www.sursaanjh.com > ਚੰਡੀਗੜ੍ਹ/ਹਰਿਆਣਾ > ਸਰਕਾਰ ਜੀ ਸਾਨੂੰ ਮੋਹਾਲੀ ਜ਼ਿਲ੍ਹੇ ਨਾਲ ਜੋੜ ਕੇ ਚੱਕਰਵਿਊ ਵਿੱਚੋਂ ਕੱਢੋ – ਨੰਬਰਦਾਰ ਜਸਵੰਤ ਸਿੰਘ

ਸਰਕਾਰ ਜੀ ਸਾਨੂੰ ਮੋਹਾਲੀ ਜ਼ਿਲ੍ਹੇ ਨਾਲ ਜੋੜ ਕੇ ਚੱਕਰਵਿਊ ਵਿੱਚੋਂ ਕੱਢੋ – ਨੰਬਰਦਾਰ ਜਸਵੰਤ ਸਿੰਘ

ਸਰਕਾਰ ਜੀ ਸਾਨੂੰ ਮੋਹਾਲੀ ਜ਼ਿਲ੍ਹੇ ਨਾਲ ਜੋੜ ਕੇ ਚੱਕਰਵਿਊ ਵਿੱਚੋਂ ਕੱਢੋ – ਨੰਬਰਦਾਰ ਜਸਵੰਤ ਸਿੰਘ
ਮੋਰਿੰਡਾ 25 ਮਈ (ਸੁਖਵਿੰਦਰ ਸਿੰਘ ਹੈਪੀ):
ਸਿਆਸੀ ਲੋਕਾਂ ਦੇ ਨਿੱਜੀ ਸੁਆਰਥਾਂ ਦਾ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ‘ਚ ਘਿਰੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਚਟੌਲੀ, ਅਧਰੇੜਾ, ਚਿੰਤਗੜ੍ਹ ਦੇ ਵਾਸੀ ਪਿਛਲੇ 15 ਸਾਲਾਂ ਤੋਂ ਹਰਜਾਨਾਂ ਭਰ ਰਹੇ ਹਨ, ਜਿਸ ਦੇ ਚੱਲਦਿਆਂ ਸਰਕਾਰ ਦੀਆ ਕਈ ਪ੍ਰਕਾਰ ਦੀਆਂ ਸਹੂਲਤਾਂ ਤੋਂ ਵੀ ਵਾਂਝੇ ਹੋ ਗਏ ਹਨ। ਜੀ ਹਾਂ, ਪਿੰਡ ਫਤਿਹਗੜ੍ਹ ਚਟੌਲੀ, ਅਧਰੇੜਾ, ਚਿੰਤਗੜ੍ਹ ਨੂੰ ਡਾਕਖਾਨਾਂ ਕੁਰਾਲੀ, ਜੋ ਜ਼ਿਲ੍ਹਾ ਮੋਹਾਲੀ ਵਿਚ ਹੈ ਅਤੇ ਤਹਿਸੀਲ ਮੋਰਿੰਡਾ ਤੇ ਜ਼ਿਲ੍ਹਾ ਰੂਪਨਗਰ ਲੱਗਦਾ ਹੈ। ਲੋਕ ਆਪਣੇ ਕੰਮ ਕਰਵਾਉਣ ਲਈ ਦੋ ਜ਼ਿਲਿਆਂ ਦੇ ਚੱਕਰ ਕੱਟਣ ਲਈ ਮਜ਼ਬੂਰ ਹਨ।
ਪਿੰਡ ਅਧਰੇੜਾ ਦੇ ਵਾਸੀ ਸਾਬਕਾ ਬਲਾਕ ਸੰਮਤੀ ਮੈਂਬਰ ਤੇ ਨੰਬਰਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਕਾਂਗਰਸ ਦੀ 2002 ਵਾਲੀ ਸਰਕਾਰ ਦੌਰਾਨ ਮੌਰਿੰਡਾ ਤੋਂ ਹਲਕਾ ਵਿਧਾਇਕ ਜਗਮੋਹਣ ਸਿੰਘ ਕੰਗ ਨੇ ਮੋਰਿੰਡਾ ਨੂੰ ਤਹਿਸੀਲ ਬਨਾਉਣ ਲਈ ਮਾਜਰੀ ਕਾਨੂੰਗੋਈ ਦੇ 12 ਪਿੰਡ, ਬਿਨਾਂ ਕਿਸੇ ਨੂੰ ਦੱਸੇ ਰਾਜਸੀ ਮੁਥਾਜ ਲਈ ਮੋਰਿੰਡਾ ਬਲਾਕ ਵਿਚ ਸ਼ਿਫਟ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਬਾਅਦ ਰੂਪਨਗਰ ਜ਼ਿਲ੍ਹੇ ਵਿਚੋਂ ਕਾਂਗਰਸ ਸਰਕਾਰ ਨੇ ਮੋਹਾਲੀ ਨੂੰ ਵੀ ਜ਼ਿਲ੍ਹਾ ਬਣਾ ਦਿੱਤਾ ਤਾਂ 12 ਪਿੰਡਾਂ ਵਿਚੋਂ ਰਾਜਸੀ ਪਹੁੰਚ ਰੱਖਣ ਵਾਲੇ 9 ਪਿੰਡ ਤਾਂ ਮੁੜ ਬਲਾਕ ਮਾਜਰੀ ਵਿਚ ਸ਼ਿਫਟ ਹੋ ਗਏ ਅਤੇ ਬਾਕੀ ਬਚੇ ਸਾਡੇ ਉਕਤ ਤਿੰਨ ਪਿੰਡ ਬਲਾਕ ਮੋਰਿੰਡਾ ਵਿਚ ਰਹਿ ਗਏ।
ਨੰਬਰਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਮੈਂ ਪਿੰਡਾਂ ਦੇ ਮੋਹਤਬਰ ਲੋਕਾਂ ਨੂੰ ਲੈ ਕੇ ਬੜੀ ਭੱਜ ਦੌੜ ਕੀਤੀ, ਪਰ ਗੱਲ ਨਾ ਬਣ ਸਕੀ, ਜਿਸ ਦਾ ਹਰਜਾਨਾ ਸਾਡੇ ਤਿੰਨ ਪਿੰਡਾ ਦੇ ਲੋਕ ਹਰ ਰੋਜ਼ ਭਰ ਰਹੇ ਹਨ, ਕਿਉਕਿ ਪਿੰਡ ਅਧਰੇੜਾ, ਫਤਿਹਗੜ੍ਹ ਚਟੌਲੀ, ਚਿੰਤਗੜ੍ਹ ਦੇ ਆਲੇ ਦੁਆਲੇ ਮੋਹਾਲੀ ਜ਼ਿਲ੍ਹਾ ਹੈ। ਦਿਲਚਸਪ ਗੱਲ ਇਹ ਹੈ ਕਿ ਸਾਡੇ ਪਿੰਡਾਂ ਦੀਆ ਜ਼ਮੀਨਾਂ ਦੇ ਹਿੱਸੇ ਮੋਹਾਲੀ ਜ਼ਿਲ੍ਹੇ ਵਿਚ ਆ ਗਏ ਹਨ। ਜਿਵੇਂ ਰੇਲਵੇ ਟ੍ਰੈਕ ਤੋਂ ਦੂਜੇ ਪਾਸੇ ਮੋਹਾਲੀ ਜ਼ਿਲ੍ਹਾ ਹੈ, ਪਰ ਜ਼ਮੀਨ ਅਧਰੇੜੇ ਪਿੰਡ ਦੀ ਪੈਦੀ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਪਿੰਡਾਂ ਦੇ ਆਂਗਣਵਾੜੀ ਸੈਟਰ ਮੋਹਾਲੀ ਜ਼ਿਲ੍ਹੇ ਦੇ ਅਧੀਨ ਹਨ ਤੇ ਸਕੂਲ ਰੂਪਨਗਰ ਜ਼ਿਲ੍ਹੇ ਦੇ ਅਧੀਨ ਹਨ।
ਨੰਬਰਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਜਿੱਥੇ ਪਹਿਲਾਂ ਸਾਨੂੰ ਤਹਿਸੀਲ ਮਾਜਰੀ ਲੱਗਦੀ ਤੇ ਬਲਾਕ ਖਰੜ, ਹੁਣ ਉਲਟਾ ਹੋ ਗਿਆ ਹੈ। ਹੁਣ ਬਲਾਕ ਤੇ ਤਹਿਸੀਲ ਮੋਰਿੰਡਾ ਤੇ ਜ਼ਿਲ੍ਹਾ ਰੂਪਨਗਰ ਹੈ, ਤੇ ਡਾਕਘਰ ਕੁਰਾਲੀ ਲੱਗਦਾ ਹੈ, ਜੋ ਮੋਹਾਲੀ ਜ਼ਿਲ੍ਹੇ ਵਿਚ ਪੈਦਾ ਹੈ। ਪਿੰਡ ਫਹਿਗੜ੍ਹ ਚੁਟੌਲੀ ਦੇ ਸਾਬਕਾ ਸਰਪੰਚ ਜੱਗੀ, ਅਮਰੀਕ ਸਿੰਘ, ਭਜਨ ਸਿੰਘ, ਚਿੰਤਗੜ੍ਹ ਵਾਸੀ ਪਰਮਿੰਦਰ ਸਿੰਘ, ਬਲਜੀਤ ਸਿੰਘ, ਸੱਤੀ ਚਿੰਤਗੜ੍ਹ ਨੇ ਦੱਸਿਆ ਕਿ ਸਾਡੇ ਬਲਾਕ ਮੋਰਿੰਡਾ ਵਿੱਚ ਪਿੰਡ ਪੈਣ ਨਾਲ ਸਾਨੂੰ ਕੰਢੀ ਏਰੀਆਂ ਦੀਆ ਸਹੂਲਤਾਂ ਨਹੀ ਮਿਲਦੀਆ, ਜਦਕਿ ਨਾਲ ਦੇ ਪਿੰਡਾਂ ਨੂੰ ਇਹ ਸਹੂਲਤਾਂ ਮਿਲ ਰਹੀਆ ਹਨ। ਸਾਡੀਆ ਜ਼ਮੀਨਾਂ ਦੇ ਭਾਅ ਘੱਟ ਹਨ।
ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਚਟੌਲੀ ਤਾਂ ਰੂਪਨਗਰ ਵਿਚ ਹੈ, ਸੜਕ ਪਾਰ ਕਰਕੇ ਚਟੌਲੀ ਕਲਾਂ ਮੋਹਾਲੀ ਜ਼ਿਲ੍ਹੇ ਵਿਚ ਹੈ। ਚਿੰਤਗੜ੍ਹ ਤੋਂ ਪਹਿਲਾਂ ਤੇ ਬਾਅਦ ਵਾਲੇ ਪਿੰਡ ਮੋਹਾਲੀ ਜਿਲ੍ਹੇ ਵਿਚ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੇ ਤਿੰਨ ਪਿੰਡਾਂ ਨੂੰ ਮੁੜ ਤਹਿਸੀਲ ਮਾਜਰੀ ਤੇ ਬਲਾਕ ਖਰੜ ਤੇ ਜ਼ਿਲ੍ਹਾ ਮੋਹਾਲੀ ਨਾਲ ਜੋੜਿਆ ਜਾਵੇ, ਕਿਉਂਕਿ ਰੂਪਨਗਰ ਜਾਣਾ ਸਾਨੂੰ 19 ਕਿਲੋਮੀਟਰ ਹੈ, ਜਦਕਿ ਮੋਹਾਲੀ ਨੇੜੇ ਪੈਦਾ ਹੈ ਅਤੇ ਸਾਡੇ ਪਿੰਡਾਂ ਦੇ ਲੋਕ ਕੰਮਾਕਾਰਾਂ ਲਈ ਖਰੜ, ਮੋਹਾਲੀ ਵੱਲ ਹੀ ਜ਼ਿਆਦਾਤਰ ਜਾਂਦੇ ਹਨ।

Leave a Reply

Your email address will not be published. Required fields are marked *