ਵਾਹ ਜੀ ਵਾਹ ਮਾਲ ਹੁੰਦਾ ਲੱਖਾਂ ਦਾ ਜੁਰਮਾਨੇ ਹੁੰਦੇ ਹਜ਼ਾਰਾਂ ਵਿੱਚ
ਚੰਡੀਗੜ੍ਹ 16 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਦਾ ਇਲਾਕਾ, ਜੋ ਚੰਡੀਗੜ੍ਹ ਦੀ ਕੁੱਖ ਵਿੱਚ ਵੱਸਦਾ ਹੈ ਅਤੇ ਇੱਥੇ ਖੂਬਸੂਰਤ ਜੰਗਲ ਹੈ ਜੋ ਆਪਣੀ ਖੂਬਸੂਰਤੀ ਆਪ ਬਿਆਨ ਕਰਦੇ ਹਨ। ਇਸ ਜੰਗਲ ਨੂੰ ਬਹੁਤ ਲੋਕ ਖਾ ਰਹੇ ਹਨ, ਕਿਉਂਕਿ ਜੇ ਸਾਰੇ ਨਹੀਂ ਤਾਂ ਬਹੁਤੇ ਅਫਸਰਾਂ ਦੀ ਬਦੌਲਤ ਇਸ ਜੰਗਲ ਵਿੱਚੋਂ ਗਲਤ ਤਰੀਕੇ ਨਾਲ ਖੈਰ ਦੀ ਲੱਕੜ ਵੱਢੀ ਜਾਂਦੀ ਹੈ। ਜੇਕਰ ਸਿਸਵਾਂ ਰੇਂਜ ਦੀ ਗੱਲ ਕਰੀਏ, ਤਾਂ ਇੱਥੇ ਵੀ ਸਭ ਕੁਝ ਅੱਛਾ ਨਹੀਂ ਹੈ।


ਦੱਸ ਦਈਏ ਕਿ ਕਾਂਗਰਸ ਸਰਕਾਰ ਵੇਲੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਅਤੇ ਡੀਐਫਓ ਰਹੇ ਗੁਰ ਅਮਰਪ੍ਰੀਤ ਸਿੰਘ ਭਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਬੇਸ਼ੱਕ ਜੰਗਲਾਤ ਅਧਿਕਾਰੀ ਜੰਗਲ ਨੂੰ ਬਚਾਉਣ ਦੀਆਂ ਜ਼ਰੂਰ ਗੱਲਾਂ ਕਰਦੇ ਹੋਣ, ਪਰ ਗਰਾਊਂਡ ਲੈਵਲ ਤੇ ਹਕੀਕਤ ਕੁਝ ਹੋਰ ਹੀ ਹੈ।
ਬੀਤੇ ਦਿਨ ਵੀ ਬਲਾਕ ਮਾਜਰੀ ਦੇ ਪਿੰਡਾਂ ਵਿੱਚੋਂ ਜੰਗਲਾਤ ਵਿਭਾਗ ਦੇ ਅਫਸਰਾਂ ਨੇ ਵੱਡੀ ਮਾਤਰਾ ਵਿੱਚ ਖੈਰ ਦੀ ਲੱਕੜ ਦੀ ਭਰੀ ਹੋਈ ਟਰਾਲੀ ਫੜੀ ਗਈ। ਜਾਣਕਾਰ ਸੂਤਰ ਦੱਸਦੇ ਹਨ ਕਿ ਇਸ ਲੱਕੜ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ, ਪਰ ਜੰਗਲਾਤ ਅਧਿਕਾਰੀਆਂ ਵੱਲੋਂ ਇਸ ਨੂੰ ਸਿਰਫ 70-75 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਰਵੱਈਆ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਜਦੋਂ ਇਸ ਸਬੰਧੀ ਸਿਸਵਾਂ ਰੇਜ ਅਫ਼ਸਰ ਸਤਵਿੰਦਰ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਦੱਸਿਆ ਕਿ ਡੀਆਰ ਕੱਟ ਕੇ ਲਗਭਗ 70-75 ਹਜ਼ਾਰ ਦਾ ਜੁਰਮਾਨਾ ਕਰ ਦਿੱਤਾ ਗਿਆ ਹੈ।
ਇਹ ਲੱਕੜ ਕਿਸੇ ਡੀਪੂ ਵੱਲੋਂ ਫੜੀ ਗਈ ਹੈ, ਜਦਕਿ ਉਹ ਵੀ ਇਥੇ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਦਿਖਾਈ ਦਿੱਤੇ। ਇਸ ਸਬੰਧੀ ਤਾਰਾ ਪੁਰ ਰੇਂਜ ਦੇ ਰੇਂਜ ਗਾਰਡ ਅਮਨ ਯਾਦਵ ਨਾਲ ਗੱਲ ਕੀਤੀ, ਤਾਂ ਉਹਨਾਂ ਦੱਸਿਆ ਕਿ ਇਸ ਸਬੰਧੀ ਮੈਂ ਆਪ ਨੂੰ ਕੋਈ ਵੀ ਜਾਣਕਾਰੀ ਨਹੀਂ ਦੇ ਸਕਦਾ। ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਉੱਚ ਅਧਿਕਾਰੀਆਂ ਨੂੰ ਪੁੱਛੋ, ਜਦਕਿ ਪੂਰੀ ਪੂਰੀ ਜ਼ਿੰਮੇਵਾਰੀ ਰੇਂਜ ਗਾਰਡ ਦੀ ਬਣਦੀ ਹੁੰਦੀ ਹੈ। ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜੰਗਲ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੋ ਰਿਹਾ ਹੈ। ਅਕਸਰ ਹੀ ਅਜਿਹੀਆਂ ਖਬਰਾਂ ਇੱਥੋਂ ਨਿਕਲ ਕੇ ਆਉਂਦੀਆਂ ਹਨ, ਪਰ ਜੰਗਲਾਤ ਦੇ ਉੱਚ ਅਧਿਕਾਰੀ ਗੱਲ ਕਰਨ ਤੋਂ ਅਕਸਰ ਪਾਸਾ ਵੱਟ ਜਾਂਦੇ ਹਨ।

