Breaking
www.sursaanjh.com > ਸਿੱਖਿਆ > ਚੰਡੀਗੜ੍ਹ ਦੇ ਨਾਲ ਵਸਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ

ਚੰਡੀਗੜ੍ਹ ਦੇ ਨਾਲ ਵਸਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ

ਚੰਡੀਗੜ੍ਹ ਦੇ ਨਾਲ ਵਸਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ
ਚੰਡੀਗੜ੍ਹ  11 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨੇੜੇ ਵਸਦੇ ਕੰਢੀ ਏਰੀਏ ਦੇ ਤਕਰੀਬਨ ਪੰਜ ਪਿੰਡਾਂ ਦੀਆ ਪੰਚਾਇਤਾਂ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਬਘਿੰਡੀ, ਕਰੋਦੇਂਵਾਲਾ ਅਤੇ ਕਸੌਲੀ ਦੇ ਵਸਨੀਕਾਂ ਨੇ ਦੱਸਿਆ ਕਿ ਸਾਡੇ ਕੰਡੀ ਏਰੀਆ ਦੇ ਤਕਰੀਬਨ ਪੰਜ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਆਪਣੇ ਪਿੰਡ ਵਿੱਚ ਇਕੱਠ ਕੀਤਾ ਗਿਆ ਸੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਦਾ ਪਿੰਡਾਂ ਵਿੱਚ ਬਾਈਕਾਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਬਾਈਕਾਟ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਰਕਾਰ ਵੱਲੋਂ ਹੱਦਬਸਤ ਨੰ 343 ਦੀ ਮਲਕੀਅਤ ਜ਼ਮੀਨ ਦਾ ਇੰਤਕਾਲ ਨੰਬਰ 2026 ਬਹਾਲ ਕੀਤਾ ਜਾਵੇ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਰਕਾਰ ਨੇ ਇਸ ਜ਼ਮੀਨ ਦਾ ਇੰਤਕਾਲ ਪੰਚਾਇਤਾਂ ਦੇ ਨਾਂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਾਡੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦਾ ਕੋਈ ਨਾਂ ਵੀ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਹ ਸ਼ਾਮਲਾਤ ਜ਼ਮੀਨਾਂ ਤੋਂ ਇਲਾਵਾ ਸਾਡੀਆਂ ਖੇਵਟ ਜ਼ਮੀਨਾਂ ਦਾ ਮਾਲਕਾਨਾ ਹੱਕ ਸਾਥੋਂ ਖੋਹ ਲਿਆ ਹੈ। ਪੁਰਖਿਆਂ ਦੇ ਸਮੇਂ ਤੋਂ ਵਾਹੁੰਦੇ ਆ ਰਹੀਆਂ ਜ਼ਮੀਨਾਂ ਤੇ ਹੁਣ ਅਸੀਂ ਖੇਤੀ ਵੀ ਕਰਨ ਦੇ ਕਾਬਲ ਨਹੀਂ ਛੱਡੇ ਗਏ। ਇੱਕ ਤਰ੍ਹਾਂ ਸਾਡਾ ਰੋਜ਼ੀ ਰੋਟੀ ਕਮਾਉਣ ਦਾ ਇੱਕੋ ਇੱਕ ਸਾਧਨ ਮਾਤਰ ਇਹ ਜ਼ਮੀਨ ਸੀ, ਜਿਸ ਨੂੰ ਸਾਥੋਂ ਖੋਹ ਲਿਆ ਗਿਆ ਹੈ।
ਇਸ ਤੋਂ ਇਲਾਵਾ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ, ਕਿਸੇ ਇੱਕ ਅੱਧ ਚੰਗੇ ਲੀਡਰ ਨੇ ਕੁਝ ਨਾ ਕੁਝ ਸੜਕਾਂ ਤੇ ਪੁਲਾਂ ਦਾ ਸੁਧਾਰ ਕੀਤਾ ਹੈ। ਪਰ ਜਿਸ ਤਰ੍ਹਾਂ ਇਹ ਸਾਰੇ ਪਿੰਡ ਚੰਡੀਗੜ੍ਹ ਜਿਹੇ ਸ਼ਹਿਰ ਦੇ ਨੇੜੇ ਸਨ, ਉਸ ਤਰ੍ਹਾਂ ਦਾ ਵਿਕਾਸ ਕਾਰਜ ਕਦੇ ਵੀ ਨਹੀਂ ਹੋਇਆ। ਜਿਨ੍ਹਾਂ ਪੁਲਾਂ ਦਾ ਬਣਨਾ ਜ਼ਿਆਦਾ ਜ਼ਰੂਰੀ ਹੈ, ਉਹ ਪੁੱਲ ਨਹੀਂ ਬਣੇ। ਅੱਜ ਵੀ ਸਾਡੇ ਬੱਚੇ ਬਰਸਾਤ ਦੇ ਮੌਸਮ ਵਿੱਚ ਸਕੂਲ ਜਾਣ ਤੋਂ ਡਰਦੇ ਹਨ ਜਾਂ ਫਿਰ ਜਿਹੜੇ ਜਾਂਦੇ ਹਨ, ਉਨ੍ਹਾਂ ਨੂੰ ਬਰਸਾਤੀ ਮੌਸਮ ਵਿਚ ਦੂਜੇ ਪਿੰਡ ਵਿੱਚ ਰਾਤ ਭਰ ਵੀ ਰਹਿਣਾ ਪੈਂਦਾ ਹੈ। ਇਸ ਤੋਂ ਇਲਾਵਾ ਸੜਕਾਂ ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ। ਜੇਕਰ ਕੋਈ ਰਿਟਾਇਰਡ ਅਫਸਰ ਜਾਂ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲਾ ਇਸ ਇਲਾਕੇ ਵਿੱਚ ਫ਼ਾਰਮ ਹਾਊਸ ਬਣਾ ਲੈਂਦਾ ਹੈ, ਤਾਂ ਉਸ ਦੇ ਫ਼ਾਰਮ ਹਾਊਸ ਤੱਕ ਵਿਸ਼ੇਸ਼ ਤੌਰ ਤੇ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ।
ਸਿਹਤ ਸਹੂਲਤਾਂ ਪੱਖੋਂ ਤਾਂ ਇਹ ਇਲਾਕਾ ਬਿਲਕੁਲ ਹੀ ਪਛੜਿਆ ਹੋਇਆ ਹੈ। ਕੋਈ ਹਸਪਤਾਲ ਜਾਂ ਡਿਸਪੈਂਸਰੀ ਨਹੀਂ ਹੈ। ਸ਼ਹਿਰਾਂ ਕਸਬਿਆਂ ਵਿੱਚ ਇੱਕ ਇੱਕ ਥਾਂ ਤੇ ਦਸ ਦਸ ਮੋਬਾਈਲ ਟਾਵਰ ਲੱਗੇ ਹੋਏ ਹਨ, ਪਰ ਇਨ੍ਹਾਂ ਇਲਾਕਿਆਂ ਵਿੱਚ ਨੈਟਵਰਕ ਦੀ ਵੀ ਦਿੱਕਤ ਪੇਸ਼ ਆ ਰਹੀ ਹੈ। ਹੁਣ ਵੋਟਾਂ ਵੇਲੇ ਲੀਡਰਾਂ ਨੂੰ ਸਾਡੇ ਕੰਢੀ ਏਰੀਏ ਦੇ ਪਿੰਡ ਦਿੱਸਣ ਲੱਗ ਜਾਂਦੇ ਹਨ। ਸਾਡੀ ਵੋਟ ਲੈਣ ਲਈ ਸਾਡੇ ਦਰ ਤੱਕ ਪਹੁੰਚ ਕਰਦੇ ਹਨ। ਸਾਡੀ ਵੋਟ ਦੀ ਵਰਤੋਂ ਨਾਲ ਇਹ ਲੀਡਰ ਬਣਦੇ ਹਨ ਤੇ ਜਿੱਤਣ ਤੋਂ ਬਾਅਦ ਕਦੇ ਸ਼ਕਲ ਵੀ ਨਹੀਂ ਦਿਖਾਉਂਦੇ। ਇਨ੍ਹਾਂ ਲੀਡਰਾਂ ਨੂੰ ਸਾਡੀ ਵੋਟ ਦੀ ਅਹਿਮੀਅਤ ਦਾ ਪਤਾ ਲੱਗੇ, ਇਸ ਲਈ ਸਾਡੇ ਪੰਜਾਬ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡਾਂ ਨੇ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੈ।

Leave a Reply

Your email address will not be published. Required fields are marked *