ਹਰਬੰਸ ਸੋਢੀ ਦੀ ਵਾਰਤਕ ਪੁਸਤਕ ‘ਉਫ਼ ਇਹ ਜ਼ਿੰਦਗੀ’ ਦਾ ਹੋਇਆ ਲੋਕ ਅਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ :


ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਇੱਕ ਭਰਵੇਂ ਸਮਾਗਮ ਦੌਰਾਨ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਉੱਘੇ ਲੇਖਕ ਅਤੇ ਪੱਤਰਕਾਰ ਹਰਬੰਸ ਸੋਢੀ ਦੀ ਪੰਜਾਬੀ ਤੇ ਹਿੰਦੀ ਵਾਰਤਕ ਪੁਸਤਕ ‘ਉਫ਼ ਇਹ ਜ਼ਿੰਦਗੀ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕੀਤੀ ਅਤੇ ਸੁਭਾਸ਼ ਭਾਸਕਰ ਇਸ ਮੌਕੇ ਮੁੱਖ ਮਹਿਮਾਨ ਸਨ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਹਰਬੰਸ ਸੋਢੀ ਕਮਾਲ ਦਾ ਲੇਖਕ ਹੈ ਜੋ ਵੱਡੇ ਤੋਂ ਵੱਡਾ ਕਟਾਕਸ਼ ਵੀ ਸਹਿਜ ਰੂਪ ਵਿੱਚ ਕਰ ਜਾਂਦਾ ਹੈ। ਉਨ੍ਹਾਂ ਲੇਖਕ ਨੂੰ ਪੁਸਤਕ ਦੀ ਵਧਾਈ ਦਿੰਦਿਆਂ ਸਭਾ ਵੱਲੋਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਜ਼ਿੰਦਗੀ ਦੀਆਂ ਉਨ੍ਹਾਂ ਤਲਖ਼ ਹਕੀਕਤਾਂ ਤੋਂ ਜਾਣੂੰ ਕਰਵਾਉਂਦੀ ਹੈ ਜੋ ਅਕਸਰ ਸਾਡੀ ਨਜ਼ਰ ਤੋਂ ਓਹਲੇ ਰਹਿ ਜਾਂਦੀਆਂ ਨੇ। ਡਾ. ਅਵਤਾਰ ਸਿੰਘ ਪਤੰਗ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਿਤਾਬ ਦਾ ਥੀਮ ਬਾਕਮਾਲ ਹੈ ਤੇ ਇਸ ਦੀ ਤਰਤੀਬਵਾਰ ਸਿਰਜਣਾ ਲਈ ਲੇਖਕ ਵਧਾਈ ਦਾ ਪਾਤਰ ਹੈ। ਇਹ ਕਿਤਾਬ ਪਾਠਕ ਨੂੰ ਜ਼ਿੰਦਗੀ ਦੇ ਕੌੜੇ ਅਤੇ ਮਿੱਠੇ ਅਨੁਭਵਾਂ ਦੇ ਰੂਬਰੂ ਕਰਾਉਂਦੀ ਹੈ। ਹਿੰਦੀ ਵਾਲੀ ਪੁਸਤਕ ਦਾ ਪਰਚਾ ਪੜ੍ਹਦਿਆਂ ਡਾ. ਸੱਤਿਆਪਾਲ ਸਹਿਗਲ ਨੇ ਕਿਹਾ ਕਿ ਇਹ ਕਿਤਾਬ ਸਮਾਜਿਕ ਜੀਵਨ ਦੀਆਂ ਵੱਖ-ਵੱਖ ਪਰਤਾਂ ਨੂੰ ਫਰੋਲਦੀ ਹੋਈ ਸਚਾਈ ਪਾਠਕਾਂ ਦੇ ਸਨਮੁੱਖ ਰੱਖਦੀ ਹੈ। ਮੁੱਖ ਮਹਿਮਾਨ ਵੱਜੋਂ ਬੋਲਿਦਆਂ ਸੁਭਾਸ਼ ਭਾਸਕਰ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦੀ ਹੈ ਅਤੇ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਇਸ ਨੂੰ ਕਿਤੋਂ ਵੀ ਖੋਲ੍ਹ ਕੇ ਪੜ੍ਹ ਸਕਦੇ ਹੋ। ਇਸਦੀ ਰੌਚਿਕਤਾ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ।
ਪ੍ਰਧਾਨਗੀ ਭਾਸ਼ਨ ਦੌਰਾਨ ਬੋਲਦਿਆਂ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਕਿਸੇ ਵੀ ਲਿਖਤ ਵਿੱਚ ਲੇਖਕ ਦੀ ਵੇਦਨਾ ਅਤੇ ਸੰਵੇਦਨਾ ਦਾ ਹੋਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ‘ਤੇ ਤਬਸਰਾ ਕਰਦੀ ਹੈ ਇਹ ਕਿਤਾਬ। ਇਹ ਕਿਤਾਬ ਪਾਠਕ ਨੂੰ ਬੀਤੇ ਸਮੇਂ ਨਾਲ ਜੋੜਦੀ ਹੋਈ ਵਰਤਮਾਨ ਦੀ ਗੱਲ ਕਰਦਿਆਂ ਭਵਿੱਖ ਬਾਰੇ ਵੀ ਸੁਚੇਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚੋਂ ਦਾਰਸ਼ਨਿਕਤਾ ਦੇ ਦਰਸ਼ਨ ਹੁੰਦੇ ਹਨ। ਅਜਿਹਿਆਂ ਪੁਸਤਕਾਂ ਬਾਰੇ ਸਾਹਿਤ ਵਿੱਚ ਚਰਚਾ ਲਗਾਤਾਰ ਹੋਣੀ ਚਾਹੀਦੀ ਹੈ। ਸਭਾ ਦੇ ਸਾਬਕਾ ਪ੍ਰਧਾਨ ਬਲਕਾਰ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਲੇਖਕ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਮਨਜੀਤ ਕੌਰ ਮੀਤ, ਸ਼ਾਇਰ ਵਿੰਦਰ ਮਾਝੀ, ਦਲਜੀਤ ਸਿੰਘ ਪਲਸੌਰਾ, ਦਲਜੀਤ ਕੌਰ ਦਾਊਂ, ਡਾ. ਗੁਰਦੇਵ ਸਿੰਘ ਗਿੱਲ, ਹਰਭਜਨ ਕੌਰ ਢਿੱਲੋਂ, ਸ਼ਾਮ ਸਿੰਘ ਅੰਗ ਸੰਗ, ਗੁਰਦਰਸ਼ਨ ਸਿੰਘ ਮਾਵੀ, ਜਗਦੀਪ ਕੌਰ ਨੂਰਾਨੀ, ਨਾਟਕਕਾਰ ਦਵਿੰਦਰ ਦਮਨ, ਏਜਲ ਕੌਰ, ਆਰ ਐਸ ਲਬਰੇਟ, ਹਰਜੀਤ ਸਿੰਘ, ਡਾ. ਪੰਨਾ ਲਾਲ ਮੁਸਤਫਾਬਾਦੀ, ਧਿਆਨ ਸਿੰਘ ਕਾਹਲੋਂ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਮੌਜੂਦ ਸਨ।

