Breaking
www.sursaanjh.com > ਅੰਤਰਰਾਸ਼ਟਰੀ > ਦੋ ਰੋਜ਼ਾ ‘ਨਵ ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ-ਚਰਚਾ ਦਾ ਆਯੋਜਨ

ਦੋ ਰੋਜ਼ਾ ‘ਨਵ ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ-ਚਰਚਾ ਦਾ ਆਯੋਜਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਈ:
ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਦੋ ਰੋਜ਼ਾ ‘ਨਵ ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ  ਇਹ ਉਤਸਵ ਨਵ ਕਵਿਤਾ ‘ਤੇ ਅਧਾਰਿਤ ਹੈ, ਚਾਹੇ ਇਸ ਵਿਚ ਸ਼ਾਮਿਲ ਚੌਦਾਂ ਵਰ੍ਹਿਆਂ ਦਾ ਸੁਰਖ਼ਾਬ ਹੋਵੇ ਜਾ ਸੱਤਰ ਵਰ੍ਹਿਆਂ ਦਾ ਅਮਰਜੀਤ ਸਿੰਘ ਗਰੇਵਾਲ। ਸਮਾਗਮ ਦੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਇਸ ਉਤਸਵ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਭ ਤੋਂ ਪਹਿਲਾਂ ਜਸਵੰਤ ਜ਼ਫ਼ਰ ਦੀ ਕਾਵਿ-ਕਿਤਾਬ’ ਮੈਨੂੰ ਬੁੱਧੂ ਹੋਣਾ ਚਾਹੀਦਾ’ ‘ਤੇ ਚਰਚਾ ਕਰਵਾਈ ਗਈ। ਪਹਿਲਾਂ ਜ਼ਫ਼ਰ ਹੋਰਾਂ ਨੇ ਆਪਣੀਆਂ ਕੁਝ ਕਵਿਤਾਵਾਂ ਸੁਣਾਈਆਂ। ਇਸ ਉਪਰੰਤ ਡਾ ਧਰਮਿੰਦਰ ਸਿੰਘ ਨੇ ਜਸਵੰਤ ਜ਼ਫ਼ਰ ਦੀ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ‘ਬੁੱਧੂ’ ਇਕ ਮੈਟਾਫਰ ਹੈ। ਉਹਨਾਂ ਜ਼ਫ਼ਰ ਦੀ ਕਵਿਤਾ ਨੂੰ ਜ਼ਿੰਦਗੀ ਨੂੰ ਸਮਝਣ ਦਾ ਸੂਤਰ ਕਿਹਾ। ਇਸ ਤੋਂ ਸਰੋਤਿਆਂ ਵੱਲੋਂ ਕੁਝ ਟਿੱਪਣੀਆਂ ਵੀ ਕੀਤੀਆਂ ਗਈਆਂ। ਚਰਚਾ ਵਿੱਚ ਸ਼ਾਮਿਲ ਦੂਸਰੀ ਕਿਤਾਬ ਅਮਰਜੀਤ ਸਿੰਘ ਗਰੇਵਾਲ ਪੁਸਤਕ  ‘ਅਦਭੁਤ ਦੀ ਵਾਪਸੀ’ ਸੀ। ਇਸ ਬਾਰੇ ਬੋਲਦਿਆਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਅਮਰਜੀਤ ਦੀ ਕਵਿਤਾ ਇੱਕੀਵੀਂ ਸਦੀ ਦੀ ਕਵਿਤਾ ਨਵੇਂ ਰੁਝਾਨਾਂ ਵਿਚ ਦਾਖ਼ਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਕਵਿਤਾ ਵਿਚ ਪੰਜਾਬ ਦੀ ਰੂਹ ਨੂੰ ਦਾਰਸ਼ਨਿਕ ਸੰਦਰਭ ਵਿਚ ਦੇਖਣ ਦਾ ਨਿਵੇਕਲਾ ਉਪਰਾਲਾ ਹੈ। ਡਾ. ਮਨਮੋਹਨ ਦੀ ਕਾਵਿ-ਕਿਤਾਬ ‘ਨਿਮਖ ਨਾ ਵੀਸਰੈ’ ‘ਤੇ ਚਰਚਾ ਦਾ ਆਰੰਭ ਹੋਇਆ। ਸਭ ਤੋਂ ਪਹਿਲਾਂ ਮਨਮੋਹਨ ਹੋਰਾਂ ਨੇ ਮਾਤਾ ਪਿਤਾ ਨਾਲ ਸੰਬਿਧਤ ਕਵਿਤਾਵਾਂ ਦਾ ਪਾਠ ਕੀਤਾ। ਡਾ. ਮਨਜਿੰਦਰ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਹ ਪਹਿਲੀ ਕਿਤਾਬ ਹੈ, ਜਿਸ ਵਿਚ ਸਾਰੀਆਂ ਕਵਿਤਾਵਾਂ ਹੀ ਮਾਤਾ ਪਿਤਾ ਬਾਰੇ ਹਨ। ਉਹਨਾਂ ਕਿਹਾ ਕਿ ਮਨਮੋਹਨ ਦੀਆਂ ਕਵਿਤਾਵਾਂ ਦੇ ਦੋ ਧਰਾਤਲ ਹਨ, ਇਕ ਭਾਵਾਨਤਮਕ ਤੇ ਦੂਸਰਾ ਦਾਰਸ਼ਨਿਕ ਪੱਖ। ਇਹ ਕਵਿਤਾਵਾਂ ਦੇਹ ਰੂਪ ਤੋਂ ਸੰਕਲਪ ਰੂਪ ਤਕ ਅਤੇ ਅਗਾਂਹ ਅਹਿਸਾਸ ਰੂਪ ਤਕ ਯਾਤਰਾ ਕਰਦੀਆਂ ਨੇ। ਉਹਨਾਂ ਕਵੀ ਦੇ ਸੂਖ਼ਮ ਡਰਾਂ ਬਾਰੇ ਵੀ ਗੱਲ ਕੀਤੀ। ਸ਼ਾਇਰ ਡਾ. ਅਮਰਜੀਤ ਕੌਂਕੇ ਦੇ ਕਾਵਿ-ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ‘ਤੇ ਚਰਚਾ ਕੀਤਾ ਗਈ। ਸ਼ਾਇਰ ਦੇ ਕਵਿਤਾ ਪਾਠ ਤੋਂ ਬਾਅਦ ਕਿਤਾਬ ਬਾਰੇ ਬੋਲਦਿਆਂ ਡਾ. ਕੁਲਦੀਪ ਸਿਂਘ ਨੇ ਕਿਹਾ ਕਿ ਕਵੀ ਨੇ ਦਿਸਦੇ ਤੇ ਅਣਦਿਸਦੇ ਵਰਤਾਰਿਆਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ ਹੈ। ਇਹਨਾਂ ਦੀਆਂ ਕਵਿਤਾਵਾਂ ਉੱਤਰ ਮਾਨਵਵਾਦ ਦੀ ਗੱਲ ਕਰਦੀਆਂ ਨੇ। ਚਰਚਾ ਲਈ ਅਗਲੀ ਕਿਤਾਬ ਨਵਦੀਪ ਕੌਰ ਦੀ ‘ਅਹੱਲਿਆ’ ਸੀ। ਇਸ ਬਾਰੇ ਸੋਮਾ ਸਬਲੋਕ ਨੇ ਕਿਹਾ ਕਿ ਇਸ ਕਵਿਤਾ ਵਿੱਚ ਪਿੱਤਰ ਸੱਤਾ ਦੇ ਪਾਜ਼ ਉਧੇੜੇ ਗਏ ਨੇ। ਉਹਨਾਂ ਅਗਾਂਹ ਕਿਹਾ ਕਿ ਕਵੀ ਨੇ ਅਹੱਲਿਆ ਰਾਹੀਂ ਸਮਕਾਲ ਦੀ ਨਾਰੀ ਦੀ ਦਿਸ਼ਾ ਤੇ ਦਸ਼ਾ ਨੂੰ ਬਿਆਨਿਆ ਹੈ। ਪਹਿਲੇ ਦਿਨ ਦੇ ਆਖ਼ਰ ਵਿਚ ਸਵਰਨਜੀਤ ਸਵੀ ਦੀ ਕਿਤਾਬ ‘ਨਾਚ’ ‘ਤੇ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਕਵੀ ਨੇ ਭਾਵਪੂਰਤ ਕਵਿਤਾਵਾਂ ਦਾ ਪਾਠ ਕੀਤਾ। ਕਿਤਾਬ ਬਾਰੇ ਬੋਲਦਿਆਂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਨਾਚ ਦਾ ਇਕ ਆਪਣਾ ਤੰਤਰ ਸ਼ਾਸਤਰ ਹੈ। ਉਹਨਾਂ ਨੇ ਮਿਥਿਹਾਸ ਦਾ ਹਵਾਲਾ ਦੇ ਕੇ ਵਿਸਥਾਰ ਨਾਲ ਪੜਚੋਲ ਕੀਤੀ। ਅਮਰਜੀਤ ਗਰੇਵਾਲ ਨੇ ਕਿਤਾਬ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਵਿਤਾ ਵਿਚ ਰਹੱਸ ਹੈ ਜਾਂ ਨਹੀਂ ਇਹ ਮਾਇਨੇ ਨਹੀਂ ਰੱਖਦਾ ਪਰ ਇਸ ਵਿਚ ਕਾਵਿਕਤਾ ਹੋਣੀ ਜ਼ਰੂਰੀ ਹੈ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ। ਹਾਜ਼ਰ ਸਰੋਤਿਆਂ ਵਿੱਚੋਂ ਪਾਲ ਅਜਨਬੀ, ਪ੍ਰਤਾਪ ਪਾਰਸ, ਜਗਤਾਰ ਜੋਗ, ਸੁਰਿੰਦਰ ਗਿੱਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਦੂਸਰੇ ਦਿਨ ਸੁਰਖਾਬ ਦੀ ਕਾਵਿ-ਕਿਤਾਬ ‘ਵੈਤਰਨੀ’ ‘ਤੇ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਸੁਰਖਾਬ ਨੇ ਕੁਝ ਕਵਿਤਾਵਾਂ ਦਾ ਪਾਠ ਕੀਤਾ। ਇਸ ਉਪਰੰਤ ਉੱਘੇ ਆਲੋਤਕ ਡਾ. ਯੋਗਰਾਜ ਅੰਗਰਿਸ਼ ਨੇ ਆਪਣਾ ਪਰਚਾ ਪੜ੍ਹਿਆ। ਉਹਨਾਂ ਕਿਹਾ ਕਿ ਇਹ ਕਵਿਤਾ ਸ਼ੁੱਧ ਹੈ। ਉਹਨਾਂ ਅਗਾਂਹ ਕਿਹਾ ਕਿ ਇਸ ਕਵਿਤਾ ਵਿਚ ਅਜੇ ਫਿਲਾਸਫੀ ਆਉਣੀ ਹੈ। ਇਹ ਕਵਿਤਾ ਅੱਗੇ ਜਾ ਕੇ ਬੋਧਿਕ ਪਰੰਪਰਾ ਨਾਲ ਜੁੜੇਗੀ। ਕਿਤਾਬ ‘ਕੋਇਲਾ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਜਸਵਿੰਦਰ ਸੀਰਤ ਨੇ ਖੂਬਸੂਰਤ ਕਵਿਤਾਵਾਂ ਦਾ ਪਾਠ ਕੀਤਾ। ਇਸ ਤੋਂ ਬਾਅਦ ਉਭਰਦੀ ਆਲੋਚਕ ਜਸ਼ਨਪ੍ਰੀਤ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਇਹ ਔਰਤ ਦੀ ਦੱਬੀ ਹੋਈ ਕਾਮਨਾ ਦੀ ਕਵਿਤਾ ਹੈ। ਇਸ ਕਵਿਤਾ ਦੀ ਭਾਸ਼ਾ ਤੁਹਾਨੂੰ ਕਦੇ ਕਦੇ ਅਮੂਰਤਨ ਲੱਗੇਗੀ। ਇਹਨਾਂ ਨੇ ਫੇਰ ਵੀ ਲੋਕ ਭਾਸ਼ਾ ਵਿਚ ਆਪਣੀ ਗੱਲ ਕਹਿਣ ਦੀ ਗੱਲ ਕੀਤੀ ਹੈ। ਕਵਿਤਾ ਦੀ ਭਾਸ਼ਾ ਠਹਿਰੀ ਹੋਈ ਹੈ। ਇਹ ਆਪਣੇ ਆਪ ਨਾਲ ਸੰਵਾਦ ਦੀ ਕਵਿਤਾ ਹੈ। ਜਸਪ੍ਰੀਤ ਦੀ ‘ਅਹਿਸਾਸਾਂ ਦੀ ਕਿਣਮਿਣ’ ਰਹੀ। ਪਹਿਲਾਂ ਜਸਪ੍ਰੀਤ ਹੋਰਾਂ ਨੇ ਕਵਿਤਾ ਪਾਠ ਕੀਤਾ ਗਿਆ। ਇਸ ਉਪਰੰਤ ਡਾ. ਰਵਿੰਦਰ ਕੌਰ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਜਸਪ੍ਰੀਤ ਦੀ ਕਵਿਤਾ ਕੁਦਰਤ ਨਾਲ ਸੰਬੰਧਿਤ ਹੈ। ਕਵਿਤਰੀ ਕੁਦਰਤ ਨੂੰ ਮਹਿਸੂਸਦੀ ਹੈ। ਜਸਪ੍ਰੀਤ ਦੀ ਕਵਿਤਾ ਸਿਰਫ਼ ਮੌਸਮ ਦੀ ਜਾਣਕਾਰੀ ਨਹੀਂ ਹੈ। ਉਹਨਾਂ ਕਵੀ ਨੂੰ ਕੋਟ ਕਰਕੇ ਵੀ ਆਪਣੀ ਗੱਲ ਕਹੀ। ਜਗਦੀਪ ਸਿੱਧੂ ਦੀ ਕਿਤਾਬ ‘ਪੌੜੀਆਂ ਉਤਰਦੀ ਛਾ’ ਬਾਰੇ ਚਰਚਾ ਹੋਈ, ਜਿਸ ਵਿਚ ਪਹਿਲਾਂ ਜਗਦੀਪ ਨੇ ਕੁਝ ਕਵਿਤਾਵਾਂ ਦਾ ਪਾਠ ਕੀਤਾ, ਇਸ ਉਪਰੰਤ ਨੌਜਵਾਨ ਆਲੋਚਕ ਡਾ. ਹਰਪ੍ਰੀਤ ਨੇ ਜਗਦੀਪ ਸਿੱਧੂ ਦੀ ਕਵਿਤਾ ਨੂੰ ਅਨੁਭਵ ਦੀ ਕਵਿਤਾ ਕਿਹਾ। ਉਹਨਾ ਇਹ ਵੀ ਕਿਹਾ ਕਿ ਇਹ ਕਵਿਤਾ ਮਾਸੂਮੀਅਤ ਦੀ ਕਵਿਤਾ ਹੈ। ਉਹਨਾਂ ਅਗਾਂਹ ਪੌੜੀਆਂ ਉਤਰਦੀ ਛਾਂ ਦੀ ਕਵਿਤਾ ਨੂੰ ਵਿਵਿਧ ਰੰਗਾਂ ਦੀ ਕਵਿਤਾ ਕਿਹਾ। ਅਗਲੇ ਪੜਾਅ ਵਿਚ ਭੁਪਿੰਦਰ ਕੌਰ ਪ੍ਰੀਤ ਦੀ ਕਵਿਤਾ ਬਾਰੇ ਚਰਚਾ ਕੀਤੀ ਗਈ। ਪਰਚਾ ਡਾ. ਲਤਾ ਖੇੜਾ ਨੇ ਪੜ੍ਹਿਆ। ਸਭ ਤੋਂ ਪਹਿਲਾਂ ਭੁਪਿੰਦਰ ਕੌਰ ਪ੍ਰੀਤ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਡਾ. ਲਤਾ ਖੇੜਾ ਨੇ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਕਵਿਤਾ ਦੀ ਖਾਸੀਅਤ ਇਹ ਹੈ ਕਿ ਬਾਹਰੀ ਸਿਧਾਂਤ ਦੀ ਮੁਥਾਜ ਨਹੀਂ। ਇਹ ਸੂਖਮ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਪਰਮਜੀਤ ਸੋਹਲ ਦੀ ਕਿਤਾਬ ‘ਵਿਸਮਾਦ ‘ਤੇ ਚਰਚਾ ਡਾ. ਮਨਦੀਪ ਨੇ ਕੀਤੀ ਸੋਹਲ ਵੱਲੋਂ ਵਧੀਆ ਕਵਿਤਾਵਾਂ ਦੇ ਪਾਠ ਉਪਰੰਤ ਸੋਹਲ ਦੀ ਕਵਿਤਾ ਸੂਖਮ ਭਾਵਾਂ ਦੀ ਕਵਿਤਾ ਕਿਹਾ ਅਤੇ ਆਪੇ ਦੀ ਤਰਜ਼ਮਾਨੀ ਕਿਹਾ। ਇਸ ਸਾਰੀ ਪੁਸਤਕ ਚਰਚਾ ਦੇ ਕਨਵੀਨਰ ਡਾ. ਅਮਰਜੀਤ ਸਿੰਘ ਸਨ ਅਤੇ ਸੰਚਾਲਕ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਸਨ। ਇਸ ਸਮਾਗਮ ਵਿਚ ਪਾਲ ਅਜਨਬੀ, ਸੁਰਜੀਤ ਸੁਮਨ, ਸੁਖਵਿੰਦਰ ਸਿੱਧੂ, ਵਰਿੰਦਰ ਸਿੰਘ, ਗੁਰਚਰਨ ਮੁਹਾਲੀ, ਮਨਜੀਪਾਲ ਸਿੰਘ, ਚਰਨਜੀਤ ਬਾਠ, ਦੀਪਕ ਕੁਮਾਰ, ਮਦਨਦੀਪ ਸਿੰਘ, ਡਾ. ਸੰਦੀਪ ਸ਼ਰਮਾ, ਕੋਮਲ ਸ਼ਰਮਾ, ਅਵਤਾਰ ਸਿੰਘ ਪਤੰਗ, ਬਲਜੀਤ ਕੌਰ ਆਦਿ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *