Breaking
www.sursaanjh.com > ਅੰਤਰਰਾਸ਼ਟਰੀ > ਪੰਜਾਬੀ ਵਿਰੋਧੀ ਫੈਸਲਿਆਂ ਖਿਲਾਫ਼ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦਿੱਤਾ ਵਿਸ਼ਾਲ ਰੋਸ ਧਰਨਾ 

ਪੰਜਾਬੀ ਵਿਰੋਧੀ ਫੈਸਲਿਆਂ ਖਿਲਾਫ਼ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦਿੱਤਾ ਵਿਸ਼ਾਲ ਰੋਸ ਧਰਨਾ 

ਮਾਤ ਭਾਸ਼ਾ ਦੇ ਹੱਕ ‘ਚ ਸਾਂਝੇ ਤੌਰ ‘ਤੇ ਸੰਘਰਸ਼ ਵਿੱਢਣ ਦਾ ਹੋਕਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ),  22 ਮਈ:
ਪਿਛਲੇ ਕਈ ਦਹਾਕਿਆਂ ਤੋਂ ਮਾਤ ਭਾਸ਼ਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ‘ਤੇ ਪੰਜਾਬ ਭਰ ਤੋਂ ਪਹੁੰਚੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਅੱਜ ਏਥੇ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਖੇ ਵਿਸ਼ਾਲ ਰੋਸ ਧਰਨਾ ਦਿਤਾ ਗਿਆ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ, ਦੀਪ ਦੇਵਿੰਦਰ ਸਿੰਘ, ਡਾ. ਸ਼ਿੰਦਰਪਾਲ ਸਿੰਘ ਆਦਿ ਦੀ ਦੇਖ-ਰੇਖ ਹੇਠ ਹੋਏ ਇਸ ਰੋਸ ਮੁਜ਼ਾਹਰੇ ਵਿਚ ਵੱਖ ਵੱਖ ਬੁਲਾਰਿਆਂ ਨੇ ਮਾਤ ਭਾਸ਼ਾ ਦੇ ਹੱਕ ਵਿਚ ਅਵਾਜ਼ ਬੁਲੰਦ ਕਰਦਿਆਂ ਸਾਂਝੇ ਤੌਰ ‘ਤੇ ਪੰਜਾਬ ਦੀ ਧਰਤੀ ਉੱਤੇ ਸੈਂਟਰ ਦੇ ਆਰਮੀ ਸਕੂਲਾਂ ਵਿਚ ਪੰਜਾਬੀ ਨੂੰ ਦਰ-ਕਿਨਾਰ ਕਰਕੇ ਸੰਸਕ੍ਰਿਤ ਨੂੰ ਪਹਿਲ ਦੇਣ ਦੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮਿਲਟਰੀ ਸਕੂਲਾਂ ਨੂੰ ਜਾਰੀ ਹੋਏ ਸਰਕੂਲਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਦਰਸ਼ਨ ਬੁੱਟਰ ਹੁਰਾਂ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ.  ਸਵਰਾਜਬੀਰ, ਹਮੀਰ ਸਿੰਘ, ਜਗਤਾਰ ਭੁੱਲਰ, ਮੱਖਣ ਕੁਹਾੜ, ਡਾ. ਸਰਬਜੀਤ ਸਿੰਘ, ਦੀਪਕ ਸ਼ਰਮਾ ਚਰਨਾਰਥਲ, ਬਲਕਾਰ ਸਿੱਧੂ, ਵਿਧਾਇਕ ਪ੍ਰਗਟ ਸਿੰਘ, ਗਿਆਨੀ ਕੇਵਲ ਸਿੰਘ ਆਦਿ ਬੁਲਾਰਿਆਂ ਨੇ ਸਾਂਝੀ ਸੁਰ ਵਿਚ ਪੰਜਾਬ ਰਾਜ ਭਾਸ਼ਾ ਐਕਟ 2008 ਦੇ ਹਵਾਲੇ ਨਾਲ ਜ਼ੋਰ ਦੇ ਕੇ ਕਿਹਾ ਕਿ ਰਾਜ ਦੇ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ ਪਬਲਿਕ ਅਤੇ ਸੀ.ਬੀ.ਐਸ.ਸੀ. ਜਾਂ ਆਈਸੀਐਸਸੀ ਦੇ ਸਕੂਲਾਂ ਵਿਚ ਦਸਵੀਂ ਤਕ ਪੰਜਾਬੀ ਨੂੰ ਲਾਜਮੀ ਤੌਰ ‘ਤੇ ਪੜ੍ਹਾਇਆ ਜਾਵੇ।
ਉਹਨਾਂ ਜਿੱਥੇ ਪੰਜਾਬੀ ‘ਚ ਕੰਮ ਨਾ ਕਰਨ ਵਾਲੇ ਅਧਕਾਰੀਆਂ ਖਿਲਾਫ਼ ਐਕਟ ਵਿਚ ਸਜ਼ਾ ਦੀ ਧਾਰਾ ਸ਼ਾਮਲ ਕਰਨ, ਅਦਾਲਤੀ ਕਾਰ-ਵਿਹਾਰ ਪੰਜਾਬੀ ‘ਚ ਕਰਨ ਦੀ ਮੰਗ ਦੁਹਰਾਈ, ਉੱਥੇ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਬੰਧ ਪੰਜਾਬ ਨੂੰ ਸੌਂਪਣ ਦੀ ਮੰਗ ਵੀ ਕੀਤੀ ਗਈ। ਸਮਾਗਮ ਦਾ ਮੰਚ ਸੰਚਾਲਣ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕੀਤਾ ਜਦਕਿ ਧੰਨਵਾਦੀ ਸ਼ਬਦ ਯਤਿੰਦਰ ਕੌਰ ਮਾਹਲ ਨੇ ਕਹੇ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਦੇ ਰਾਜਪਾਲ ਰਾਹੀਂ ਇਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰ ਜ਼ਿੰਮੇਵਾਰ ਅਦਾਰਿਆਂ ਨੂੰ ਵੀ ਭੇਜਿਆ ਗਿਆ। ਇਸ ਮੌਕੇ ਸੈਲਿੰਦਰਜੀਤ ਸਿੰਘ ਰਾਜਨ, ਸੁਰਿੰਦਰਪ੍ਰੀਤ ਘਣੀਆਂ, ਦਲਜੀਤ ਸਿੰਘ ਸਾਹੀ, ਮੂਲ ਚੰਦ ਸ਼ਰਮਾ, ਡਾ ਪਰਮਜੀਤ ਬਾਠ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਸੁਖਦੇਵ ਸਿਰਸਾ, ਮਨਜੀਤ ਸਿੰਘ ਵਸੀ, ਗੁਰਮੀਤ ਬਾਜਵਾ, ਗੁਰਪ੍ਰੀਤ ਰੰਗੀਲਪੁਰ, ਡਾ ਲੇਖ ਰਾਜ, ਬੂਟਾ ਰਾਮ ਅਜ਼ਾਦ, ਮੱਖਣ ਭੈਣੀਵਾਲ, ਧਰਮ ਸਿੰਘ ਧਿਆਨਪੁਰੀ, ਸੁਰਿੰਦਰ ਗਿੱਲ, ਹਰਪ੍ਰੀਤ ਵਿਰਕ, ਅਰਵਿੰਦਰ ਕਾਕੜਾ, ਪੰਮੀਂ ਦੇਵੇਦੀ, ਅਨਿਲ ਫਤਿਹਗੜ੍ਹ, ਸੁਰਿੰਦਰ ਖੀਵਾ, ਗੁਰਸੇਵਕ ਢਿੱਲੋਂ, ਰਮਨ ਸੰਧੂ, ਹਜਾਰਾ ਸਿੰਘ ਚੀਮਾ, ਡਾ ਮਨਜੀਤ ਸਿੰਘ ਬੱਲ, ਅੰਗਰੇਜ ਵਿਰਦੀ, ਦੇਵੀ ਦਿਆਲ ਸ਼ਰਮਾਂ, ਗੁਰਿੰਦਰ ਕਲਸੀ, ਗੁਰਦੇਵ ਪਾਲ ਕੌਰ, ਡਾ ਕੁਲਦੀਪ ਪੁਰੀ, ਸੁੱਚਾ ਸਿੰਘ ਪਥਨਾਵਾਲ, ਰਾਜਵਿੰਦਰ ਕੌਰ ਅਤੇ ਸਵਰਾਜ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਹਿਤਕਾਰ ਹਾਜ਼ਰ ਸਨ।

Leave a Reply

Your email address will not be published. Required fields are marked *