ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੂਨ:


ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੇ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾ ਦੇ ਅਧਿਕਾਰਾਂ ਵਿਸ਼ੇ ‘ਤੇ ਸੈਮੀਨਾਰ, ਪੁਸਤਕ ਪ੍ਰਦਰਸ਼ਨੀ ਅਤੇ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸਨ। ਵਿਸ਼ੇਸ਼ ਮਹਿਮਾਨ ਵਜੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਜਰਨਲ ਕੌਂਸਲ ਮੈਂਬਰ ਜਗਦੀਪ ਸਿੱਧੂ ਹਾਜ਼ਰ ਰਹੇ। ਸਾਰੇ ਮਹਿਮਾਨਾਂ ਨੇ ਦੀਪ ਪ੍ਰਜਵਲਿਤ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਸ਼ਾਮੀਂ ਸ਼ੁਰੂ ਹੋਏ ਪਹਿਲੇ ਸੈਸ਼ਨ ਵਿੱਚ ਸਿਰਜਣਹਾਰਾਂ ਦੇ ਅਧਿਕਾਰਾਂ ਬਾਰੇ ਸੈਮੀਨਾਰ ਹੋਇਆ, ਜਿਸ ਵਿੱਚ ਕਲਾਕਾਰਾਂ, ਲੇਖਕਾਂ ਅਤੇ ਸ਼ਾਇਰਾਂ ਦੇ ਬੌਧਿਕ ਸੰਪਤੀ ਅਧਿਕਾਰਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਲੱਗੀ ਕਲਾ ਅਤੇ ਪੁਸਤਕ ਪ੍ਰਦਰਸ਼ਨੀ ਵੀ ਖਾਸ ਖਿੱਚ ਦਾ ਕੇਂਦਰ ਰਹੀ।
ਮੁਸ਼ਾਇਰੇ ਅਤੇ ਕਵੀ ਦਰਬਾਰ ਵਿੱਚ ਦੇਸ਼ ਦੇ ਨਾਮਵਰ ਸ਼ਾਇਰਾਂ ਅਤੇ ਕਵੀਆਂ ਨੇ ਆਪਣੀ ਰਚਨਾਤਮਕ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਮੁਕੇਸ਼ ਆਲਮ, ਸ਼ਮਸ ਤਬਰੈਜ਼ੀ, ਮੁਸੱਵਿਰ ਫਿਰੋਜ਼ਪੁਰੀ, ਵਿਜੈ ਅਖ਼ਤਰ, ਮਹਿੰਦਰ ਕੁਮਾਰ ਸਾਨੀ, ਸ਼ਮਸ਼ੇਰ ਸਾਹਿਲ, ਰਜਨੀਸ਼ ਕੁਮਾਰ, ਮਹੇਸ਼ਵਰ ਸਿੰਘ, ਸਿਮਰ ਗੋਜ਼ਰਾ ਜ਼ਹੀਨ, ਰੇਖਾ ਮਿੱਤਲ, ਕੁਸੁਮ ਧੀਮਾਨ ਕਲਿਕਾ, ਨੀਤੀ ਸਕਸੇਨਾ ਮਯੂਰੀ, ਮਾਸਟਰ ਹੈਰੀ ਅਤੇ ਸਾਰਥਕ ਸਮੇਤ ਕਈ ਰਚਨਾਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜ਼ਿੰਦਗੀ, ਰੂਹਾਨੀਅਤ ਅਤੇ ਸਮਕਾਲੀ ਮਸਲਿਆਂ ‘ਤੇ ਆਧਾਰਿਤ ਕਵਿਤਾਵਾਂ ਅਤੇ ਸ਼ਿਅਰਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ। ਦੇਰ ਰਾਤ ਤੱਕ ਚੱਲਿਆ ਇਹ ਸਮਾਗਮ ਬੇਹੱਦ ਸਫਲ ਰਿਹਾ। ‘ਸ਼ੇਰਿਯਤ’ ਸੰਸਥਾ ਨੇ ਸਾਰੇ ਸਰੋਤਿਆਂ, ਕਲਾ ਪ੍ਰੇਮੀਆਂ ਅਤੇ ਦੂਰ-ਦੁਰਾਡੇ ਤੋਂ ਪਹੁੰਚੇ ਸ਼ਾਇਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੇ ਹੀ ਸਾਲ ਮਿਲੇ ਇਸ ਪਿਆਰ ਅਤੇ ਸਹਿਯੋਗ ਨਾਲ ਉਹ ਭਵਿੱਖ ਵਿੱਚ ਵੀ ਅਜਿਹੇ ਉੱਚ ਪੱਧਰੀ ਅਦਬੀ ਸਮਾਗਮ ਕਰਵਾਉਂਦੇ ਰਹਿਣਗੇ।

