Breaking
www.sursaanjh.com > ਚੰਡੀਗੜ੍ਹ/ਹਰਿਆਣਾ > ਲਓ ਜੀ ਇਕ ਹੋਰ ਬੈਂਕ ਮੈਨੇਜਰ ਨੇ ਕਰਤਾ ਕਾਂਡ

ਲਓ ਜੀ ਇਕ ਹੋਰ ਬੈਂਕ ਮੈਨੇਜਰ ਨੇ ਕਰਤਾ ਕਾਂਡ

ਲਓ ਜੀ ਇਕ ਹੋਰ ਬੈਂਕ ਮੈਨੇਜਰ ਨੇ ਕਰਤਾ ਕਾਂਡ
ਚੰਡੀਗੜ੍ਹ  8 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਅਧੀਨ ਕੋਆਪ੍ਰੇਟਿਵ ਬੈਕ ਸਿਆਲਬਾ ਦੀ ਸ਼ਾਖਾ ਵਿੱਚ ਏਥੋਂ ਦੇ ਖਾਤਾ ਧਾਰਕਾਂ ਨਾਲ ਬੈਂਕ ਦੇ ਪੁਰਾਣੇ ਮੈਨੇਜਰ ਵੱਲੋਂ ਕਰੋੜਾਂ ਰੁਪਏ ਦਾ ਘਪਲਾ ਜੱਗ ਜ਼ਾਹਿਰ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਖਾਤਾ ਧਾਰਕ ਜਦੋਂ ਬੀਤੇ ਦਿਨੀਂ ਸਿਆਲਬਾ ਕੋਆਪਰੇਟਿਵ ਬੈਂਕ ਦੀ ਸ਼ਾਖਾ ਵਿੱਚ ਆਪਣੇ ਪੈਸੇ ਕਢਵਾਉਣ ਲਈ ਪਹੁੰਚੇ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋ ਲੱਖਾਂ ਰੁਪਏ ਗਾਇਬ ਹੋ ਗਏ ਹਨ, ਜਿਸ ਸੰਬੰਧੀ ਉਨ੍ਹਾਂ ਬੈਂਕ ਦੇ ਮੌਜੂਦਾ ਮੈਨੇਜਰ ਨਾਲ਼ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਪੁਰਾਣੇ ਬੈਂਕ ਮੈਨੇਜਰ ਜਸਵੀਰ ਸਿੰਘ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚੋ ਪੈਸੇ ਗ਼ਾਇਬ ਕਰਕੇ ਘਪਲਾ ਕੀਤਾ ਗਿਆ ਹੈ।
ਮੌਕੇ ‘ਤੇ ਮੌਜੂਦ ਜਗਦੀਸ਼ ਸਿੰਘ ਪਿੰਡ ਕਾਦੀ ਮਾਜਰਾ ਨੇ ਦੱਸਿਆ ਕਿ ਇਹ ਬੈਕ ਬਹੁਤ ਪੁਰਾਣਾ ਹੈ ਤੇ ਆਸ ਪਾਸ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦੇ ਖਾਤੇ ਇਸ ਬੈਂਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ ਸੰਨ 1996 ਵਿੱਚ ਇਸ ਬੈਂਕ ਵਿੱਚ ਖਾਤਾ ਖੁਲਵਾਇਆ ਸੀ। ਇਸ ਬੈਂਕ ਦਾ ਪੁਰਾਣਾ ਮੈਨੇਜਰ ਜੋ ਪਹਿਲਾਂ ਇਸੇ ਬੈਂਕ ਵਿੱਚ ਚਪੜਾਸੀ ਵਜੋਂ ਕੰਮ ਕਰਦਾ ਸੀ ਤੇ ਤਰੱਕੀ ਮਿਲਣ ਉਪਰੰਤ ਇਸੇ ਬੈਂਕ ਵਿੱਚ ਮੈਨੇਜਰ ਵਜੋਂ ਤਾਇਨਾਤ ਸੀ। ਉਸ ਨੇ ਲੋਕਾਂ ਵਿੱਚ ਆਪਣੀ ਚੰਗੀ ਸ਼ਖ਼ਸੀਅਤ ਕਾਇਮ ਰੱਖੀ ਹੋਈ ਸੀ, ਜਿਸ ਦਾ ਉਹ ਨਜਾਇਜ਼ ਲਾਭ ਉਠਾ ਗਿਆ ਅਤੇ ਉਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਲੋਕਾਂ ਨੂੰ ਲੱਖਾਂ ਤੇ ਕਿਸੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਗਿਆ ਹੈ।
ਇਸ ਬੈਂਕ ਤੋਂ ਬਦਲੀ ਹੋਣ ਉਪਰੰਤ ਉਹ ਜਿਸ ਦੂਜੀ ਸ਼ਾਖਾ ਵਿੱਚ ਗਿਆ ਸੀ, ਓਥੇ ਵੀ ਕਿਸੇ ਔਰਤ ਨਾਲ ਪੰਦਰਾਂ ਲੱਖ ਰੁਪਏ ਦੀ ਠੱਗੀ ਮਾਰਨ ਤੇ ਉਸ ਨੂੰ ਸਸਪੈਂਡ ਕੀਤਾ ਗਿਆ ਸੀ। ਮੌਜੂਦ ਲੋਕਾਂ ਵਿੱਚੋਂ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 8 ਲੱਖ ਰੁਪਏ, ਮੇਜ਼ਰ ਸਿੰਘ ਦੇ 15 ਲੱਖ ਰੁਪਏ, ਗਿਆਨ ਸਿੰਘ ਮਾਜਰਾ ਦਾ 20 ਤੋਂ 24 ਲੱਖ, ਇਨ੍ਹਾਂ ਤੋਂ ਇਲਾਵਾ ਇੱਕ ਵਿਅਕਤੀ ਚਰਨਜੀਤ ਸਿੰਘ ਮਾਣਕਪੁਰ ਸ਼ਰੀਫ਼ ਦਾ ਡੇਢ਼ ਕਰੋੜ ਰੁਪਏ ਬੈਂਕ ਖਾਤਿਆਂ ਵਿੱਚੋ ਗ਼ਾਇਬ ਹੋਏ ਹਨ।  ਇਸ ਤੋਂ ਇਲਾਵਾ ਬੂਥਗੜ੍ਹ, ਮੀਆਂਪੁਰ ਅਤੇ ਕੁਝ ਹੋਰ ਪਿੰਡਾਂ ਦੇ ਲੋਕਾਂ ਦੇ ਰੁਪਇਆਂ ਦੀ ਗਿਣਤੀ ਜੋੜੀ ਜਾਵੇ ਤਾਂ ਤਕਰੀਬਨ 4 ਕਰੋੜ ਰੁਪਏ ਦੀ ਰਾਸ਼ੀ ਦਾ ਗ਼ਬਨ ਬੈਂਕ ਖਾਤਿਆਂ ਵਿੱਚੋ ਕੀਤਾ ਗਿਆ ਹੈ।
ਇਥੇ ਪਹੁੰਚੇ ਕੁਝ ਲੋਕਾਂ ਵੱਲੋਂ ਲਿਖ਼ਤੀ ਦਰਖ਼ਾਸਤ ਬੈਂਕ ਦੇ ਉਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ। ਇਸ ਸਬੰਧੀ ਜਾਂਚ ਕਰਨ ਪਹੁੰਚੇ ਬਲਾਕ ਮਾਜਰੀ ਥਾਣਾ ਦੇ ਮੁੱਖ ਅਫਸਰ ਸ੍ਰੀ ਸੁਨੀਲ ਸ਼ਰਮਾ ਨੇ ਕਿਹਾ ਕਿ ਬੈਂਕ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਕੇਸ ਸਬੰਧੀ ਇੱਕ ਫਾਰਮਲ ਸ਼ਿਕਾਇਤ ਐੱਸਐੱਸਪੀ ਐੱਸਏਐੱਸ ਨਗਰ ਮੋਹਾਲੀ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੈਂਕ ਦੁਆਰਾ ਵੀ ਸ਼ਿਕਾਇਤ ਦਿੱਤੀ ਗਈ ਹੈ। ਇਸ ਲਈ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *