ਪੁਸਤਕ ਰਿਵਿਊ
ਬਲਜਿੰਦਰ ਕੌਰ ਸ਼ੇਰਗਿੱਲ ਦੇ ਬਾਲ ਕਾਵਿ-ਸੰਗ੍ਰਹਿ ‘ਸੋਚ ਤੋਂ ਸੱਚ ਤੱਕ‘ ਦੇਵੇਗੀ ਬੱਚਿਆਂ ਨੂੰ ਸੇਧ – ਜਸਵਿੰਦਰ ਸਿੰਘ ਕਾਈਨੌਰ
ਅਜੋਕਾ ਵਿਦਿਆਰਥੀ ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਲ ਸਮਾਜ ਦਾ ਭਵਿੱਖ ਵੀ ਹੈ। ਉਸ ਨੇ ਹੀ ਵੱਡੇ ਹੋ ਕੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ। ਇਸ ਲਈ ਬੱਚੇ ਦੀ ਜੀਵਨ ਉਸਾਰੀ ਵਿਚ ਕਈ ਹੋਰਨਾਂ ਖਾਸ ਗੱਲਾਂ ਦੇ ਨਾਲ-ਨਾਲ ਬਾਲ ਸਾਹਿਤ ਦੀ ਬਹੁਤ ਭੂਮਿਕਾ ਹੈ। ਸਮਾਜ ਨੂੰ ਜਿੰਨੀ ਜ਼ਿਆਦਾ ਜ਼ਰੂਰਤ ਬਾਲ ਸਾਹਿਤ ਦੀ ਹੈ, ਉਨੀ ਹੀ ਇਸ ਦੇ ਉਲਟ ਭਾਵ ਬਾਲ ਸਾਹਿਤ ਸਾਹਿਤਕਾਰਾਂ ਦੀ ਗਿਣਤੀ ਬਹੁਤ ਘੱਟ ਹੈ। ਇਸੇ ਥੋੜ੍ਹੀ ਗਿਣਤੀ ’ਚ ਇਹ ਹੋਰ ਨਵਾਂ ਨਾਂ ਬਲਜਿੰਦਰ ਕੌਰ ਸ਼ੇਰਗਿੱਲ ਉਭਰਿਆ ਹੈ, ਜਿਸ ਨੇ ਬੱਚਿਆਂ ਲਈ ਪੁਸਤਕ ‘ਸੋਚ ਤੋਂ ਸੱਚ ਤੱਕ (ਬਾਲ ਕਾਵਿ-ਸੰਗ੍ਰਹਿ)’ ਲਿਖ ਕੇ ਬਾਲ ਸਾਹਿਤ ’ਚ ਆਪਣਾ ਯੋਗਦਾਨ ਪਾਇਆ ਹੈ। ਇਸ ਪੁਸਤਕ ਵਿਚ ਬੱਚਿਆਂ ਦੀਆਂ ਭਾਵਨਾਵਾਂ ਅਤੇ ਵਲਵਲਿਆਂ ਨੂੰ ਦਰਸਾਉਂਦੀਆਂ 26 ਬਾਲ ਕਵਿਤਾਵਾਂ ਹਨ। ਲਗਭਗ ਸਾਰੀਆਂ ਕਵਿਤਾਵਾਂ ਬੱਚਿਆਂ ਦੀਆਂ ਰੁਚੀਆਂ ਅਤੇ ਮਾਨਸਿਕ ਪੱਧਰ ਨੂੰ ਮੁੱਖ ਰੱਖ ਕੇ ਸੌਖੀ ਅਤੇ ਸਰਲ ਭਾਸ਼ਾ ਵਿਚ ਸਿਰਜੀਆਂ ਗਈਆਂ ਹਨ। ਸ਼ੇਰਗਿੱਲ ਨੇ ਪਹਿਲੀ ਕਵਿਤਾ ‘ਵਿਛੋੜਾ’ ਰਾਹੀਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਲਾਸੀਨੀ ਇਤਿਹਾਸ ਨੂੰ ਦਰਸਾਉਦਿਆਂ ਕੁੱਝ ਇਉਂ ਲਿਖਿਆ ਹੈ:-


“ਪੋਹ ਮਹੀਨਾ ਸੀਨੇ ਠੰਡ ਪਾਵੇ,
ਸਰਸਾ ਆਪਣਾ ਪ੍ਰਕੋਪ ਦਿਖਾਵੇ।
ਹੋਣੀ ਆ ਪਹੁੰਚੀ ਪਾਉਣ ਵਿਛੋੜੇ,
ਖੇਰੂੰ-ਖੇਰੂੰ ਕਰ ਪਈ ਮੁਸਕਰਾਵੇ।
ਕਾਲ਼ੀਆਂ ਘਟਾਵਾਂ ਬੱਦਲ਼ ਚੁਫੇਰੇ,
ਪੋਤਿਆਂ ਨੂੰ ਲਈ ਮਾਂ ਜੰਗਲਾਂ ’ਚ ਫਿਰੇ।
ਦਾਦੀ ਦਾਦੀ ਕਰਦੇ ਪੋਤੇ ਪੁੱਛਦੇ,
ਪਿਤਾ ਤੇ ਵੀਰੇ ਨਹੀਓਂ ਦਿੱਸਦੇ।
ਦਾਦੀ ਸੀਨੇ ਲਾ, ਬੱਚਿਆਂ ਨੂੰ ਆਖੇ,
ਪਿੱਛੇ-ਪਿੱਛੇ ਆਉਂਦੇ ਤੇਰੇ ਵੱਡੇ ਵੀਰੇ।“
ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਕਵਿਤਾ ‘ਦਾਦਾ ਪੋਤੀ’ ਦਾ ਆਨੰਦ ਮਾਣਦੇ ਹਾਂ:-
“ਦਾਦਾ ਪੋਤੀ ਨੂੰ ਲਾਡ ਲਡਾਵੇ,
ਪੋਤੀ ਵੀ ਦਾਦੇ ਕੋਲ ਭੱਜ-ਭੱਜ ਜਾਵੇ,
ਸਦਕੇ ਜਾਵਾਂ ਧੀ ਰਾਣੀਏ।
ਭੋਲੀ ਤੇਰੀ ਸੂਰਤ ਸੋਹਣੀ,
ਸਭਨਾਂ ਦੇ ਮਨ ਨੂੰ ਮੋਹਣੀ,
ਆ ਖੇਡਾਂ ਖੇਡੀਏ ਧੀ ਰਾਣੀਏ।“
ਪੰਜਾਬੀ ਰਹਿਤਲ ਦੀ ਪ੍ਰੰਪਰਾ ਦੇ ਆਮ ਜਨ-ਜੀਵਨ ਦੇ ਪ੍ਰਚੱਲਤ ਵਿਸ਼ਿਆਂ ’ਚੋਂ ਲਏ ਬਾਕੀ ਵੀ ਸਿਰਲੇਖ ‘ਕਿਤਾਬਾਂ’, ‘ਜੇ ਮੈਂ ਬੱਚਾ ਹੋਵਾਂ’, ‘ਤਿੱਤਲੀ’, ‘ਭੰਬੀਰੀ (ਫਿਰਕੀ)’, ‘ਪੰਜਾਬੀ ਮਾਂ-ਬੋਲੀ ਬੋਲ ਰਹੀ ਹਾਂ’, ‘ਸੂਰਜ ਉੱਠਦਾ ਦੇਰੀ ਨਾਲ’, ‘ਹੋਲੀ’, ‘ਮੋਟਰਸਾਈਕਲ’, ‘ਡੋਰ’, ‘ਅੱਖਰ’, ‘ਮੇਰੀ ਬੋਲੀ’, ‘ਮਾਂ ਦੀ ਮਮਤਾ’, ‘ਯੋਗਾ’, ‘ਨੈੱਟ ਬੰਦ’, ‘ਬੂਟਾ’, ‘ਪਿਆਸੇ ਪੰਛੀ’, ‘ਬਸੰਤ ਰੁੱਤ’, ‘ਮਿਲਾਵਟ’, ‘ਆਸ ਬਾਕੀ ਹੈ’, ‘ਪੜ੍ਹਾਈ’, ‘ਵੋਟ’, ‘ਬਸਤਾ’ ਅਤੇ ‘ਆਈ ਵਿਸਾਖੀ ਚੜ੍ਹਿਆ ਵੈਸਾਖ’ ਹੇਠ ਉਪਜੀਆਂ ਕਹਾਣੀਆਂ ਵੀ ਵਧੀਆ ਹਨ, ਜਿਨ੍ਹਾਂ ਦੇ ਸਿਰਲੇਖ ਪੜ੍ਹਨ ਉਪਰੰਤ ਹੀ ਪੂਰੀ ਲਿਖਤ ਨੂੰ ਪੜ੍ਹਨ ਦੀ ਉਤਸੁਕਤਾ ਪਾਠਕ ਦੇ ਅੰਦਰ ਆਪਣੇ ਆਪ ਪੈਦਾ ਹੋ ਜਾਂਦੀ ਹੈ। ਸੰਗ੍ਰਹਿ ਦੀ ਕਹਾਣੀ ‘ਸੋਚ ਤੋਂ ਸੱਚ ਤੱਕ’ ਨੂੰ ਵਧੀਆ ਕਹਾਣੀ ਮੰਨਦੇ ਹੋਏ ਲੇਖਿਕਾ ਨੇ ਪੁਸਤਕ ਦਾ ਸਿਰਲੇਖ ਵੀ ਦਿੱਤਾ ਹੈ:-
“ਬੱਚਿਓ! ਜੋ ਸੋਚ ਲਿਆ ਜ਼ਿੰਦਗੀ ’ਚ,
ਉਹ ਸੱਚ ਕਰ ਦਿਖਾਉਣਾ ਹੈ।
ਪੜ੍ਹ-ਲਿਖ ਕੇ ਇੱਕ ਦਿਨ ਤੁਸਾਂ,
ਭਾਰਤ ਦਾ ਨਾਂ ਚਮਕਾਉਣਾ ਹੈ।
ਕਰੋ ਪੜ੍ਹਾਈ ਮਨ ਲਗਾ ਕੇ,
ਗੁਰੂਆਂ (ਅਧਿਆਪਕਾਂ) ਦਾ ਮਾਣ ਵਧਾਉਣਾ ਹੈ।
ਵਿੱਦਿਆ ਦੇ ਸਾਗਰ ’ਚ ਮਾਰ ਚੁੱਭੀ,
ਜੀਵਨ ਨੂੰ ਸੌਖਾ ਤੇ ਸਹਿਜ ਬਣਾਉਣਾ ਹੈ।
ਇੱਜ਼ਤ ਤੇ ਈਮਾਨਦਾਰੀ ਦਾ,
ਗਹਿਣਾ ਸਦਾ ਹੀ ਪਾਉਣਾ ਹੈ।
ਭੀੜ ਪਏ ਜਦ ਦੇਸ਼ ਉਤੇ,
ਵੈਰੀ ਨੂੰ ਮਾਰ ਮੁਕਾਉਣਾ ਹੈ।
‘ਬਲਜਿੰਦਰ’’ ਆਖੇ ਗੱਲ ਇੱਕੋ ਬਚਿਓ!
ਸੋਚ ਤੋਂ ਸੱਚ ਤੱਕ ਦਾ ਸਫ਼ਰ ਚਲਾਉਣਾ ਹੈ।“
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਪੁਸਤਕ ਦੇ ਮੁੱਖ ਬੰਧ ’ਚ ਸਹੀ ਲਿਖਿਆ ਹੈ ਕਿ ਸਾਰੀਆਂ ਕਵਿਤਾਵਾਂ ਬੱਚਿਆਂ ਦੇ ਹਾਣ ਦੀਆਂ, ਉਨ੍ਹਾਂ ਦੀ ਮਨੋਵਿਗਿਆਨਿਕ ਰੁਚੀ ਅਤੇ ਚੰਗੇਰਾ ਪੜ੍ਹਨ ਲਈ ਪ੍ਰੇਰਣਾ ਵਾਸਤੇ ਬਹੁਤ ਹੀ ਦਿਲਚਸਪ ਹਨ। ਕਵਿਤਾਵਾਂ ਨੂੰ ਸਚਿੱਤਰ ਕਰਕੇ ਇਸ ਨੂੰ ਹੋਰ ਸੁੰਦਰ ਬਣਾਇਆ ਗਿਆ ਹੈ ਜੋ ਬੱਚਿਆਂ ਦੇ ਕੋਮਲ ਮਨਾਂ ਨੂੰ ਹੋਰ ਟੁੰਬਦੀਆਂ ਨਜ਼ਰ ਆਉਂਦੀਆਂ ਹਨ। ਛੋਟੇ ਬਾਲ-ਨਿਆਣਿਆਂ ਲਈ ਇਹ ਬਾਲ ਪੁਸਤਕ ਬਹੁਤ ਹੀ ਮਨਭਾਉਂਦੀ ਸਾਬਤ ਹੋਵੇਗੀ।
ਲੇਖਿਕਾ ਨੇ ਇਹ ਕਿਤਾਬ ਉਨ੍ਹਾਂ ਬੱਚਿਆਂ ਨੂੰ ਸਮਰਪਿਤ ਕੀਤੀ ਹੈ, ਜਿਹੜੇ ਬੱਚੇ ਕਿਤਾਬਾਂ ਨੂੰ ਦੋਸਤ ਨਹੀਂ, ਦੋਸਤੀ ਦਾ ਸੰਸਾਰ ਸਮਝਦੇ ਹਨ। ਪੁਸਤਕ ਦਾ ਮੁੱਲ ਵੀ 125 ਰੁਪਏ ਵਾਜਿਬ ਹੈ। ਇਹ ਪੁਸਤਕ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣੀ ਚਾਹੀਦੀ ਹੈ। ਪੁਸਤਕ ਦੇ ਪ੍ਰਕਾਸ਼ਨ ਦੇ ਉਪਰਾਲੇ ਲਈ ਕਹਾਣੀਕਾਰਾ ਵਧਾਈ ਦੀ ਹੱਕਦਾਰ ਹੈ, ਜਿਸਨੇ ਆਪਣੀ ਰੋਜ਼-ਮਰ੍ਹਾ ਦੀ ਜਿੰਦਗੀ ’ਚੋਂ ਸਮਾਂ ਕੱਢ ਕੇ ਅਤੇ ਆਪਣੇ ਪੱਲਿਓਂ ਖਰਚਾ ਕਰਕੇ ਪੰਜਾਬੀ ਸਾਹਿਤ ਜਗਤ ਦੀ ਨਿਸ਼ਕਾਮ ਸੇਵਾ ਕੀਤੀ ਹੈ। ਮੈਂ ਪਾਠਕ, ਲੇਖਕ ਅਤੇ ਆਲੋਚਕ ਹੋਣ ਦੇ ਨਾਤੇ ਇਸ ਬਾਲ ਸਾਹਿਤ ਪੁਸਤਕ ਦਾ ਪੰਜਾਬੀ ਸਾਹਿਤ ਜਗਤ’ਚ ਭਰਪੂਰ ਸਵਾਗਤ ਕਰਦਾ ਹਾਂ।
ਪੁਸਤਕ : ਸੋਚ ਤੋਂ ਸੱਚ ਤੱਕ (ਬਾਲ ਕਾਵਿ-ਸੰਗ੍ਰਹਿ)
ਲੇਖਿਕਾ: ਬਲਜਿੰਦਰ ਕੌਰ ਸ਼ੇਰਗਿੱਲ
ਪੰਨੇ: 36, ਮੁੱਲ:125ਰੁਪਏ
ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਜਸਵਿੰਦਰ ਸਿੰਘ ਕਾਈਨੌਰ

