www.sursaanjh.com > ਸਿੱਖਿਆ > ਮੁੱਲਾਂਪੁਰ ਪੁਲਿਸ ਨੇ ਸਕੂਲ ਬੱਸ ਡਰਾਈਵਰ ਪੜ੍ਹਨੇ ਪਾਏ

ਮੁੱਲਾਂਪੁਰ ਪੁਲਿਸ ਨੇ ਸਕੂਲ ਬੱਸ ਡਰਾਈਵਰ ਪੜ੍ਹਨੇ ਪਾਏ

ਮੁੱਲਾਂਪੁਰ ਪੁਲਿਸ ਨੇ ਸਕੂਲ ਬੱਸ ਡਰਾਈਵਰ ਪੜ੍ਹਨੇ ਪਾਏ
ਚੰਡੀਗੜ੍ਹ 15 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੇਫ ਸਕੂਲ ਵਾਹਨ ਸਕੀਮ ਤਹਿਤ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਵੱਲੋਂ ਅੱਜ ਸਕੂਲ ਬੱਸਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏਐੱਸਆਈ ਜਗੀਰ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਨੇ ਦੱਸਿਆ ਕਿ ਐਸਐਸਪੀ ਟ੍ਰੈਫਿਕ ਹਰਨਿੰਦਰ ਸਿੰਘ ਮਾਨ, ਐਸਐਸਪੀ ਸੰਦੀਪ ਗਰਗ ਮੋਹਾਲੀ, ਡੀਐਸਪੀ ਮਹੇਸ਼ ਸੈਣੀ ਟਰੈਫਿਕ ਪੁਲਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸੇਫ ਸਕੂਲ ਵਾਹਨ ਸਕੀਮ ਤਹਿਤ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ ਰਤਵਾੜਾ ਸਾਹਿਬ ਸਕੂਲ ਅਤੇ ਵੰਡਰ ਸਕੂਲ ਨੇੜੇ ਕੁਰਾਲੀ ਅਤੇ ਹੋਰ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਦੌਰਾਨ ਦੋ ਬੱਸਾਂ ਦੇ ਚਲਾਨ ਕੱਟੇ ਗਏ।
ਵਰਨਯੋਗ ਹੈ ਕਿ ਇੱਕ ਸਕੂਲ ਦੀ ਬੱਸ ਵਿੱਚ ਕੈਮਰੇ ਨਾ ਲੱਗੇ ਹੋਣ ਕਾਰਨ ਅਤੇ ਦੂਜੀ ਬੱਸ ਦੇ ਡਰਾਈਵਰ ਵੱਲੋਂ ਸੀਟ ਬੈਲਟ ਨਾ ਲਾਉਣ ਕਾਰਨ, ਉਨ੍ਹਾਂ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਝ ਬੱਸ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਸ ਮੌਕੇ ਸਭ ਬੱਸ ਚਾਲਕਾਂ ਨੂੰ ਸੜਕੀ ਨਿਯਮਾਂ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਜਿਨ੍ਹਾਂ ਬੱਸਾਂ ਵਿੱਚ ਕਮੀਆਂ ਪਾਈਆਂ ਜਾਣਗੀਆਂ, ਉਨ੍ਹਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਸਹੁਲਤਾਂ ਪੱਖੋਂ ਸਾਰੇ ਹੀ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਲਈਆਂ ਜਾਂਦੀਆਂ ਹਨ। ਫਿਰ ਵੀ ਕੁਝ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਬੱਸਾਂ ਪ੍ਰਤੀ ਅਣਗਹਿਲੀ ਵਰਤ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *