Breaking
www.sursaanjh.com > Uncategorized > ਸਰੂਪ ਸਿਆਲ਼ਵੀ ਦੇ ਕਹਾਣੀ ਸੰਗ੍ਰਹਿ ਕਾਲ ਕਾਲਾਂਤਰ ‘ਤੇ ਹੋਈ ਵਿਚਾਰ ਚਰਚਾ

ਸਰੂਪ ਸਿਆਲ਼ਵੀ ਦੇ ਕਹਾਣੀ ਸੰਗ੍ਰਹਿ ਕਾਲ ਕਾਲਾਂਤਰ ‘ਤੇ ਹੋਈ ਵਿਚਾਰ ਚਰਚਾ

ਸਰੂਪ ਸਿਆਲ਼ਵੀ ਦੇ ਕਹਾਣੀ ਸੰਗ੍ਰਹਿ ਕਾਲ ਕਾਲਾਂਤਰ ‘ਤੇ ਹੋਈ ਵਿਚਾਰ ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜੂਨ:

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ ਵਿਖੇ ਸਰੂਪ ਸਿਆਲ਼ਵੀ ਦੇ ਕਹਾਣੀ ਸੰਗ੍ਰਹਿ ਕਾਲ ਕਾਲਾਂਤਰ ‘ਤੇ ਵਿਚਾਰ ਚਰਚਾ ਕਰਵਾਈ ਗਈ ਹੈ। ਪ੍ਰਧਾਨਗੀ ਮੰਡਲ ਵਿੱਚ ਡਾ. ਸਰਬਜੀਤ ਸਿੰਘ, ਕਿਰਪਾਲ ਕਜ਼ਾਕ, ਡਾ. ਜੇ.ਬੀ. ਸੇਖੋਂ, ਡਾ. ਹਰਪ੍ਰੀਤ ਕੌਰ ਅਤੇ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਸ਼ਾਮਿਲ ਹੋਏ। ਇਸ ਮੌਕੇ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅਕਾਦਮੀ ਦੇ ਟੀਚੇ ਅਨੁਸਾਰ ਲੁਧਿਆਣਾ ਤੋਂ ਬਾਹਰ ਬਾਕੀ ਥਾਵਾਂ ‘ਤੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਸਰੂਪ ਸਿਆਲ਼ਵੀ ਦੀ ਪੁਸਤਕ ‘ਤੇ ਚਰਚਾ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਦਮੀ ਵੱਲੋਂ ਕਰੀਬ 21 ਕਿਤਾਬਾਂ ਸਬੰਧੀ ਗੋਸ਼ਟੀ ਕਰਵਾਈ ਗਈ ਹੈ। ‘ਕਾਲ ਕਾਲਾਂਤਰ’ ਬਾਰੇ ਚਰਚਾ ਛੇੜਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਇਤਿਹਾਸ-ਮਿਥਿਹਾਸ ਦੀਆਂ ਪਰਤਾਂ ਫਰੋਲਦੀਆਂ ਕਹਾਣੀਆਂ ਦੀ ਸਿਰਜਣਾ ਵਿੱਚ ਸਰੂਪ ਸਿਆਲ਼ਵੀ ਦਾ ਨਾਂ ਮਨਮੋਹਨ ਬਾਵਾ ਅਤੇ ਪ੍ਰੇਮ ਪ੍ਰਕਾਸ਼ ਤੋਂ ਬਾਅਦ ਆ ਜੁੜਦਾ ਹੈ। ਡਾ. ਜੇ.ਬੀ. ਸੇਖੋਂ ਨੇ ਕਿਹਾ ਕਿ ਸਰੂਪ ਸਿਆਲ਼ਵੀ ਦੀਆਂ ਲੰਬੀਆਂ ਕਹਾਣੀਆਂ ਭਾਰਤੀ ਇਤਿਹਾਸ-ਮਿਥਿਹਾਸ ਦੀਆਂ ਡੂੰਘੀਆਂ ਪਰਤਾਂ ਫਰੋਲਦੀਆਂ ਹਨ, ਬੇਸ਼ੱਕ ਇਹ ਕਲਾ ਪੱਖ ਤੋਂ ਕਮਜ਼ੋਰ ਹੀ ਹੋਣ। ਉਨ੍ਹਾਂ ਕਹਾਣੀ ਅਤੇ ਨਾਵਲ ਦੀ ਤੁਲਨਾ ਟੱਬਰ ਅਤੇ ਕਬੀਲੇ ਦੀ ਉਦਾਹਰਨ ਨਾਲ਼ ਕਰਦਿਆਂ ਭਾਵਪੂਰਤ ਮੁੱਦੇ ਉਠਾਏ। ਦੂਜਾ ਖੋਜ ਪੱਤਰ ਪੜ੍ਹਦਿਆਂ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਭਾਰਤੀ ਸਮਾਜ ਵਿੱਚ ਜਾਤ ਅਤੇ ਪਿੱਤਰ ਸੱਤ੍ਹਾ ਦੇ ਮਹੱਤਵਪੂਰਨ ਪਹਿਲੂ ਮਨੁੱਖੀ ਜੀਵਨ ਸਬੰਧਾਂ ਤੇ ਸਮਾਜਿਕ ਪਛਾਣ ਨੂੰ ਨਿਰਧਾਰਤ ਕਰਦੇ ਹਨ।

