Breaking
www.sursaanjh.com > ਅੰਤਰਰਾਸ਼ਟਰੀ > ਸ਼ਿਵਾਲਿਕ ਟੀਵੀ ਚੈਨਲ ਵੱਲੋਂ ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਸਿਤਾਰਿਆਂ ਦਾ ਕੀਤਾ ਸਨਮਾਨ

ਸ਼ਿਵਾਲਿਕ ਟੀਵੀ ਚੈਨਲ ਵੱਲੋਂ ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਸਿਤਾਰਿਆਂ ਦਾ ਕੀਤਾ ਸਨਮਾਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਜੂਨ:

ਬੀਤੇ ਦਿਨੀਂ ਸਿਵਾਲਿਕ ਟੀ ਵੀ ਚੈਨਲ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਿਤਾਰਿਆਂ ਦਾ ਕੈਨੇਡਾ ਦੀ ਧਰਤੀ ‘ਤੇ ਇੰਡੀਅਨ ਐਕਸ-ਸਰਵਿਮੈਨ ਇੰਮੀਗਰਾਂਟ ਐਸੋਸੀਏਸ਼ਨ ਹਾਲ ਵਿੱਚ ਇੰਡੋ-ਕੈਨੇਡੀਅਨ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਤੱਗੜ ਦੀ ਪ੍ਰਧਾਨਗੀ ਹੇਠ ਵਿਸ਼ਾਲ ਸਨਮਾਨ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਦੇ ਤੌਰ ‘ਤੇ ਜਨਾਬ ਇਰਫਾਨ ਸਬੀਰ ਐਮਐਲਏ ਕੈਲਗਰੀ, ਵਿਸ਼ੇਸ਼ ਮਹਿਮਾਨ ਗੁਰਿੰਦਰ ਸਿੰਘ ਬਰਾੜ ਐਮਐਲਏ ਅਤੇ ਭਾਰਤ ਤੋਂ ਆਏ ਸ਼ਿਵਾਲਿਕ ਟੀਵੀ ਚੈਨਲ ਦੇ ਚੀਫ ਐਡੀਟਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਉੱਘੀ ਸਾਹਿਤਕਾਰਾ ਗੁਰਚਰਨ ਕੌਰ ਥਿੰਦ ਵੀ ਸ਼ਾਮਿਲ ਹੋਏ। ਜਨਾਬ ਇਰਫਾਨ ਸਬੀਰ ਨੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕੈਨੇਡਾ ਸਰਕਾਰ ਵੱਲੋਂ ਸੀਨੀਅਰਜ਼ ਨੂੰ ਦਿਤੀਆਂ ਜਾ ਰਹੀਆਂ ਸਹੁਲਤਾਂ ਦੀ ਸਰਾਹਨਾ ਕੀਤੀ ਅਤੇ ਅਲਬਰਟਾ ਅਸੈਂਬਲੀ ਵਿੱਚ ਦਿੱਤੇ ਜਾ ਰਹੇ ਸਾਥ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਿੰਦਰ ਸਿੰਘ ਬਰਾੜ ਐਮਐਲਏ ਨੇ ਕਿਹਾ ਕਿ ਅਸੀਂ ਸੱਤ ਸਮੁੰਦਰੋਂ ਪਾਰ ਆ ਕੇ ਪਹਿਲਾਂ ਆਪਣੀ ਰੋਜ਼ੀ-ਰੋਟੀ ਕਮਾਈ, ਫਿਰ ਰਾਜਨੀਤੀ ਵਿੱਚ ਆ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ। ਉਹਨਾਂ ਅੱਗੇ ਕਿਹਾ ਕਿ ਸਾਨੂੰ ਏਥੋਂ ਦੇ ਮੂਲ ਨਿਵਾਸੀਆਂ ਦਾ ਵੀ ਡਟ ਕੇ ਸਾਥ ਦੇਣਾ ਚਾਹੀਦਾ ਹੈ ਅਤੇ ਆਪਣੇ ਸਭਿਆਚਾਰ ਖਾਸ ਕਰਕੇ ਪੰਜਾਬੀਅਤ ’ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਨੈਸ਼ਨਲ ਮੀਡੀਆ ਗਰਾਉਂਡ ਰਿਐਲਟੀ ਨਹੀਂ ਦਿਖਾ ਰਿਹਾ, ਉੱਥੇ ਸੋਸ਼ਲ ਮੀਡੀਆ ਗਰਾਉਂਡ ਰਿਐਲਟੀ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਰਿਹਾ ਹੈ।

