ਰਾਜਪਾਲ ਨੇ ਸਾਹਿਤਕਾਰਾਂ ਨੂੰ ਸਾਹਿਤ ਰਾਹੀਂ ਸਮਾਜਿਕ ਸਦਭਾਵਨਾ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਈ:


ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਆਯੋਜਿਤ ਸਾਲਾਨਾ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਹਿਤ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਸਾਲ 2023 ਅਤੇ 2024 ਲਈ ਹਿੰਦੀ, ਪੰਜਾਬੀ, ਸੰਸਕ੍ਰਿਤ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਕੁੱਲ 8 ਸੀਨੀਅਰ ਸਾਹਿਤਕਾਰਾਂ ਨੂੰ “ਅਵਾਰਡ ਆਫ ਰਿਕਗਨੀਸ਼ਨ” ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਵੱਖ-ਵੱਖ ਸਾਹਿਤਕ ਵਿਧਾਵਾਂ ਅਤੇ ਭਾਸ਼ਾਵਾਂ ਵਿੱਚ 10 ਲੇਖਕਾਂ ਨੂੰ “ਸਰਵੋਤਮ ਪੁਸਤਕ ਪੁਰਸਕਾਰ 2024” ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ “ਪਾਂਡੁਲਿਪੀ 2025” ਸ਼੍ਰੇਣੀ ਤਹਿਤ 6 ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ 1 ਲੇਖਕ ਨੂੰ “ਯੁਵਾ ਪੁਰਸਕਾਰ” ਦਿੱਤਾ ਗਿਆ। ਅਕਾਦਮੀ ਨੇ ਪਹਿਲੀ ਵਾਰ “ਬਾਲ ਪੁਰਸਕਾਰ” ਦੀ ਵੀ ਸ਼ੁਰੂਆਤ ਕੀਤੀ, ਜਿਸ ਤਹਿਤ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਤਿੰਨ ਉਮਰ ਵਰਗਾਂ ਦੇ 15 ਬੱਚਿਆਂ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਟਾਰੀਆ ਨੇ ਸਾਹਿਤ ਨੂੰ ਕੇਵਲ ਸਮਾਜ ਦਾ ਦਰਪਣ ਹੀ ਨਹੀਂ, ਸਗੋਂ ਮਾਨਵਤਾ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਪ੍ਰਕਾਸ਼-ਸਤੰਭ ਦੱਸਿਆ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਕਵਿਤਾ ਨੇ ਸਦੀਆਂ ਤੋਂ ਵਿਅਕਤੀਆਂ ਅਤੇ ਸਮਾਜ ਨੂੰ ਪ੍ਰੇਰਿਤ ਕੀਤਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਗੇ, ਜੋ ਸਾਹਿਤ ਦੀ ਅਸਲ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਸਾਹਿਤ ਨੂੰ ਸਮਾਜ ਦਾ ਸੱਚਾ ਗਹਿਣਾ ਦੱਸਦਿਆਂ ਕਿਹਾ ਕਿ ਇਹ ਹਰ ਯੁੱਗ ਵਿੱਚ ਮਾਨਵਤਾ ਦਾ ਮਾਰਗਦਰਸ਼ਨ, ਪ੍ਰਬੋਧਨ ਅਤੇ ਪ੍ਰੇਰਨਾ ਕਰਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਰਾਸ਼ਟਰ ਦੀ ਅਸਲ ਸ਼ਕਤੀ ਉਸਦੇ ਨੈਤਿਕ ਮੁੱਲਾਂ, ਸੱਭਿਆਚਾਰਕ ਚੇਤਨਾ, ਸਾਹਿਤਕ ਅਮੀਰੀ ਅਤੇ ਬੌਧਿਕ ਗਹਿਰਾਈ ਵਿੱਚ ਨਿਹਿਤ ਹੁੰਦੀ ਹੈ। ਉਨ੍ਹਾਂ ਲੇਖਕਾਂ ਅਤੇ ਨੌਜਵਾਨ ਰਚਨਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਾਹਿਤਕ ਰਚਨਾਵਾਂ ਵਿੱਚ ਭਾਰਤੀ ਸੰਸਕ੍ਰਿਤੀ, ਸਮਾਜਿਕ ਸਦਭਾਵ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਕੇਂਦਰ ਵਿੱਚ ਰੱਖਣ। ਪ੍ਰਸ਼ਾਸਕ ਨੇ ਸਾਹਿਤ, ਭਾਸ਼ਾਵਾਂ ਅਤੇ ਸੱਭਿਆਚਾਰ ਦੇ ਸੰਵਰਧਨ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕੀਤੇ ਜਾ ਰਹੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਕਾਦਮੀ ਹਿੰਦੀ, ਪੰਜਾਬੀ, ਸੰਸਕ੍ਰਿਤ, ਉਰਦੂ ਅਤੇ ਅੰਗਰੇਜ਼ੀ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਨਾਲ਼ ਨਾਲ਼ ਅਨੁਵਾਦ, ਪ੍ਰਕਾਸ਼ਨ, ਗੋਸ਼ਟੀਆਂ ਤੇ ਯੁਵਾਵਾਂ ਦੀ ਸ਼ਮੂਲੀਅਤ ਨੂੰ ਨਿਰੰਤਰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਲਮ ਦਾ ਉਦੇਸ਼ ਸਮਾਜ ਨੂੰ ਜੋੜਨਾ ਹੋਣਾ ਚਾਹੀਦਾ ਹੈ, ਤੋੜਨਾ ਨਹੀਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਹਿਤ ਨੂੰ ਸਮਾਜਿਕ ਮੁੱਲਾਂ ਤੇ ਜਨਸਭਾਵਾਂ ਪ੍ਰਤੀ ਸੰਵੇਦਨਸ਼ੀਲਤਾ ਬਣਾਈ ਰੱਖਣ ਲਈ ਸਾਕਾਰਤਮਿਕ ਤੇ ਸਮਰਥ ਵਿਚਾਰਕ ਸੰਵਾਦ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਪ੍ਰਸ਼ਾਸਕ ਨੇ ਯੁਵਾ ਪੀੜ੍ਹੀ ਤੋਂ ਸੋਸ਼ਲ ਮੀਡੀਆ ਉੱਤੇ ਸਤਹੀ ਗਿਆਨ ਤੱਕ ਸੀਮਤ ਨਾ ਰਹਿ ਕੇ ਪੁਸਤਕਾਂ ਅਤੇ ਮਹਾਨ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਨ ਦੀ ਆਦਤ ਨੂੰ ਵਿਕਸਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਡਿਜ਼ੀਟਲ ਯੁੱਗ ਵਿੱਚ ਸਾਹਿਤਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਯੁਵਾਵਾਂ ਨੂੰ ਪਠਨ ਸੰਸਕ੍ਰਿਤੀ ਦਾ ਪੁਨਰ-ਸਿਰਜਣ ਤੇ ਸਸ਼ਕਤ ਬਣਾਉਣ। ਇਸ ਮੌਕੇ ਸੰਸਕ੍ਰਿਤਕ ਸਕੱਤਰ ਡਾ. ਸਈਅਦ ਰਸ਼ੀਦ ਸ਼ਾਹ, ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ, ਸਨਮਾਨਿਤ ਸਾਹਿਤਕਾਰ, ਮਹਿਮਾਨ, ਲੇਖਕ, ਸਿੱਖਿਆ ਸ਼ਾਸਤਰੀ ਵਿਦਿਆਰਥੀ ਅਤੇ ਵੱਖ ਵੱਖ ਭਾਸ਼ਾਵਾਂ ਨਾਲ਼ ਜੁੜੇ ਸਾਹਿਤ ਪ੍ਰੇਮੀ ਹਾਜ਼ਰ ਸਨ।

