਹਨ, ਪਰ ਲੱਗਦਾ ਇਹ ਹੈ ਕਿ ਇਹ ਦਫ਼ਤਰਾਂ ਵਿੱਚ ਬੈਠ ਕੇ ਹੀ ਡੰਗ ਟਪਾਉਂਦੇ ਹਨ। ਇਹੋ ਹਾਲ ਬਲਾਕ ਮਾਜਰੀ ਤੋਂ ਖਿਜ਼ਰਾਬਾਦ ਰੋਡ ਦਾ ਵੀ ਹੈ। ਹਾਸੋਹੀਣੀ ਗੱਲ ਇਹ ਹੈ ਕਿ ਜ਼ਿਆਦਾਤਰ ਗੱਡੀਆਂ ਮਾਜਰੀ ਥਾਣੇ ਕੋਲ ਵੀ ਖੜ੍ਹਦੀਆਂ ਹਨ। ਇਸ ਸਬੰਧੀ ਮਾਜਰੀ ਥਾਣੇ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ  ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ, ਜਦਕਿ ਰੋਡ ਸ਼ੇਫਟੀ ਫੋਰਸ਼ ਦੇ ਉਚ ਅਧਿਕਾਰੀ ਨਾਲ ਰਾਬਤਾ ਨਹੀਂ ਹੋ ਸਕਿਆ।

Leave a Reply

Your email address will not be published. Required fields are marked *