ਉੱਘੀ ਲੇਖਕਾ ਗੁਰਚਰਨ ਕੌਰ ਥਿੰਦ ਨੇ ਕਿਹਾ ਕਿ ਕੈਨੇਡਾ ਮਲਟੀਕਲਚਰ ਦੇਸ਼ ਹੈ। ਏਥੇ ਵੱਖੋ ਵੱਖ ਦੇਸ਼ਾਂ ਦੇ ਲੋਕ ਰਹਿੰਦੇ ਹਨ, ਜਿੱਥੇ ਪੰਜਾਬੀ ਵੀ ਭਾਰੀ ਗਿਣਤੀ ਵਿੱਚ ਰਹਿੰਦੇ ਹਨ। ਪੰਜਾਬੀ ਸਭਿਆਚਾਰ ਵੀ ਕਿਸੇ ਤੋਂ ਘੱਟ ਨਹੀਂ। ਉੱਘੀ ਸਾਹਿਤਕਾਰਾ ਗੁਰਦੀਸ਼ ਕੌਰ ਗਰੇਵਾਲ ਨੇ ਕਿਹਾ ਕਿ ਪੰਜਾਬੀਆਂ ਨੂੰ ਚੰਗੀਆਂ ਅਤੇ ਮਿਆਰੀ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਭਾਰਤ ਤੋਂ ਆਏ ਸ਼ਿਵਾਲਿਕ ਟੀਵੀ ਚੈਨਲ ਦੇ ਚੀਫ ਐਡੀਟਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਉੱਥੇ ਅੰਗਰੇਜ਼ੀ, ਹਿੰਦੀ ਅਤੇ ਉਰਦੂ ਆਦਿ ਭਾਸ਼ਾਵਾਂ ਨਾਲ ਵੀ ਸਾਡਾ ਗਹਿਰਾ ਰਿਸ਼ਤਾ ਹੈ। ਸਾਨੂੰ ਸਾਰੀਆਂ ਭਾਸ਼ਾਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਵੀ ਵਿਦੇਸ਼ਾਂ ਵਿੱਚ ਪੰਜਾਬੀ ਜਾਂਦੇ ਹਨ, ਉਥੇ ਹੀ ਆਪਣੇ ਸਭਿਆਚਾਰ ਦੇ ਝੰਡੇ ਬੁਲੰਦ ਕਰਦੇ ਹਨ। ਉਨ੍ਹਾਂ ਵਧੀਆ ਲੇਖਕਾਂ ਦੀਆਂ ਪੁਸਤਕਾਂ ਕੈਨੇਡਾ ਦੀਆਂ ਲਾਇਬਰੇਰੀਆਂ ਵਿੱਚ ਰੱਖਣ ‘ਤੇ ਜ਼ੋਰ ਦਿਤਾ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸੁਖਵਿੰਦਰ ਤੂਰ, ਗੁਰਦੀਸ਼ ਕੌਰ ਗਰੇਵਾਲ, ਗੁਰਦੀਪ ਸਿੰਘ ਧਾਲੀਵਾਲ, ਜਸਬੀਰ ਸਿੰਘ ਸਹੋਤਾ, ਡਾ. ਹਰਮਿੰਦਰਪਾਲ ਸਿੰਘ, ਮਾ. ਗੁਰਮੇਲ ਸਿੰਘ, ਜਸਵੰਤ ਸਿੰਘ ਸੇਖੋਂ, ਸਰਬਜੀਤ ਕੌਰ ਉਪਲ, ਜਰਨੈਲ ਤੱਗੜ, ਮੋਹਨ ਸਿੰਘ ਪਪਰਾਲਾ ਅਤੇ ਸੁਭਾਸ਼ ਸ਼ਰਮਾ ਆਦਿ ਸਹਿਤਕਾਰਾਂ ਨੇ ਆਪੋ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਆਖਰ ਵਿੱਚ ਸ਼ਿਵਾਲਿਕ ਟੀਵੀ ਚੈਨਲ ਵੱਲੋਂ ਉੱਘੀਆਂ ਸ਼ਖਸੀਅਤਾਂ ਤੇ ਪੰਜਾਬੀ ਸਿਤਾਰਿਆਂ ਦਾ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਉੱਘੇ ਪੱਤਰਕਾਰ ਪਰਮਜੀਤ ਸਿੰਘ ਭੰਗੂ ਅਤੇ ਸੁਭਾਸ਼ ਸ਼ਰਮਾ ਨੇ ਨਿਭਾਈ।। ਡਾ. ਹਰਮਿੰਦਰਪਾਲ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *