Breaking
www.sursaanjh.com > ਅੰਤਰਰਾਸ਼ਟਰੀ > ਪੰਜਾਬ ਕਲਾ ਪਰਿਸ਼ਦ ਵਲੋਂ ਦੋ ਨਾਵਲਕਾਰਾਂ ਨਕਸ਼ਦੀਪ ਪੰਜਕੋਹਾ ਅਤੇ ਸੰਤਵੀਰ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ

ਪੰਜਾਬ ਕਲਾ ਪਰਿਸ਼ਦ ਵਲੋਂ ਦੋ ਨਾਵਲਕਾਰਾਂ ਨਕਸ਼ਦੀਪ ਪੰਜਕੋਹਾ ਅਤੇ ਸੰਤਵੀਰ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਪ੍ਰੈਲ:
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਪੰਜਾਬ ਦੀ ਨਵ-ਸਿਰਜਣਾ ਤਹਿਤ ਆਰੰਭ ਕੀਤੀ ਪ੍ਰੋਗਰਾਮ ਲੜੀ ‘ਸਿਰਜਣਾ ਅਤੇ ਸੰਵਾਦ’ ਅਧੀਨ ਪੰਜਾਬੀ ਸਾਹਿਤ ਸਭਾ ਖਰੜ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਲਾਕੇ ਦੇ ਪ੍ਰਸਿੱਧ ਨਾਵਲਕਾਰਾਂ ਨਕਸ਼ਦੀਪ ਪੰਜਕੋਹਾ ਅਤੇ ਸੰਤਵੀਰ ਨਾਲ ਸੰਵਾਦ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਲੇਖਕਾਂ, ਆਲੋਚਕਾਂ ਅਤੇ ਪਾਠਕਾਂ ਨੇ ਦੋਵੇਂ ਨਾਵਲਕਾਰਾਂ ਨਾਲ ਉਨ੍ਹਾਂ ਦੇ ਨਾਵਲਾਂ ਨਾਲ ਜੁੜੇ ਵੱਖ ਵੱਖ ਪਹਿਲੂਆਂ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ। ਸਮਾਰੋਹ ਦੇ ਆਰੰਭ ਵਿੱਚ ਕੋਆਰਡੀਨੇਟਰ ਡਾ. ਜੇ ਬੀ ਸੇਖੋਂ ਨੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਦੀ ਅਗਵਾਈ ਹੇਠ ਚੱਲ ਰਹੀ। ਇਸ ਹਫ਼ਤਾਵਰੀ ਗੋਸ਼ਟੀ ਦੇ ਮੰਤਵ ਬਾਰੇ ਦੱਸਿਆ ਅਤੇ ਇਸਨੂੰ ਨਾਵਲ ਚਿੰਤਨ ਦੇ ਖੇਤਰ ਲਈ ਲਾਹੇਵੰਦ ਪ੍ਰਕਿਰਿਆ ਕਿਹਾ। ਇਸ ਮੌਕੇ ਨਾਵਲਕਾਰ ਨਕਸ਼ਦੀਪ ਪੰਜਕੋਹਾ ਨੇ ਆਪਣੇ ਸਾਰੇ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਨਾਵਲਾਂ ਦੇ ਵਿਸ਼ੇ ਵਸਤੂ ਦੀ ਚੋਣ, ਪਾਤਰ , ਭਾਸ਼ਾ ਅਤੇ ਪੇਸ਼ਕਾਰੀ ਨਾਲ ਜੁੜੇ ਵੱਖ ਵੱਖ ਪੱਖਾਂ ਬਾਰੇ ਦੱਸਿਆ। ਕਹਾਣੀਕਾਰ ਅਜਮੇਰ ਸਿੱਧੂ ਨੇ ਉਨ੍ਵਾਂ ਨਾਲ ਸੰਵਾਦ ਦਾ ਆਰੰਭ ਕੀਤਾ ਅਤੇ ਨਾਵਲਾਂ ਵਿੱਚੇ ਨਾਵਲਾਂ ਦੇ ਸਿਰਜਣਾਤਮਿਕ ਪਿਛੋਕੜ ਬਾਰੇ ਸਵਾਲ ਕੀਤੇ ਰੱਖੇ।
ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ, ਲੇਖਕ ਗੁਰਿੰਦਰ ਸਿੰਘ ਕਲਸੀ, ਸਭਾ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਊਂ ਨੇ ਪੰਜਾਬੀ ਨਾਵਲ ਪਰੰਪਰਾ ਵਿੱਚ ਆਵਾਸ ਤੇ ਪਰਵਾਸ ਦੇ ਮਸਲਿਆਂ ਸਬੰਧੀ ਨਕਸ਼ਦੀਪ ਪੰਜਕੋਹਾ ਨਾਲ ਸਵਾਲ ਜਵਾਬ ਕੀਤੇ। ਦੂਜੇ ਸੈਸ਼ਨ ਵਿੱਚ ਨਾਵਲਕਾਰ ਸੰਤਵੀਰ ਨੇ ਆਪਣੇ ਨਾਵਲਾਂ ਵਿੱਚ ਸੰਤਾਲੀ ਦੀ ਵੰਡ, ਔਰਤ ਮਰਦ ਭੇਦ-ਭਾਵ, ਪੰਜਾਬ ਸੰਕਟ ਅਤੇ ਪੂੰਜੀਵਾਦੀ ਪ੍ਰਬੰਧ ਨਾਲ ਪੈਦਾ ਮਸਲਿਆਂ ਬਾਰੇ ਦੱਸਿਆ। ਉਨ੍ਹਾਂ ਆਪਣੇ ਨਾਵਲਾਂ ਦੇ ਪਾਤਰਾਂ ਬਾਰੇ ਕਿਹਾ ਕਿ ਦਫ਼ਤਰੀ ਅਨੁਭਵ ਅਤੇ ਸਮਾਜਿਕ ਜ਼ਿੰਦਗੀ ਵਿੱਚੋਂ ਉਨ੍ਹਾਂ ਨੇ ਪਾਤਰਾਂ ਦੀ ਚੋਣ ਕੀਤੀ ਹੈ। ਸੰਤਵੀਰ ਨਾਲ ਡਾ. ਰਜਿੰਦਰ ਸਿੰਘ ਕੁਰਾਲੀ, ਗੁਰਮੀਤ ਸਿੰਘ ਸਿੰਗਲ, ਅਮਰਜੀਤ ਅਰਪਨ ਨੇ ਨਾਵਲ ਅਤੇ ਯਥਾਰਥ, ਬਿਰਤਾਂਤ ਦੀ ਭਾਸ਼ਾ, ਨਾਵਲ ਦੇ ਪ੍ਰੇਰਨਾ ਸੂਤਰ, ਕਥਾ ਅੰਦਰ ਕਲਪਨਾਤਮਿਕ ਅੰਸ਼ ਆਦਿ ਬਾਰੇ ਸੰਵਾਦ ਰਚਾਇਆ। ਨਾਵਲਕਾਰਾਂ ਨੇ ਆਪਣੇ ਨਾਵਲਾਂ ਦੇ ਵੱਖ ਵੱਖ ਪਹਿਲੂਆਂ ਬਾਰੇ ਅਤੇ ਪੰਜਾਬੀ ਨਾਵਲ ਪਰੰਪਰਾ ਦੇ ਪ੍ਰਸੰਗ ਵਿੱਚ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਰੁਪਿੰਦਰ ਰੁਪਾਲ ਕੌਲਗੜ੍ਹ, ਡਾ ਹਰਨੇਕ ਸਿੰਘ ਕਲੇਰ, ਬੁੱਧ ਸਿੰਘ ਨੀਲੋਂ, ਸਰੂਪ ਸਿਆਲਵੀ, ਸੁਖਵੀਰ ਸਿੰਘ, ਜਸਪਾਲ ਸਿੰਘ ਦੇਸੂਵੀ ਨੇ ਵੀ ਆਪਣੇ ਸੰਵਾਦ ਸੈਸ਼ਨ ਵਿੱਚ ਹਿੱਸਾ ਲਿਆ। ਸਮਾਰੋਹ ਦੌਰਾਨ ਮਲਕੀਤ ਸਿੰਘ ਨਾਗਰਾ, ਜੇ ਐੱਸ ਨਾਗਰਾ, ਰਾਜ ਕੁਮਾਰ ਮੋਰਿੰਡਾ, ਕਾਮਰੇਡ ਕਾਕਾ ਰਾਮ ਮੋਰਿੰਡਾ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਸਤਨਾਮ ਸਿੰਘ ਆਦਿ ਸਮੇਤ ਹੋਰ ਪਾਠਕ ਹਾਜ਼ਰ ਸਨ।
ਕੈਪਸ਼ਨ – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ ਕਰਵਾਏ ਗੋਸ਼ਟੀ ਸਮਾਰੋਹ ਮੌਕੇ ਹਾਜ਼ਰ ਨਾਵਲਕਾਰ ਨਕਸ਼ਦੀਪ ਪੰਜਕੋਹਾ, ਸੰਤਵੀਰ, ਕੋਆਰਡੀਨੇਟਰ ਡਾ ਜੇ ਬੀ ਸੇਖੋਂ, ਡਾ ਜਸਪਾਲ ਜੱਸੀ, ਮਨਮੋਹਨ ਸਿੰਘ ਦਾਊਂ ਤੇ ਹੋਰ।

Leave a Reply

Your email address will not be published. Required fields are marked *