ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਦਰਦਨਾਕ ਹਾਦਸੇ ਵਿੱਚ ਮੌਤ ‘ਤੇ ਵੱਖ ਵੱਖ ਸੰਸਥਾਵਾਂ ਵੱਲੋਂ ਗਹਿਰੇ ਸ਼ੋਕ ਦਾ ਪ੍ਰਗਟਾਵਾ, ਅੱਜ ਸ਼ਾਮੀਂ 4.00 ਵਜੇ, ਨੇੜੇ ਨਿੱਝਰ ਚੌਕ, ਛੱਜੂ ਮਾਜਰਾ ਰੋਡ, ਮੁੰਡੀ ਖਰੜ ਦੇ ਸਮਸ਼ਾਨਘਾਟ ਵਿਖੇ ਹੋਵੇਗਾ ਸਸਕਾਰ – ਇੰਦਰਜੀਤ ਪ੍ਰੇਮੀ
ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਇੱਕ ਦਰਦਨਾਕ ਹਾਦਸੇ ਵਿੱਚ ਮੌਤ
ਪੰਜਾਬ ਸਿਵਲ ਸਕੱਤਰੇਤ ਤੋਂ ਸੇਵਾ-ਮੁਕਤ ਸੁਪਰਡੰਟ ਸਨ, ਅਜਮੇਰ ਸਾਗਰ
ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਵੀ ਰਹੇ ਹਨ, ਅਜਮੇਰ ਸਾਗਰ – ਸੁਰਜੀਤ ਸੁਮਨ


ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ:
ਖਰੜ ਏਅਰਪੋਰਟ ਰੋਡ ‘ਤੇ ਸੰਨੀ ਐਨਕਲੇਵ ਵਿਖੇ ਲੰਘੀ ਰਾਤ ਹੋਏ ਭਿਆਨਕ ਹਾਦਸੇ ਵਿੱਚ ਖਰੜ ਨਿਵਾਸੀ ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਹੋਰ ਰਾਹਗੀਰਾਂ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਸੁਰ ਸਾਂਝ ਕਲਾ ਮੰਚ ਦੇ ਪ੍ਰਧਾਨ ਸੁਰਜੀਤ ਸੁਮਨ, ਇੰਦਰਜੀਤ ਪ੍ਰੇਮੀ, ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਸਾਹਿਤਕ ਮੰਚ ਖਰੜ ਦੇ ਪ੍ਰਧਾਨ ਤਰਸੇਮ ਬਸ਼ਰ, ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ, ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਕਾਈਨੌਰ ਤੇ ਪਿਆਰਾ ਸਿੰਘ ਰਾਹੀ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਮਨਮੋਹਨ ਸਿੰਘ ਦਾਊਂ ਤੇ ਕਵੀ ਮੰਚ ਮੋਹਾਲ਼ੀ ਦੇ ਵਿੱਤ ਸਕੱਤਰ ਧਿਆਨ ਸਿੰਘ ਕਾਹਲ਼ੋਂ, ਜਗਦੀਪ ਸਿੱਧੂ, ਗੁਰਮੀਤ ਸਿੰਘ ਸਿੰਗਲ, ਹਰਨੇਕ ਸਿੰਘ ਕਲੇਰ, ਸਰੂਪ ਸਿਆਲ਼ਵੀ, ਜਸਵੀਰ ਮਹਿਰਾ, ਸਤਨਾਮ ਸਿੰਘ ਸ਼ੋਕਰ, ਜਸਬੀਰ ਝੱਜ, ਭਗਤ ਰਾਮ ਰੰਘਾੜਾ, ਬਲਵਿੰਦਰ ਸਿੰਘ ਰਾਜ਼, ਪੱਤਰਕਾਰ ਅਵਤਾਰ ਨਗਲ਼ੀਆ, ਜਸਪ੍ਰੀਤ ਰੰਧਾਵਾ, ਪਰਮਦੀਪ ਸਿੰਘ ਭਬਾਤ ਅਤੇ ਹੋਰ ਸ਼ਖਸੀਅਤਾਂ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਸ੍ਰੀ ਅਜਮੇਰ ਸਾਗਰ ਦੀ ਇਸ ਅਣਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਸਿਵਲ ਸਕੱਤਰੇਤ ਤੋਂ ਉਹ ਬਤੌਰ ਸੁਪਰਡੰਟ ਸੇਵਾ ਮੁਕਤ ਹੋਏ, ਜਦਕਿ ਪਟਿਆਲ਼ਾ ਵਿਖੇ ਖੇਤੀਬਾੜੀ ਵਿਭਾਗ ਵਿੱਚ ਬਤੌਰ ਕਲਰਕ ਉਨ੍ਹਾਂ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ। ਵਰਨਣਯੋਗ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਦੇ ਮਹੱਤਵਪੂਰਨ ਦਰਜਨ ਤੋਂ ਵੀ ਜ਼ਿਆਦਾ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਅਜਮੇਰ ਸਾਗਰ ਨੂੰ ਗ਼ਜ਼ਲ ਲਿਖਣ ਵਿੱਚ ਮੁਹਾਰਤ ਹਾਸਲ ਸੀ। ਸੂਰਜ ਵਾਲ਼ੀ ਰਾਤ ਉਸ ਦਾ ਗ਼ਜ਼ਲ ਸੰਗ੍ਰਹਿ 2011 ਵਿੱਚ ਛਪਿਆ। ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਕਲਮਾਂ ਦੀ ਖੁਸ਼ਬੋ ਕਾਵਿ ਸੰਗ੍ਰਹਿ ਦੀ ਸੰਪਾਦਨਾ ਕੀਤੀ। ਅੱਜ ਕੱਲ੍ਹ ਉਹ ਮੁੰਡੀ ਖਰੜ ਵਿਖੇ ਰਹਿ ਰਹੇ ਸਨ, ਜਦਕਿ ਉਨ੍ਹਾਂ ਦਾ ਵੱਡਾ ਬੇਟਾ ਸੰਨੀ ਐਨਕਲੇਵ ਦੇ 123 ਸੈਕਟਰ ਵਿੱਚ ਰਹਿੰਦਾ ਸੀ। ਇਸ ਹਾਦਸੇ ਦੀ ਲਪੇਟ ਵਿੱਚ ਆਉਣ ਤੋਂ ਪਹਿਲਾਂ ਉਹ ਸੰਨੀ ਐਨਕਲੇਵ ਤੋਂ ਆਪਣੇ ਮੁੰਡੀ ਖਰੜ ਵਿਚਲੇ ਘਰ ਨੂੰ ਜਾ ਰਹੇ ਸਨ। ਉਨ੍ਹਾਂ ਦਾ ਇੱਕ ਸ਼ੇਅਰ ਹੈ; ”ਸਾਗਰ ਦੇ ਹੱਥ ਮਿਹਨਤ ਹੈ, ਪਰ ਐ ਦਾਤਾ/ ਜੀਵਨ ਦੀ ਹਰ ਦਾਤ ਤੇਰਿਆਂ ਹੱਥਾਂ ਵਿੱਚ।”