ਉੱਘੇ ਕਹਾਣੀਕਾਰ, ਨਾਵਲਕਾਰ ਤੇ ਚਿੰਤਕ ਕਿਰਪਾਲ ਕਜ਼ਾਕ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੀ ਤਿੱਖੀ, ਬੇਕਿਰਕ ਤੇ ਤੇਜ਼ਾਬੀ ਧਾਰ ਰੱਖਦਿਆਂ ਕਿਸੇ ਵੀ ਖੇਤਰ ਵਿੱਚ ਵਿਚਰ ਰਹੇ ਲੇਖਕਾਂ ਦੀ ਲੇਖਣੀ ਬਾਰੇ ਬੇਬਾਕ ਤੇ ਬੇਲਿਹਾਜ਼ ਟਿੱਪਣੀਆਂ ਕੀਤੀਆਂ। ਸਰੂਪ ਸਿਆਲ਼ਵੀ ਦੇ ਕਹਾਣੀ ਸੰਗ੍ਰਹਿ ਕਾਲ ਕਾਲਾਂਤਰ ਦੇ ਹਵਾਲੇ ਨਾਲ਼ ਭਾਰਤੀ ਇਤਿਹਾਸ ਮਿਥਿਹਾਸ ਵਿੱਚ ਜਾਤ-ਪਾਤ ਦੇ ਕੋਹੜ ਨੂੰ ਸਦੀਆਂ ਤੋਂ ਬਰਕਰਾਰ ਰੱਖਣ ਵਾਲ਼ੀਆਂ ਧਿਰਾਂ ਨੂੰ ਕਰਾਰੇ ਹੱਥੀਂ ਲਿਆ। ਉਨ੍ਹਾਂ ਆਪ-ਬੀਤੀ ਸੁਣਾਉਂਦਿਆਂ ਕਿਹਾ ਕਿ ਕਿਸੇ ਸਮਾਗਮ ਵਿੱਚ ਇੱਕ ਵੱਡੇ ਵਿਦਵਾਨ ਵੱਲੋਂ ਕਹੇ ਗਏ ਸ਼ਬਦ ‘ਤੂੰ ਕਿਨ੍ਹਾਂ ਵਿਚੋਂ ਏਂ’ ਪੀੜ ਅੱਜ ਵੀ ਮਹਿਸੂਸ ਹੁੰਦੀ ਹੈ। ਸਰੂਪ ਸਿਆਲ਼ਵੀ ਨੇ ਵਿਦਵਾਨਾਂ ਵੱਲੋਂ ਪੇਸ਼ ਕੀਤੇ ਵਿਚਾਰਾਂ ਅਤੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਕਰਦਿਆਂ ਡਾ. ਗੁਰਮੇਲ ਸਿੰਘ ਨੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਉਨ੍ਹਾਂ ਆਏ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *