www.sursaanjh.com > ਚੰਡੀਗੜ੍ਹ/ਹਰਿਆਣਾ > ਚੰਨੀ ਵਰਗਾ ਦਿਲ ਰੱਖਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ

ਚੰਨੀ ਵਰਗਾ ਦਿਲ ਰੱਖਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ

ਚੰਨੀ ਵਰਗਾ ਦਿਲ ਰੱਖਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ
ਚੰਡੀਗੜ੍ਹ 14 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਤੇ ਕਾਂਗਰਸ ਦੇ ਸਿਰਕੱਢ ਆਗੂ ਸਰਦਾਰ ਚਰਨਜੀਤ ਸਿੰਘ ਚੰਨੀ ਵੈਸੇ ਹੀ ਆਪਣੇ ਆਪ ਵਿੱਚ ਇੱਕ ਵੱਡਾ ਨਾਮ ਹੈ। ਚਰਨਜੀਤ ਸਿੰਘ ਚੰਨੀ ਗਰਾਊਂਡ ਲੈਵਲ ਦੀ ਰਾਜਨੀਤੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਅਹੁਦੇ ‘ਤੇ ਪਹੁੰਚੇ ਸਨ। ਬੇਸ਼ੱਕ ਪਾਰਟੀ ਅੰਦਰ ਅਤੇ ਵਿਰੋਧੀ ਧਿਰਾਂ ਵੱਲੋਂ ਹਮੇਸ਼ਾ ਸਰਦਾਰ ਚੰਨੀ ਦਾ ਮਜ਼ਾਕ ਉਡਾਇਆ ਗਿਆ ਅਤੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਪਰ ਚੰਨੀ ਵਰਗਾ ਜਿਗਰਾ ਹਰ ਇੱਕ ਕੋਲ ਨਹੀਂ ਹੁੰਦਾ, ਕਿਉਂਕਿ ਚੰਨੀ ਨੂੰ ਬੇਸ਼ੱਕ ਕੋਈ ਕੁਝ ਵੀ ਬੋਲੇ ਪਰ ਚੰਨੀ ਛੇਤੀ ਛੇਤੀ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਦੇ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਅੱਜ ਕੁਰਾਲੀ ਵਿਖੇ ਉਸ ਸਮੇਂ ਸਾਹਮਣੇ ਆਇਆ, ਜਦੋਂ ਉਹ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਚੋਣ ਮੀਟਿੰਗ ਵਿੱਚ ਪਹੁੰਚੇ ਸਨ। ਇਹ ਪ੍ਰੋਗਰਾਮ ਗੁਰ ਪ੍ਰਤਾਪ ਸਿੰਘ ਪਡਿਆਲਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਪੱਤਰਕਾਰ ਪਹੁੰਚੇ ਸਨ।
ਇੱਥੇ ਦੱਸ ਦਈਏ ਕਿ ਬੀਤੇ ਦਿਨ ਕਾਂਗਰਸ ਤੋਂ ਨਰਾਜ਼ ਹੋ ਕੇ ਗਏ ਜਗਮੋਹਨ ਸਿੰਘ ਕੰਗ ਮੁੜ ਕਾਂਗਰਸ ਵਿੱਚ ਆ ਗਏ ਹਨ। ਉਹਨਾਂ ਕਾਂਗਰਸ ਛੱਡਣ ਉਪਰੰਤ ਸਰਦਾਰ ਚੰਨੀ ਵਿਰੁੱਧ ਅੱਤ ਦਰਜੇ ਦੀ ਘਟੀਆ ਬਿਆਨਬਾਜੀ ਕੀਤੀ ਸੀ ਅਤੇ ਕੰਗ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰਦੇ ਹੋਏ ਸਰਦਾਰ ਚੰਨੀ ਨੂੰ ਉਹ ਗੱਲਾਂ ਬੋਲੀਆਂ ਸਨ, ਜੋ ਆਮ ਰਾਜਨੀਤਿਕ ਆਗੂ ਸੋਚ ਵੀ ਨਹੀਂ ਸਕਦਾ ਕਿਉਂਕਿ ਸਰਦਾਰ ਕੰਗ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਚੰਨੀ ਦੇ ਕਰੀਬੀ ਰਹੇ ਮੋਰਿੰਡਾ ਸ਼ਹਿਰ ਦੇ ਵਾਸੀ ਵਿਜੇ ਸ਼ਰਮਾ ਟਿੰਕੂ ਨੂੰ ਖਰੜ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਸੀ, ਜਦਕਿ ਕੰਗ ਆਪਣੇ ਆਪ ਨੂੰ ਵੱਡਾ ਆਗੂ ਕਹਾਉਂਦੇ ਸਨ ਅਤੇ ਆਪਣੇ ਪਰਿਵਾਰ ਲਈ ਟਿਕਟ ਮੰਗਦੇ ਸਨ। ਇਸੇ ਗੱਲ ਤੋਂ ਖਫਾ ਹੋ ਕੇ ਉਹਨਾਂ ਕਾਂਗਰਸ ਨੂੰ ਬਾਏ ਬਾਏ ਕਰਦਿਆਂ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ ਸੀ। ਜਲਦੀ ਹੀ ਉਹਨਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਵੀ ਭੰਗ ਹੋ ਗਿਆ ਅਤੇ ਉਹਨਾਂ ਬੀਤੇ ਦਿਨੀ ਦਿੱਲੀ ਵਿੱਚ ਜਾ ਕੇ ਕਾਂਗਰਸ ਮੂੜ ਜੁਆਇਨ ਕਰ ਲਈ।
ਇਸੇ ਨੂੰ ਲੈ ਕੇ ਪੱਤਰਕਾਰਾਂ ਨੇ ਚੰਨੀ ਨਾਲ ਗੱਲ ਕੀਤੀ ਕਿ ਜਗਮੋਹਨ ਸਿੰਘ ਕੰਗ ਪਾਰਟੀ ਵਿੱਚ ਵਾਪਸ ਆ ਗਏ ਹਨ ਅਤੇ ਤੁਹਾਡੇ ਪ੍ਰਤੀ ਬਹੁਤ ਗਲਤ ਬਿਆਨਬਾਜੀ ਕੀਤੀ ਸੀ, ਤਾਂ ਸਰਦਾਰ ਚੰਨੀ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਕਾਂਗਰਸ ਪਾਰਟੀ ਤਾਂ ਇੱਕ ਸਮੁੰਦਰ ਹੈ ਅਤੇ ਜੇਕਰ ਕੰਗ ਨੇ ਮੇਰੇ ਬਾਰੇ ਕੁਝ ਬੋਲਿਆ ਤਾਂ ਕੰਗ ਦੀ ਆਪਣੀ ਸਮਝਦਾਰੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਦਾਰ ਚੰਨੀ ਬਹੁਤ ਹੀ ਵੱਡੇ ਦਰਿਆ ਦਿਲ ਆਗੂ ਹਨ ਅਤੇ ਇਸ ਗੱਲ ਨੇ ਉਥੇ ਹਾਜ਼ਰ ਲੋਕਾਂ ਦਾ ਦਿਲ ਜਿੱਤ ਲਿਆ ਤੇ ਸੋਸ਼ਲ ਮੀਡੀਆ ਤੇ ਸਰਦਾਰ ਚੰਨੀ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਇਹ ਸੱਚ ਹੀ ਸਿਆਸੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਕੁਰਸੀ ਤੁਹਾਡੇ ਕੋਲ ਸਦਾ ਨਹੀਂ ਰਹਿੰਦੀ ਕਿਉਂਕਿ ਕਦੇ ਨਾ ਕਦੇ ਤੁਸੀਂ ਵੀ ਲੋਕਾਂ ਵਿੱਚ ਵਿਚਰਨਾ ਹੈ ਅਤੇ ਕਦੇ ਪਤਾ ਨਹੀਂ ਲੱਗਦਾ ਕਦੋਂ ਤਖਤਾ ਪਲਟ ਜਾਵੇ।

Leave a Reply

Your email address will not be published. Required fields are marked *